ਜਲੰਧਰ ’ਚ ‘ਬਾਬਾ ਨਾਨਕ’ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ, ਸੰਗਤ ਦਾ ਉਮੜਿਆ ਸੈਲਾਬ
Wednesday, Nov 17, 2021 - 06:04 PM (IST)
ਜਲੰਧਰ (ਵੈੱਬ ਡੈਸਕ, ਸੋਨੂੰ)— ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਜਲੰਧਰ ’ਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਪੂਰਾ ਜਲੰਧਰ ਸ਼ਹਿਰ ਖਾਲਸਾਈ ਰੰਗ ’ਚ ਰੰਗਿਆ ਨਜ਼ਰ ਆਇਆ। 5 ਪਿਆਰਿਆਂ ਦੀ ਅਗਵਾਈ ’ਚ ਸਜਾਇਆ ਗਿਆ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਏ ਸ਼ਾਮ 8 ਵਜੇ ਦੇ ਕਰੀਬ ਗੁਰਦੁਆਰਾ ਸ੍ਰੀ ਦੀਵਨ ਅਸਥਾਨ ਸੈਂਟਰਲ ਟਾਊਨ ਵਿਖੇ ਸਮਾਪਤ ਹੋਵੇਗਾ।
ਇਸ ਮੌਕੇ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਇਕੱਠੇ ਹੋਏ ਸਿੰਘ ਭਰਾਵਾਂ, ਧਾਰਮਿਕ ਜਥੇਬੰਦੀਆਂ, ਇਸਤਰੀ ਕੀਰਤਨ ਸਤਿਸੰਗ ਸਭਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਦੇ ਨਾਲ-ਨਾਲ ਗੁਰਬਾਣੀ ਦਾ ਜਾਪ ਕਰਦੇ ਹੋਏ ਪੈਦਲ ਚੱਲਣ।
ਇਹ ਵੀ ਪੜ੍ਹੋ: ਕਰਤਾਰਪੁਰ ਸਾਹਿਬ ਜਾਣ ਲਈ ਕਿਵੇਂ ਕਰੀਏ ਅਪਲਾਈ, ਕਿੰਨੇ ਲੱਗਣਗੇ ਪੈਸੇ, ਜਾਣੋ ਪੂਰੀ ਪ੍ਰਕਿਰਿਆ
ਇਸ ਦੌਰਾਨ ਸੰਗਤ ‘ਬੋਲੇ ਸੌ ਨਿਹਾਲ, ਸਤਿ ਸ੍ਰੀ ਅਕਾਲ’ ਜੀ ਦੇ ਜੈਕਾਰੇ ਲਾਉਂਦੇ ਹੋਏ ਗੁਰਬਾਣੀ ਦਾ ਜਾਪ ਕਰਦਿਆਂ ਅੱਗੇ ਵੱਧਦੀ ਗਈ। ਇਸ ਮੌਕੇ ਵੱਖ-ਵੱਖ ਸੁਸਾਇਟੀਆਂ ਵੱਲੋਂ ਲੰਗਰ ਦੀ ਵਿਵਸਥਾ ਵੀ ਕੀਤੀ ਗਈ। ਨਗਰ ਕੀਰਤਨ ਦੇ ਸੁਆਗਤ ਲਈ ਫੁੱਲਾਂ ਦੀ ਵਰਖਾ ਵੀ ਕੀਤੀ ਗਈ।
ਇਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਗਏ ਨਗਰ ਕੀਰਤਨ ਕਾਰਨ ਟਰੈਫਿਕ ਪੁਲਸ ਨੇ ਕਈ ਚੌਰਾਹਿਆਂ ਅਤੇ ਰਸਤਿਆਂ ਨੂੰ ਡਾਇਵਰਟ ਕੀਤਾ ਹੈ। ਨਗਰ ਕੀਰਤਨ ਕਾਰਨ ਕਪੂਰਥਲਾ ਜਾਣ ਵਾਲੀਆਂ ਬੱਸਾਂ ਅਤੇ ਹੈਵੀ ਵਾਹਨ ਪੀ. ਏ. ਪੀ. ਚੌਕ ਤੋਂ ਕਰਤਾਰਪੁਰ ਅਤੇ ਫਿਰ ਕਪੂਰਥਲਾ ਪਹੁੰਚ ਰਹੇ ਹਨ।
ਟਰੈਫਿਕ ਪੁਲਸ ਵੱਲੋਂ ਨਗਰ ਕੀਰਤਨ ਕਾਰਨ ਸ਼ਾਸਤਰੀ ਮਾਰਕੀਟ ਚੌਂਕ, ਅਲਾਸਕਾ ਚੌਂਕ, ਟੀ-ਪੁਆਇੰਟ ਰੇਲਵੇ ਸਟੇਸ਼ਨ, ਦੋਮੋਰੀਆ ਪੁਲ, ਕਿਸ਼ਨਪੁਰਾ ਚੌਂਕ, ਦੋਆਬਾ ਚੌਂਕ, ਪਟੇਲ ਚੌਂਕ, ਕਪੂਰਥਲਾ ਚੌਕ, ਚਿਕ ਚਿਕ ਹਾਊਸ ਚੌਂਕ, ਫੁੱਟਬਾਲ ਚੌਕ, ਅੰਬੇਡਕਰ ਚੌਂਕ (ਨਕੋਦਰ ਚੌਕ), ਸਕਾਈਲਾਰਕ ਚੌਂਕ ਅਤੇ ਨਾਮਦੇਵ ਚੌਂਕ ਤੋਂ ਡਾਇਵਰਸ਼ਨ ਦਿੱਤਾ ਗਿਆ ਹੈ। ਲੋਕਾਂ ਲਈ ਟਰੈਫਿਕ ਪੁਲਸ ਵੱਲੋਂ ਹੈਲਪਲਾਈਨ ਨੰਬਰ 0181-2227296, 98763-00923 ਵੀ ਜਾਰੀ ਕੀਤਾ ਗਿਆ ਹੈ। ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 17 ਨਵੰਬਰ ਨੂੰ ਸਵੇਰੇ 9 ਤੋਂ ਲੈ ਕੇ ਰਾਤ 10 ਵਜੇ ਤੱਕ ਨਗਰ ਕੀਰਤਨ ਦੇ ਰੂਟ ’ਤੇ ਵਾਹਨ ਲੈ ਕੇ ਨਾ ਚੱਲਣ।
ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ ਪ੍ਰਕਾਸ਼ ਪੁਰਬ 'ਤੇ 50 ਕੁਇੰਟਲ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ