ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਨੂੰ ਗੁਰੂ ਜੀ ਇਸ ਲਈ ਸਮਝਦੇ ਸਨ ਉਤਮ

11/12/2019 10:31:44 AM

ਜਲੰਧਰ— ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਨਾਲ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਨੂੰ ਕੱਤੇ ਦੇ ਮਹੀਨੇ 'ਚ ਰਾਇ ਭੋਇ ਦੀ ਤਲਵੰਡੀ ਸਾਬੋ (ਨਨਕਾਣਾ ਸਾਹਿਬ) ਪਾਕਿਸਤਾਨ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਬੇਦੀ (ਮਹਿਤਾ ਕਾਲੂ) ਅਤੇ ਮਾਤਾ ਤ੍ਰਿਪਤਾ ਜੀ ਸਨ। ਉਨ੍ਹਾਂ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਸਨ। ਗੁਰੂ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ। ਉਨ੍ਹਾਂ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਕਸ਼ਮੀ ਦਾਸ ਜੀ ਸਨ । ਆਪ ਜੀ ਨੇ ਵਹਿਮਾ-ਭਰਮਾਂ, ਜਾਤ-ਪਾਤ ਅਤੇ ਹੋਰ ਅਡੰਬਰਾਂ ਖਿਲਾਫ ਆਵਾਜ਼ ਚੁੱਕਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਤਮਾਮ ਸਮੱਸਿਆਵਾਂ ਨਾਲ ਘਿਰੇ ਸਮਾਜ ਨੂੰ ਜਗਾਉਣ ਲਈ 38 ਹਜ਼ਾਰ ਮੀਲ ਦੀ ਪੈਦਲ ਯਾਕਰਾ ਕਰਕੇ 4 ਉਦਾਸੀਆਂ ਕੀਤੀਆਂ ਅਤੇ 'ਸਰਬਤ ਦਾ ਭਲਾ ਸੰਦੇਸ਼' ਦਿੱਤਾ ਸੀ। 

ਗੁਰੂ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦਾ ਦਿੱਤਾ ਸੀ ਸਨੇਹਾ  
ਸਿੱਖ ਧਰਮ ਦੇ ਬਾਨੀ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਕਿਰਤ ਕਰੋ-ਨਾਮ ਜਪੋ-ਵੰਡ ਛੱਕੋ' ਦੇ ਬੁਨਿਆਦੀ ਸਿਧਾਂਤਾਂ ਨਾਲ ਸਿੱਖ ਧਰਮ ਦੀ ਨੀਂਹ ਰੱਖੀ ਸੀ। ਇਨ੍ਹਾਂ ਸਿਧਾਂਤਾਂ ਦੀ ਰੌਸ਼ਨੀ 'ਚ ਆਪ ਜੀ ਨੇ ਲੁਕਾਈ ਨੂੰ ਅਜਿਹੀ ਇਨਕਲਾਬੀ ਜੀਵਨ ਜਾਂਚ ਦੱਸੀ, ਜੋ ਕਿ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਦਾ ਮਾਰਗ ਹੈ। ਗੁਰੂ ਸਾਹਿਬ ਦੀ ਸਿਧਾਂਤਾਂ ਦੇ ਇਹ ਤਿੰਨ ਧੁਰੇ ਹਨ, ਜਿਨ੍ਹਾਂ ਉੱਤੇ ਸਾਰੀ ਸਿੱਖ ਫਲਾਸਫੀ ਖੜ੍ਹੀ ਹੈ। ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹ ਕੋਈ 3 ਵੱਖ-ਵੱਖ ਚੀਜ਼ਾਂ ਨਹੀਂ ਹਨ ਸਗੋਂ ਤਿੰਨੋਂ ਇਕਠੀਆਂ ਹੀ ਹਨ ਅਤੇ ਨਾਮ ਜਪਣ ਦੀ ਅਵਸਥਾ 'ਚ ਹੀ ਆਉਂਦੀਆਂ ਹਨ। 
ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਮਨੁੱਖ ਅਤੇ ਸਮਾਜ ਦੀ ਸਥਾਪਨਾ ਲਈ 'ਕਿਰਤ ਕਰੋ', 'ਵੰਡ ਛਕੋ' ਅਤੇ 'ਨਾਮ ਜਪੋ' ਦੇ ਤਿੰੰਨ ਮੁੱਖ ਉਪਦੇਸ਼ ਦਿੱਤੇ, ਜੋ ਸਾਮਜ ਦੇ ਅਰਥਚਾਰੇ ਮਨੁੱਖ ਦੀ ਰੂਹਾਨੀ ਖੁਸ਼ੀ ਅਤੇ ਸਮਾਜਿਕ ਸਾਂਝੀਵਾਲਤਾ ਦੇ ਅਹਿਮ ਸੰਕਲਪ ਹਨ। ਗੁਰੂ ਨਾਨਕ ਦੇਵ ਜੀ ਕਿਰਤ ਦੀ ਮਹੱਤਤਾ ਬਾਰੇ ਦੱਸਦੇ ਹਨ ਕਿ ਕਿਰਤ ਨੂੰ ਸਿਰਫ ਪਦਾਰਥਕ ਖੁਸ਼ਹਾਲੀ ਦਾ ਆਧਾਰ ਨਹੀਂ ਮੰਨਣਾ ਚਾਹੀਦਾ, ਸਗੋਂ ਸੱਚੀ ਕਿਰਤ ਜਿੱਥੇ ਸਮਾਜ ਦਾ ਵਿਕਾਸ ਮੁੱਖ ਅਧਾਰ ਹੁੰਦੀ ਹੈ, ਉੱਥੇ ਹੀ ਸੱਚ ਦਾ ਰਾਹ ਵੀ ਕਿਰਤ ਦੁਆਰਾ ਪਛਾਣਿਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਖੁਦ ਖੇਤੀਬਾੜੀ ਦਾ ਕਿੱਤਾ ਕਰਕੇ 'ਕਿਰਤ' ਦੀ ਮਹੱਤਤਾ ਨੂੰ ਦਰਸਾਇਆ। ਕਿੱਤਾ ਕੋਈ ਵੀ ਹੋਵੇ, ਉਸ ਨੂੰ ਕਰਦਿਆਂ ਹੀਣਤਾ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਸਮਾਜ ਦੇ ਸਦੀਵੀਂ ਵਿਕਾਸ ਲਈ ਉਪਕਾਰ ਭਰੇ ਕਾਰਜ ਕਰਨੇ ਚਾਹੀਦੇ ਹਨ। ਗੁਰੂ ਜੀ ਅਨੁਸਾਰ ਮਨੁੱਖ ਆਪਣੇ ਨਿੱਤ ਦੇ ਕਾਰ ਵਿਹਾਰ ਦੌਰਾਨ ਸੱਚੀ ਕਿਰਤ ਕਰਦਾ ਹੋਇਆ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਅਸਲ ਅਤੇ ਉੱਤਮ ਕਰਮ ਸੱਚੀ ਕਿਰਤ ਅਤੇ ਪ੍ਰਭੂ-ਭਗਤੀ ਹੈ, ਜੋ ਮਨੁੱਖੀ ਜੀਵਨ ਦਾ ਮੁੱਖ ਮਨੋਰਥ, ਬੁਨਿਆਦ ਅਤੇ ਮਾਰਗ ਹੈ।

ਕਿਰਤ ਕਰਨ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨਾਮ-ਸਿਮਰਨ ਦੇ ਸੰਕਲਪ ਨੂੰ ਵੀ ਵਿਸਥਾਰਮਈ ਰੂਪ 'ਚ ਪ੍ਰਗਟਾਉਂਦੇ ਹਨ ਕਿ ਕਿਰਤ ਦਾ ਆਦਰਸ਼ ਰੂਪ ਨਾਮ ਦੀ ਕਿਰਤ ਕਰਨਾ ਹੈ। ਉਨ੍ਹਾਂ ਅਨੁਸਾਰ ਜੋ ਮਨੁੱਖ ਗ੍ਰਹਿਸਥੀ ਜੀਵਨ 'ਚ ਸੱਚੀ ਕਿਰਤ ਕਰਦਾ ਹੈ, ਉਹ ਕਿਰਤ ਨਾਮ ਜਪਣ ਦੇ ਬਰਾਬਰ ਹੁੰਦੀ ਹੈ। ਮਨੁੱਖ ਨੂੰ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਜੇ ਸਿਰਫ ਕਿਰਤ ਨੂੰ ਹੀ ਜ਼ਿੰਦਗੀ ਦਾ ਮੁੱਖ ਆਧਾਰ ਮੰਨ ਕੇ ਚੱਲਾਂਗੇ ਤਾਂ ਉਹ ਵਪਾਰਕ ਬਣ ਜਾਵੇਗੀ ਅਤੇ ਜੇ ਸਿਰਫ ਕਿਰਤ ਨਹੀਂ ਨਾਮ ਹੀ ਹੈ ਤਾਂ ਉਸ ਨਾਲ ਆਤਮਿਕ ਮੁਕਤੀ ਪ੍ਰਾਪਤ ਨਹੀਂ ਹੋ ਸਕੇਗੀ। ਇਸ ਲਈ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਸਹਿਜੇ ਰੂਪ ਵਿੱਚ ਢਾਲਣਾ ਜ਼ਰੂਰੀ ਹੈ। ਮਨੁੱਖ ਦੁਆਰਾ ਕੀਤਾ ਗਿਆ ਸੁੱਚਾ ਕਰਮ ਉਸ ਦੇ ਅੰਦਰ ਗਿਆਨ ਦੀ ਸੋਝੀ ਪੈਦਾ ਕਰਦਾ ਹੈ। ਕਰਮ ਅਤੇ ਸ਼ਬਦ ਗਿਆਨ ਦੇ ਪ੍ਰਕਾਸ਼ ਦੁਆਰਾ ਹੀ ਆਦਰਸ਼ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਜੇ ਅਸੀਂ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਤਾਂ ਇਸ ਨਾਲ ਸਾਨੂੰ ਅਮਨ, ਚੈਨ, ਸ਼ਾਂਤੀ, ਸੱਚ, ਨਿਆਂ, ਮੋਕਸ਼ ਅਤੇ ਆਨੰਦ ਸਦੀਵੀ ਤੌਰ 'ਤੇ ਪ੍ਰਾਪਤ ਹੋ ਸਕਦੇ ਹਨ। ਭਾਰਤੀ ਸਮਾਜ ਦੀ ਸਮਾਜਿਕ ਵਿਵਸਥਾ ਅਧੀਨ ਕਈ ਅਜਿਹੇ ਮਸਲੇ ਹਨ, ਜਿਨ੍ਹਾਂ ਦਾ ਹੱਲ ਗੁਰੂ ਨਾਨਕ ਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਪ੍ਰਾਪਤ ਹੁੰਦਾ ਹੈ। ਇਸ ਨੂੰ ਫਰੋਲਣ ਦੀ ਲੋੜ ਹੈ ਕਿਉਂਕਿ ਇਹ ਉਹ ਰਚਨਾ ਹੈ, ਜੋ ਮਨੁੱਖੀ ਜ਼ਿੰਦਗੀ ਨੂੰ ਅਧਿਆਤਮਕਤਾ ਨਾਲ ਜੋੜ ਕੇ ਸੱਚ ਦਾ ਮਾਰਗ ਦਰਸਾਉਂਦੀ ਹੈ।

ਗੁਰੂ ਨਾਨਕ ਦੇਵ ਜੀ ਦੇ ਸਿਧਾਂਤ 
ਈਸ਼ਵਰ ਇਕ ਹੈ। 
ਇਕ ਹੀ ਈਸ਼ਵਰ ਦੀ ਭਗਤੀ ਕਰਨੀ ਚਾਹੀਦੀ ਹੈ। 
ਈਸ਼ਵਰ ਹਰ ਜਗ੍ਹਾ ਅਤੇ ਹਰ ਪ੍ਰਾਣੀ 'ਚ ਮੌਜੂਦ ਹੈ। 
ਈਮਾਨਦਾਰੀ ਦੀ ਕਮਾਈ ਕਰਕੇ ਆਦਮਨ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਾਨ ਕਰਨਾ ਚਾਹੀਦਾ ਹੈ। 
ਸਾਰੇ ਮਨੁੱਖ ਬਰਾਬਰ ਹੈ, ਭਾਵੇਂ ਉਹ ਔਰਤ ਹੋਵੇ ਜਾਂ ਪੁਰਸ਼।
ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਵੰਡ ਛਕਣ ਦੀ ਵੀ ਗੱਲ ਕਰਦੇ ਹਨ। ਜੋ ਮਨੁੱਖ ਆਪਣੀ ਕਿਰਤ ਕਮਾਈ 'ਚੋਂ ਵੰਡ ਛਕਣ ਦੇ ਸਿਧਾਂਤ ਨੂੰ ਅਪਣਾ ਕੇ ਲੋੜਵੰਦਾਂ ਦੀ ਵੀ ਸਹਾਇਤਾ ਕਰਦਾ ਹੈ, ਉਹੀ ਮਨੁੱਖ ਕਰਮਸ਼ੀਲ ਹੋ ਸਕਦਾ ਹੈ। ਵੰਡ ਛਕਣ ਦਾ ਸਿਧਾਂਤ ਸਾਂਝੀਵਾਲਤਾ ਦਾ ਪ੍ਰਤੀਕ ਬਣ ਕੇ ਉੱਭਰਦਾ ਹੈ ਅਤੇ ਮਨੁੱਖ ਦੇ ਅੰਦਰੋਂ ਹਉਮੈ ਨੂੰ ਵੀ ਸਦੀਵੀਂ ਤੌਰ 'ਤੇ ਨਸ਼ਟ ਕਰਦਾ ਹੈ।

  


shivani attri

Content Editor

Related News