ਭਰਮਾਂ 'ਚ ਪਈ ਲੁਕਾਈ ਨੂੰ ਨਵੀਆਂ ਰਾਹਾਂ ਦੇਣ ਵਾਲੇ 'ਗੁਰੂ ਨਾਨਕ ਦੇਵ ਜੀ'
Tuesday, Nov 12, 2019 - 09:33 AM (IST)

ਜਲੰਧਰ (ਵੈੱਬ ਡੈਸਕ) : ਸਮੁੱਚੀ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਸਨ । ਉਨ੍ਹਾਂ ਦਾ ਜਨਮ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ ਪਾਕਿਸਤਾਨ) 29 ਨਵੰਬਰ 1469 ਨੂੰ ਹੋਇਆ। ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਸਨ। ਉਨ੍ਹਾਂ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਸਨ। ਪਿਤਾ ਪਟਵਾਰੀ ਦੀ ਅਹਿਮ ਪਦਵੀ ਤੇ ਸਨ ਤੇ ਆਪਣੇ ਪਿੰਡ ਦੇ ਚੰਗੇ ਪ੍ਰਸਿੱਧ ਤੇ ਅਸਰ-ਰਸੂਖ ਵਾਲੇ ਇਨਸਾਨ ਸਨ। ਆਪ ਜੀ ਨੂੰ 7 ਸਾਲ ਦੀ ਉਮਰ ਵਿਚ ਪੰਡਿਤ ਗੋਪਾਲ ਪਾਸੋਂ ਹਿੰਦੀ, ਬ੍ਰਿਜ ਲਾਲ ਕੋਲੋਂ ਸੰਸਕ੍ਰਿਤ ਤੇ 13 ਸਾਲ ਦੀ ਉਮਰ ਵਿਚ ਮੋਲਵੀ ਕੁਤਬੁਦੀਨ ਕੋਲੋਂ ਫ਼ਾਰਸੀ ਪੜਨ ਲਈ ਭੇਜਿਆ। ਅਧਿਆਪਕਾਂ ਪਾਸੋਂ ਪੜ੍ਹਨ ਵੇਲੇ ਆਪ ਨੇ ਅਧਿਆਤਮਿਕ ਗਿਆਨ ਦੀ ਚਰਚਾ ਵਿਚ ਅਧਿਕ ਰੁਚੀ ਵਿਖਾਈ । ਪੜ੍ਹਾਈ ਤੋਂ ਬਾਅਦ ਗੁਰੂ ਜੀ ਬਹੁਤ ਉਦਾਸ ਰਹਿਣ ਲਗੇ। ਆਪ ਨੂੰ ਪਿਤਾ ਵਲੋਂ ਖੇਤੀ ਕਰਨ ਅਤੇ ਫਿਰ ਵਪਾਰ ਕਰਨ ਲਈ ਪ੍ਰੇਰਿਆ ਗਿਆ, ਪਰ ਆਪ ਦੀ ਮਾਨਸਿਕ ਉਦਾਸੀਨਤਾ ਉਸੇ ਤਰ੍ਹਾਂ ਬਣੀ ਰਹੀ । ਆਪ ਕਦੇ-ਕਦੇ ਪਿੰਡ ਦੇ ਨੇੜਲੇ ਜੰਗਲਾਂ ਵਿਚ ਸਮਾਧੀ ਲਗਾਉਣ ਲਈ ਚਲੇ ਜਾਂਦੇ ਅਤੇ ਕਈ ਵਾਰ ਸਾਧਾਂ-ਸੰਤਾਂ ਦੀ ਸੰਗਤ ਨੂੰ ਮਾਣਦੇ ।
ਸੰਨ 1475 ਵਿਚ ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ, ਜੋ ਲਾਹੌਰ ਦੇ ਗਵਰਨਰ, ਦੌਲਤ ਖ਼ਾਨ ਲੋਧੀ ਦੇ ਮੋਦੀਖਾਨੇ ਵਿਚ ਕੰਮ ਕਰਦੇ ਸਨ। ਗੁਰੂ ਨਾਨਕ ਦਾ ਆਪਣੀ ਭੈਣ ਨਾਲ ਲਾਡ ਹੋਣ ਕਾਰਨ ਉਹ ਵੀ ਸੁਲਤਾਨਪੁਰ ਆਪਣੀ ਭੈਣ ਅਤੇ ਜੀਜੇ ਦੇ ਘਰ ਰਹਿਣ ਲਈ ਚਲੇ ਗਏ। ਉੱਥੇ ਉਹ 16 ਸਾਲ ਦੀ ਉਮਰ ਵਿਚ, ਦੌਲਤ ਖ਼ਾਨ ਅਧੀਨ ਮੋਦੀਖਾਨੇ ਵਿਚ ਕੰਮ ਕਰਨ ਲੱਗ ਪਏ। ਇੱਥੇ ਹੀ ਆਪ ਜੀ ਨੇ ਇਮਾਨਦਾਰੀ ਅਤੇ ਸੱਚ ਦੀ ਕਿਰਤ ਕਰਨ ਦਾ ਸੰਦੇਸ਼ ਦਿੰਦੇ ਹੋਏ 13-13 ਤੋਲਿਆ।
ਸੰਨ 1487 ਈ. ਵਿਚ ਆਪ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਖਤ੍ਰੀ ਦੀ ਸਪੁੱਤਰੀ ਸੁਲੱਖਣੀ ਨਾਲ ਹੋਇਆ। ਉਨ੍ਹਾਂ ਦੀ ਕੁੱਖੋਂ ਦੋ ਸਪੁੱਤਰਾਂ ਸ੍ਰੀ ਚੰਦ ਅਤੇ ਲਖਮੀ ਦਾਸ ਨੇ ਜਨਮ ਲਿਆ। ਲਗਭਗ 13 ਸਾਲ ਸੁਲਤਾਨਪੁਰ ਲੋਧੀ ਵਿਚ ਰਹਿੰਦੇ ਹੋਏ ਇਕ ਦਿਨ ਆਪ ਇਸ਼ਨਾਨ ਕਰਨ ਲਈ ਵੇਈਂ ਨਦੀ ਵਿਚ ਦਾਖ਼ਲ ਹੋਏ ਅਤੇ ਤਿੰਨ ਦਿਨ ਬਾਅਦ ਪ੍ਰਗਟ ਹੋਏ। ਇਸ ਦੌਰਾਨ ਆਪ ਨੂੰ ਬ੍ਰਹਮ-ਗਿਆਨ ਦੀ ਪ੍ਰਾਪਤੀ ਹੋਈ। ਆਪ ਨੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦੀ ਘੋਸ਼ਣਾ ਕਰਕੇ ਲੋਕਾਂ ਨੂੰ ਧਾਰਮਿਕ ਤੰਗ-ਨਜ਼ਰੀ ਤੋਂ ਉੱਚਾ ਉਠਾ ਕੇ ਸਚਾ ਧਰਮ ਧਾਰਨ ਕਰਨ ਲਈ ਪ੍ਰੇਰਿਆ ਅਤੇ ਭਰਮਾਂ 'ਚ ਪਈ ਲੁਕਾਈ ਨੂੰ ਨਵੀਆਂ ਰਾਹਾਂ ਦਿੱਤੀਆਂ। ਗੁਰੂ ਜੀ ਨੇ ਮਹਿਸੂਸ ਕੀਤਾ ਕਿ ਸਹਿਜ-ਧਰਮ ਦਾ ਪ੍ਰਚਾਰ ਕਿਸੇ ਇਕ ਥਾਂ ਤੇ ਟਿਕ ਕੇ ਕਰਨ ਦੀ ਥਾਂ ਘੁੰਮ ਫਿਰ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਹੋਇਆਂ ਕਰਨਾ ਉਚਿਤ ਹੋਵੇਗਾ। ਇਸ ਪਿਛੋਂ ਗੁਰੂ ਜੀ ਹਿੰਦੁਸਤਾਨ ਅਤੇ ਹਿੰਦੁਸਤਾਨ ਤੋਂ ਬਾਹਰ ਪ੍ਰਚਾਰ ਯਾਤ੍ਰਾਵਾਂ ਅਥਵਾ ਉਦਾਸੀਆਂ 'ਤੇ ਨਿਕਲ ਪਏ। ਪੂਰਬ, ਪੱਛਮ, ਉੱਤਰ ਅਤੇ ਦੱਖਣ ਚੌਹਾਂ ਦਿਸ਼ਾਵਾਂ ਵਿਚ ਪ੍ਰਸਿੱਧ ਧਰਮ-ਅਸਥਾਨਾਂ 'ਤੇ ਗਏ। ਗੁਰੂ ਸਾਹਿਬ ਨੇ ਵਿਦਵਾਨਾਂ, ਧਾਰਮਿਕ ਮੁਖੀਆਂ, ਪੁਜਾਰੀਆਂ, ਪੀਰਾਂ, ਫ਼ਕੀਰਾਂ ਨਾਲ ਸੰਵਾਦ ਰਚਾਏ ਅਤੇ ਸਭ ਨੂੰ ਸਹੀ ਧਰਮ ਦਾ ਬੋਧ ਕਰਾ ਕੇ ਆਪਣਾ ਅਨੁਯਾਈ ਬਣਾਇਆ। ਲਗਭਗ 38 ਹਜ਼ਾਰ ਮੀਲ ਦੀਆਂ ਉਦਾਸੀਆਂ ਤੋਂ ਬਾਅਦ ਆਪ ਜ਼ਿਲਾ ਗੁਰਦਾਸਪੁਰ ਵਿਚ ਰਾਵੀ ਨਦੀ ਦੇ ਕੰਢੇ ਵਸਾਏ ਕਰਤਾਰਪੁਰ ਕਸਬੇ ਵਿਚ ਰਹਿਣ ਲੱਗੇ। ਇੱਥੇ ਆਪ ਨੇ ਖ਼ੁਦ ਖੇਤੀ ਕੀਤੀ ਅਤੇ ਹੋਰਨਾਂ ਨੂੰ ਮਿਹਨਤ ਕਰਕੇ ਵੰਡ ਕੇ ਖਾਣ ਦਾ ਉਪਦੇਸ਼ ਦਿੱਤਾ।
ਲਗਭਗ 18 ਵਰ੍ਹੇ ਆਪ ਕਰਤਾਰਪੁਰ ਰਹੇ। ਕਰਤਾਰਪੁਰ ਵਿਚ ਰਹਿੰਦੇ ਹੋਇਆਂ ਆਪ ਜੀ ਨੇ ਲੋਕਾਂ ਨੂੰ ਸਚੇ ਧਰਮ ਦਾ ਸਰੂਪ ਸੱਚਾ ਸਰੂਪ ਸਮਝਾਇਆ । ਇੱਥੇ ਹੀ ਆਪ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ੀ ਜੋ ਗੁਰੂ ਅੰਗਦ ਦੇਵ ਜੀ ਵਜੋਂ ਜਾਣੇ ਗਏ। 1539 ਈ. ਆਪ ਜੋਤੀ-ਜੋਤਿ ਸਮਾ ਗਏ।