ਮੁੱਖ ਪੰਡਾਲ 'ਚ ਹੋਏ ਸਮਾਗਮ ਨੇ ਰੂਹਾਨੀ ਰੰਗ 'ਚ ਰੰਗੀਆਂ ਸੰਗਤਾਂ (ਤਸਵੀਰਾਂ)

Wednesday, Nov 06, 2019 - 10:53 AM (IST)

ਮੁੱਖ ਪੰਡਾਲ 'ਚ ਹੋਏ ਸਮਾਗਮ ਨੇ ਰੂਹਾਨੀ ਰੰਗ 'ਚ ਰੰਗੀਆਂ ਸੰਗਤਾਂ (ਤਸਵੀਰਾਂ)

ਸੁਲਤਾਨਪੁਰ ਲੋਧੀ (ਧੀਰ, ਸੋਢੀ, ਜੋਸ਼ੀ, ਅਸ਼ਵਨੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਲੈ ਕੇ ਸੁਲਤਾਨਪੁਰ ਲੋਧੀ ਲਈ ਮੰਗਲਵਾਰ ਦਾ ਦਿਨ ਬੇਹੱਦ ਖਾਸ ਰਿਹਾ। ਪਾਵਨ ਨਗਰੀ 'ਚ ਬਣਾਏ ਗਏ ਵਿਸ਼ੇਸ਼ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ ਪੰਜਾਬ ਸਰਕਾਰ ਵੱਲੋਂ ਪੰਥਕ ਜਥੇਬੰਦੀਆਂ ਅਤੇ ਸੰਤ ਸਮਾਜ ਦੇ ਸਹਿਯੋਗ ਨਾਲ ਉਲੀਕੇ ਪ੍ਰੋਗਰਾਮ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੀ ਅਰੰਭਤਾ ਕਰਵਾਈ ਗਈ। ਆਰੰਭਤਾ ਤੋਂ ਬਾਅਦ ਰਾਗੀ ਸਿੰਘਾਂ ਵੱਲੋਂ ਕੀਤੇ ਗਏ ਰਾਗਬੱਧ ਕੀਰਤਨ ਅਤੇ ਢਾਡੀ ਜਥੇ ਵੱਲੋਂ ਪੇਸ਼ ਕੀਤੀਆਂ ਜੋਸ਼ੀਲੀਆਂ ਢਾਡੀ ਵਾਰਾਂ ਨੇ ਦੂਰ-ਦੁਰਾਡੇ ਤੋਂ ਪੁੱਜੀ ਨਾਨਕ ਨਾਮ ਲੇਵਾ ਸੰਗਤ ਨੂੰ ਰੂਹਾਨੀ ਰੰਗ 'ਚ ਰੰਗ ਦਿੱਤਾ।

PunjabKesari
ਜੈਕਾਰਿਆਂ ਦੀ ਗੂੰਜ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਡਾਲ 'ਚ ਆਮਦ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਆਪਣੇ ਸੀਸ 'ਤੇ ਬਿਰਾਜਮਾਨ ਕਰਕੇ ਪਾਲਕੀ ਸਾਹਿਬ 'ਚ ਸੁਸ਼ੋਭਿਤ ਕਰਨ ਦੀ ਸੇਵਾ ਕੀਤੀ ਤਾਂ ਸਮੁੱਚਾ ਪੰਡਾਲ ਇਕ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ। ਇਸ ਧਾਰਮਿਕ ਸਮਾਗਮ 'ਚ ਜਿੱਥੇ ਵੱਡੀ ਗਿਣਤੀ ਸੰਤਾਂ-ਮਹਾਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਭੇਖ, ਨਾਮਧਾਰੀ ਅਤੇ ਹੋਰ ਸੰਪਰਦਾਵਾਂ ਦੇ ਨੁਮਾਇੰਦਿਆਂ ਨੇ ਭਰਵੀਂ ਹਾਜ਼ਰੀ ਲੁਆਈ, ਉਥੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਨਤਮਸਤਕ ਹੋਣ ਲਈ ਪੁੱਜਾ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ 'ਸਤਿਨਾਮੁ ਵਾਹਿਗੁਰੂ' ਦਾ ਜਾਪ ਕਰ ਰਿਹਾ ਸੀ।
ਧਾਰਮਿਕ ਸਮਾਗਮ ਦੀ ਸ਼ੁਰੂਆਤ ਸੂਫੀ ਗਾਇਕਾ ਹਰਸ਼ਦੀਪ ਕੌਰ ਨੇ 'ਮੇਰੇ ਸਾਹਿਬਾ' ਸ਼ਬਦ ਨਾਲ ਆਰੰਭ ਕਰਕੇ ਅਤੇ ਕਈ ਸ਼ਬਦ ਗਾਇਨ ਕਰਕੇ ਸਮੁੱਚੀ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਭਾਈ ਮਨਜੀਤ ਸਿੰਘ ਸ਼ਾਂਤ ਨੇ ਸੰਗਤਾਂ ਨੂੰ ਗੁਰਮਤਿ ਸੰਗੀਤ ਨਾਲ ਗੁਰਬਾਣੀ ਸ਼ਬਦ ਸਰਵਣ ਕਰਵਾਏ।

PunjabKesari
ਇਸ ਮਗਰੋਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਬਲਬੀਰ ਸਿੰਘ, ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਭਾਈ ਗੁਰਫਤਹਿ ਸਿੰਘ ਸ਼ਾਂਤ, ਡਾ. ਕਮਲੇਸ਼ ਇੰਦਰ ਸਿੰਘ, ਚੰਡੀਗੜ੍ਹ ਵਾਲੇ ਅਤੇ ਭਾਈ ਗਗਨਦੀਪ ਸਿੰਘ ਗੰਗਾ ਨਗਰ ਵਾਲਿਆਂ ਦੇ ਰਾਗੀ ਜਥਿਆਂ ਵੱਲੋਂ ਰਾਗਾਂ 'ਤੇ ਆਧਾਰਤ ਇਲਾਹੀ ਬਾਣੀ ਦੇ ਕੀਤੇ ਕੀਰਤਨ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਭਾਈ ਜਸਵੰਤ ਸਿੰਘ ਦੀਵਾਨਾ ਦੇ ਢਾਡੀ ਜਥੇ ਵੱਲੋਂ ਪੇਸ਼ ਢਾਡੀ ਵਾਰਾਂ ਨੇ ਸੰਗਤਾਂ 'ਚ ਜੋਸ਼ ਭਰਿਆ। ਪਵਿੱਤਰ ਵੇਈਂ ਦੇ ਕੰਢੇ ਵਸੇ ਇਸ ਸ਼ਹਿਰ 'ਚ ਸਮੁੱਚਾ ਸੰਤ ਸਮਾਜ ਪਹਿਲੀ ਪਾਤਿਸ਼ਾਹੀ ਦੇ ਪ੍ਰਕਾਸ਼ ਪੁਰਬ ਦੇ ਜਸ਼ਨਾਂ ਮੌਕੇ ਸਿੱਜਦਾ ਕਰਨ ਲਈ ਉਮੜ ਪਿਆ।

PunjabKesari
ਇਸ ਮੌਕੇ ਬਾਬਾ ਸਰਬਜੋਤ ਸਿੰਘ, ਬਾਬਾ ਅਵਤਾਰ ਸਿੰਘ ਮੁਖੀ ਦਲ ਪੰਥ ਬਿਧੀ ਚੰਦ ਨਿਹੰਗ ਸਿੰਘ ਜਥੇਬੰਦੀ, ਜਥੇ. ਬਾਬਾ ਬਲਬੀਰ ਸਿੰਘ ਮੁਖੀ ਨਿਹੰਗ ਸਿੰਘ ਬੁੱਢਾ ਦਲ, ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਨਰਿੰਦਰ ਸਿੰਘ ਜੀ ਗੁਰਦੁਆਰਾ ਸੰਤ ਨਿਧਾਨ ਸਿੰਘ ਹਜ਼ੂਰ ਸਾਹਿਬ, ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ, ਸੰਤ ਸੇਵਾ ਰਾਮਪੁਰ ਖੇੜਾ, ਸੰਤ ਘਾਲਾ ਸਿੰਘ ਨਾਨਕਸਰ, ਨਾਮਧਾਰੀ ਸੰਸਥਾ ਦੇ ਮੁਖੀ ਬਾਬਾ ਉਦੇ ਸਿੰਘ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਕਸ਼ਮੀਰ ਸਿੰਘ ਗੜ੍ਹੇ ਵਾਲੇ, ਸੰਤ ਪਰਮਜੀਤ ਸਿੰਘ ਹੰਸਾਲੀ ਵਾਲੇ, ਸੰਤ ਕਸ਼ਮੀਰਾ ਸਿੰਘ ਅਲੌਹਰਾਂ ਵਾਲੇ, ਸੰਤ ਮਨਮੋਹਨ ਸਿੰਘ ਬਾਰਨ ਵਾਲੇ, ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ, ਸੰਤ ਕਾਹਨ ਸਿੰਘ ਗੋਨਿਆਣਾ ਮੰਡੀ, ਨਿਰਮਲ ਸੰਪਰਦਾਇ ਅਤੇ ਮਹੰਤ ਹਰਕ੍ਰਿਸ਼ਨ ਸਿੰਘ ਸੋਢੀ ਸਮੇਤ ਸੰਗਤਾਂ ਨੇ ਹਾਜ਼ਰੀ ਲਵਾਈ।


author

shivani attri

Content Editor

Related News