550 ਸਾਲਾ ਪ੍ਰਕਾਸ਼ ਪੁਰਬ: ਵਿਕਾਸ ਕਾਰਜ 30 ਸਤੰਬਰ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼
Wednesday, Jun 19, 2019 - 05:33 PM (IST)
ਸੁਲਤਾਨਪੁਰ ਲੋਧੀ (ਧੀਰ)— ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਬੀਤੇ ਦਿਨ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ 30 ਸਤੰਬਰ ਤੋਂ ਪਹਿਲਾਂ-ਪਹਿਲਾਂ ਹਰ ਹਾਲ 'ਚ ਮੁਕੰਮਲ ਕਰ ਲਿਆ ਜਾਵੇਗਾ। ਇਥੇ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਮੌਕੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮੁੱਖ ਸਕੱਤਰ, ਜਿਨ੍ਹਾਂ ਨਾਲ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰੂਸ਼ਾਰਥਾ ਅਤੇ ਆਈ. ਜੀ. ਨੌ ਨਿਹਾਲ ਸਿੰਘ ਵੀ ਮੌਜੂਦ ਸਨ, ਨੇ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ 5 ਤੋਂ 15 ਨਵੰਬਰ ਵਿਚਾਲੇ ਸ਼ਰਧਾਲੂਆਂ ਦਾ ਭਾਰੀ ਇੱਕਠ ਹੋਵੇਗਾ ।ਉਨ੍ਹਾਂ ਕਿਹਾ ਕਿ ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਚੱਲ ਰਹੇ ਸਾਰੇ ਵਿਕਾਸ ਕਾਰਜ 30 ਸਤੰਬਰ ਤੋਂ ਪਹਿਲਾਂ-ਪਹਿਲਾਂ ਮੁਕਮੰਲ ਕਰ ਲਏ ਜਾਣ।
ਉਨ੍ਹਾਂ ਕਿਹਾ ਕਿ ਇਸ ਕੰਮ 'ਚ ਕਿਸੇ ਵੀ ਤਰਾਂ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਸਮਾਗਮ ਹਰ ਹਾਲ 'ਚ ਵਧੀਆ ਤਰ੍ਹਾਂ ਨਾਲ ਮੁਕਮੰਲ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ। ਮੁੱਖ ਸਕੱਤਰ ਨੇ ਕਿਹਾ ਕਿ ਚੱਲ ਰਹੇ ਸਾਰੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਤੇ ਮੁਕੰਮਲ ਕਰਵਾਉਣ ਦੇ ਨਾਲ-ਨਾਲ ਹਰ ਅਧਿਕਾਰੀ-ਕਰਮਚਾਰੀ ਇਹ ਵੀ ਯਕੀਨੀ ਬਣਾਏ ਕਿ ਇਹ ਕੰਮ ਮਿਆਰ ਪੱਖੋਂ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਹਰ ਅਧਿਕਾਰੀ/ਕਰਮਚਾਰੀ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕੀਤੇ ਜਾਣ ਵਾਲੇ ਇਹ ਕੰਮ ਉੱਚ ਦਰਜੇ ਦੇ ਹੋਣ। ਸੁਲਤਾਨਪੁਰ ਲੋਧੀ ਦੇ ਵਸਨੀਕਾਂ ਲਈ ਇੱਕ ਵੱਡੇ ਤੋਹਫੇ ਵਜੋਂ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਸਥਾਨਕ ਬੇਬੇ ਨਾਨਕੀ ਮੈਮੋਰੀਅਲ ਯੂਨੀਵਰਸਿਟੀ ਕਾਲਜ ਫਾਰ ਗਰਲਜ ਵਿਖੇ 1 ਜੁਲਾਈ ਤੋਂ ਬੀ. ਸੀ. ਏ. ਅਤੇ ਬੀ. ਕਾਮ. ਵਾਲੇ ਪ੍ਰੋਫੈਸ਼ਨਲ ਕੋਰਸ ਚਾਲੂ ਕੀਤੇ ਜਾਣਗੇ। ਇਸ ਨਾਲ ਇਸ ਇਲਾਕੇ ਦੇ ਪਿੰਡਾਂ ਦੀਆਂ ਧੀਆਂ ਨੂੰ ਮਿਆਰੀ ਸਿੱਖਿਆ ਹਾਸਲ ਕਰਨ 'ਚ ਇਕ ਵੱਡੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਵਿਖੇ 280 ਏਕੜ ਜ਼ਮੀਨ 'ਤੇ 40 ਹਜਾਰ ਸ਼ਰਧਾਲੂਆਂ ਦੀ ਸਹੂਲਤ ਲਈ ਟੈਂਟ ਸਿਟੀ ਦਾ ਨਿਰਮਾਣ ਕੀਤਾ ਜਾਵੇਗਾ।
ਸ਼ਰਧਾਲੂਆਂ ਨੂੰ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਰੇਲ ਅਤੇ ਸੜਕ ਮਾਰਗ ਰਾਂਹੀ ਵੀ ਉੱਚੇਚੇ ਪ੍ਰਬੰਧ ਕੀਤੇ ਜਾਣਗੇ। ਕਰੀਬ 2 ਕਿਲੋਮੀਟਰ ਖੇਤਰ 'ਚ ਕਾਲੀ ਵੇਂਈ ਦੇ ਨਾਲ-ਨਾਲ ਤਾਰ ਲਗਾਉਣ ਦਾ ਪ੍ਰਬੰਧ ਕੀਤਾ ਜੇਵਗਾ ਤਾਂ ਜੋ ਸਮਾਗਮ ਦੌਰਾਨ ਕਿਸੇ ਤਰ੍ਹਾ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ । ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਕਪੂਰਥਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਬਾਇਓ ਡਾਇਵਰਸਿਟੀ ਪਾਰਕ 8 ਏਕੜ ਜ਼ਮੀਨ 'ਤੇ ਬਣਾਇਆ ਜਾਵੇਗਾ ਅਤੇ ਸੁਲਤਾਨਪੁਰ ਲੋਧੀ ਵਿਖੇ ਐੱਸ. ਡੀ. ਐੱਮ. ਦਫਤਰ ਦੇ ਸਾਹਮਣੇ ਨਾਨਕ ਬਗੀਚੀ ਵੀ ਬਣਾਈ ਜਾਵੇਗੀ। ਸਮਾਗਮ ਦੌਰਾਨ ਲਾਈਟ ਅਤੇ ਸਾਊਂਡ ਸ਼ੋਅ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਸਮਾਗਮ ਦੌਰਾਨ ਸਾਫ ਸਫਾਈ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਕਪੂਰਥਲਾ ਡੀ. ਪੀ. ਐਸ. ਖਰਬੰਦਾ ਨੇ ਮੁੱਖ ਸਕੱਤਰ ਨੂੰ ਜ਼ਿਲੇ 'ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਪੁਲਿਸ ਮੁਖੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਬਬੀਤਾ ਕਲੇਰ, ਕਮਿਸ਼ਨਰ ਨਗਰ ਨਿਗਮ ਫਗਵਾੜਾ ਬਖਤਾਵਰ ਸਿੰਘ, ਉੱਪ ਮੰਡਲ ਮੈਜਿਸਟਰੇਟ ਨਵਨੀਤ ਕੌਰ ਬੱਲ, ਵਰਿੰਦਰਪਾਲ ਸਿੰਘ ਬਾਜਵਾ, ਡਾ. ਜੈ ਇੰਦਰ ਸਿੰਘ, ਐਸ. ਪੀ. ਤੇਜਬੀਰ ਸਿੰਘ ਹੁੰਦਲ,ਡੀ. ਐਸ. ਪੀ. ਵਿਸ਼ਾਲਜੀਤ ਸਿੰਘ ਤੇ ਡਾ. ਮੁਕੇਸ਼ ਕੁਮਾਰ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਬਰਜਿੰਦਰ ਸਿੰਘ, ਡਵੀਜਨ ਫੋਰੈਸਟ ਅਫਸਰ ਜਲੰਧਰ ਰਾਜੇਸ਼ ਗੁਲਾਟੀ, ਤਹਿਸੀਲਦਾਰ ਸੁਲਤਾਪੁਰ ਲੋਧੀ ਸੀਮਾ ਸਿੰਘ, ਐਕਸੀਅਨ ਵਰਿੰਦਰ ਕੁਮਾਰ, ਫਾਰੈਸਟ ਰੇਂਜ ਅਫਸਰ ਦਵਿੰਦਰ ਪਾਲ ਸਿੰਘ, ਗੁਰੂਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਅਤੇ ਹੋਰ ਵੀ ਹਾਜ਼ਰ ਸਨ ।