550 ਸਾਲਾ ਸਮਾਗਮ ''ਚ ਪੁੱਜੇ ਖੱਟੜ ਤੇ ਜੈਰਾਮ, ਨਿਊਜ਼ੀਲੈਂਡ ਦੇ ਐੱਮ. ਪੀ. ਨੇ ਵੀ ਕੀਤੀ ਸ਼ਿਰਕਤ
Monday, Nov 11, 2019 - 06:38 PM (IST)

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) : ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਜਾ ਰਹੇ ਕੌਮਾਂਤਰੀ ਪੱਧਰ ਦੇ ਮੁੱਖ ਸਮਾਗਮਾਂ 'ਚ ਸ਼ਾਮਲ ਹੋਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕਰ, ਨਿਊਜ਼ੀਲੈਂਡ ਦੇ ਇਕੋ ਇਕ ਸਿੱਖ ਐੱਮ. ਪੀ. ਕਮਲਜੀਤ ਸਿੰਘ ਬਖਸ਼ੀ ਉਚੇਚੇ ਤੌਰ 'ਤੇ ਪੁੱਜੇ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਉਕਤ ਹਸਤੀਆਂ ਗੁ. ਸ੍ਰੀ ਬੇਰ ਸਾਹਿਬ ਨਤਮਸਤਕ ਹੋਈਆਂ ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐੱਸ. ਜੀ. ਪੀ. ਸੀ., ਡਾ. ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਆਦਿ ਵਲੋਂ ਵਿਸ਼ੇਸ਼ ਸਨਮਾਨ ਸਿਰੋਪਾਓ ਦੇ ਕੇ ਕੀਤਾ ਗਿਆ। ਪ੍ਰਕਾਸ਼ ਪੁਰਬ ਸਮਾਗਮ 'ਚ ਅੱਜ ਸੰਗਤੀ ਰੂਪ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਤੇ ਅਹੁਦੇਦਾਰ ਸਾਹਿਬਾਨ ਨੇ ਵੀ ਸ਼ਿਰਕਤ ਕੀਤੀ ।