''ਬਾਬੇ ਨਾਨਕ'' ਦੀ ਨਗਰੀ ''ਚ ਪਾਵਨ ਬੇਰੀ ਸਾਹਿਬ ਦੇ ਦਰਸ਼ਨਾਂ ਲਈ ਉਮੜਿਆ ਸੈਲਾਬ (ਤਸਵੀਰਾਂ)
Thursday, Nov 07, 2019 - 06:15 PM (IST)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ 'ਚ ਸ਼ਰਧਾਲੂ ਰੋਜ਼ਾਨਾ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਨਤਮਸਤਕ ਹੋ ਰਹੇ ਹਨ। ਸ੍ਰੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਨਗਰ ਵਿਖੇ ਆਪਣੀ ਜ਼ਿੰਦਗੀ ਦਾ ਅਹਿਮ ਸਮਾਂ ਤਕਰੀਬਨ 15 ਸਾਲ ਗੁਜਾਰਦੇ ਹੋਏ ਸੰਗਤਾਂ 'ਤੇ ਅਪਾਰ ਬਖਸ਼ਿਸ਼ਾਂ ਕੀਤੀਆਂ ਸਨ। ਸਤਿਗੁਰੂ ਜੀ ਦੇ ਚਰਨ ਕਮਲਾਂ ਸਦਕਾ ਸੁਲਤਾਨਪੁਰ ਲੋਧੀ ਨਗਰੀ ਦਾ ਚੱਪਾ-ਚੱਪਾ ਪਵਿੱਤਰ ਅਤੇ ਪੂਜਨੀਕ ਬਣ ਗਿਆ।
ਪਾਤਸ਼ਾਹ ਜੀ ਨੇ ਇਸ ਨਗਰੀ 'ਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਅਸਥਾਨ 'ਤੇ 14 ਸਾਲ 9 ਮਹੀਨੇ 13 ਦਿਨ ਰੋਜ਼ਾਨਾ ਅੰਮ੍ਰਿਤ ਵੇਲੇ ਵੇਈਂ ਨਦੀ 'ਚ ਇਸ਼ਨਾਨ ਕਰਕੇ ਅਕਾਲ ਪੁਰਖ ਦੀ ਭਗਤੀ ਕੀਤੀ ਸੀ। ਇਥੇ ਹੀ ਗੁਰੂ ਸਾਹਿਬ ਜੀ ਤੋਂ ਮੁਕਤੀ ਪ੍ਰਾਪਤ ਕਰਨ ਆਏ ਭਾਈ ਭਗੀਰਥ ਜੀ ਮਲਸੀਆਂ ਵਾਲੇ ਸਤਿਗੁਰੂ ਜੀ ਲਈ ਰੋਜ਼ਾਨਾ ਅੰਮ੍ਰਿਤ ਵੇਲੇ ਬੇਰੀ ਦੀ ਦਾਤਣ ਲੈ ਕੇ ਆਉਂਦੇ ਸਨ। ਇਥੇ ਹੀ ਪੀਰ ਖਰਬੂਜੇ ਸ਼ਾਹ ਜੀ ਅਤੇ ਭਾਈ ਮਨਸੁੱਖ ਸ਼ਾਹ ਜੀ ਵੀ ਸਤਿਗੁਰੂ ਜੀ ਦੇ ਰੋਜ਼ਾਨਾ ਦਰਸ਼ਨ ਕਰਦੇ ਅਤੇ ਸੇਵਾ 'ਚ ਹਾਜ਼ਰ ਹੁੰਦੇ ਸਨ।
ਇਤਿਹਾਸ ਅਨੁਸਾਰ ਜਦ ਸਤਿਗੁਰੂ ਪਾਤਸ਼ਾਹ ਜੀ ਤਪਦੇ ਸੜਦੇ ਸੰਸਾਰ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਠਾਰਨ ਲਈ ਉਦਾਸੀਆਂ ਧਾਰਨ ਕਰ ਲੱਗੇ ਤਾਂ ਪੀਰ ਖਰਬੂਜਾ ਸ਼ਾਹ ਜੀ ਅਤੇ ਭਾਈ ਭਗੀਰਥ ਸਾਹਿਬ ਆਦਿ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਅਸੀਂ ਆਪ ਜੀ ਦੇ ਦਰਸ਼ਨਾਂ ਬਿਨਾਂ ਕਿਵੇਂ ਰਹਿ ਸਕਦੇ ਹਾਂ ਤਾਂ ਸਤਿਗੁਰੂ ਜੀ ਨੇ ਬੇਰੀ ਦੀ ਦਾਤਣ ਵੇਈਂ ਨਦੀ ਕਿਨਾਰੇ ਗੱਡ ਕੇ ਬਚਨ ਕੀਤਾ ਕਿ ਜੋ ਵੀ ਸ਼ਰਧਾ ਨਾਲ ਇਸ ਬੇਰੀ ਦੇ ਦਰਸ਼ਨ ਕਰੇਗਾ, ਉਸ ਨੂੰ ਸਾਡੇ ਪ੍ਰਤੱਖ ਦਰਸ਼ਨ ਹੋਣਗੇ।
ਜਦ ਭਾਈ ਖਰਬੂਜੇ ਸ਼ਾਹ ਨੇ ਕਿਹਾ ਕਿ ਪਾਤਸ਼ਾਹ ਜੀ ਇਹ ਬੇਰੀ ਤਾਂ ਹਨੇਰੀ ਨਾਲ ਟੁੱਟ ਸਕਦੀ ਹੈ ਜਾਂ ਫਿਰ ਹੜ੍ਹ ਨਾਲ ਇਹ ਬੇਰੀ ਵੇਈਂ 'ਚ ਰੁੜ ਸਕਦੀ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ ਕਿ ਇਸ ਬੇਰੀ ਸਾਹਿਬ ਦੀਆਂ ਜੜ੍ਹਾਂ ਮੈ ਪਤਾਲ 'ਚ ਲਗਾ ਦਿੱਤੀਆਂ ਹਨ ਅਤੇ ਇਹ ਬੇਰੀ ਸਾਡੀ ਨਿਸ਼ਾਨੀ ਵਜੋ ਯੁਗਾਂ-ਯੁਗਾਂ ਤੱਕ ਹਰੀ ਭਰੀ ਕਾਇਮ ਰਹੇਗੀ।
ਭਾਈ ਸੁਰਜੀਤ ਸਿੰਘ ਸਭਰਾਅ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇ ਦੱਸਿਆ ਕਿ ਸੰਗਤਾਂ ਅੱਜ ਵੀ ਬੇਰੀ ਸਾਹਿਬ ਜੀ ਦੇ ਸ਼ਰਧਾ ਭਾਵ ਨਾਲ ਦਰਸ਼ਨ ਕਰਕੇ ਨਾਮ ਬਾਣੀ ਦਾ ਸਿਮਰਨ ਅਤੇ ਸੇਵਾ ਕਰਕੇ ਆਪਣੀਆਂ ਮਨੋਕਾਮਨਾਵਾਂ ਵੀ ਪੂਰੀਆਂ ਕਰਦੀਆਂ ਹਨ ਅਤੇ ਆਪਣਾ ਜੀਵਨ ਸਫਲਾ ਕਰਕੇ ਲਾਹਾ ਪ੍ਰਾਪਤ ਕਰ ਰਹੀਆਂ ਹਨ। 550 ਵੇਂ ਪ੍ਰਕਾਸ਼ ਪੁਰਬ 'ਤੇ ਅੱਜ ਵੀ ਰੋਜ ਵਾਂਗ ਲੱਖਾਂ ਸ਼ਰਧਾਲੂ ਬੇਰੀ ਸਾਹਿਬ ਦੇ ਦਰਸ਼ਨ ਅਤੇ ਪਰਕਰਮਾ ਕਰ ਰਹੇ ਹਨ।