ਜਗਰਾਓਂ ''ਚ ਮੁੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਦੀ ਬੇਅਦਬੀ (ਤਸਵੀਰਾਂ)

04/29/2017 7:01:51 PM

ਜਗਰਾਓਂ (ਜਸਬੀਰ ਸ਼ੇਤਰਾ) : ਨੇੜਲੇ ਪਿੰਡ ਲੰਮੇ ਵਿਖੇ ਸ਼ਨੀਵਾਰ ਨੂੰ ਮਾਹੋਲ ਉਦੋਂ ਸੋਗਮਈ ਹੋ ਗਿਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਸੈਂਚੀਆਂ ਦੀ ਬੇਅਦਬੀ ਸਾਹਮਣੇ ਆਈ। ਜਗਰਾਓਂ-ਰਾਏਕੋਟ ਮਾਰਗ ''ਤੇ ਪੈਂਦੇ ਪਿੰਡ ਕਮਾਲਪੁਰਾ ਤੋਂ ਥੋੜੀ ਦੂਰੀ ''ਤੇ ਸਥਿਤ ਇਸ ਪਿੰਡ ਵਿਚ ਕਿਸੇ ਨੇ ਪਾਵਨ ਸੈਂਚੀਆਂ ਪਿੰਡ ਚੀਮਾ ਨੂੰ ਜਾਂਦੇ ਰਾਹ ''ਤੇ ਸੁੱਟ ਦਿੱਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਇਨ੍ਹਾਂ ਦੋਹਾਂ ਸੈਂਚੀਆਂ ਨੂੰ ਜਿਥੇ ਸੁੱਟਿਆ ਗਿਆ ਸੀ ਉਥੇ ਰੂੜੀਆਂ ਸਥਿਤ ਹਨ। ਜਿਵੇਂ ਇਕ ਰਾਹਗੀਰ ਨੇ ਸੜਕ ਕੰਢੇ ਅੰਗ ਖਿੱਲਰੇ ਦੇਖੇ ਤਾਂ ਉਸਨੇ ਫੌਰੀ ਪਿੰਡ ਵਿਚ ਇਸ ਦੀ ਸੂਚਨਾ ਦਿੱਤੀ। ਪਿੰਡ ਵਾਸੀਆਂ ਨੇ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ। ਦੇਖਣ ਨੂੰ ਇਹ ਸੈਂਚੀਆਂ ਕਾਫੀ ਬਿਰਧ ਅਵਸਥਾ ਵਿਚ ਜਾਪਦੀਆਂ ਸਨ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਿਵੇਂ ਹੀ ਬੇਅਦਬੀ ਦੀ ਘਟਨਾ ਦੀ ਸੂਚਨਾ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਜ਼ਿਲਾ ਪੁਲਸ ਮੁਖੀ ਸੁਰਜੀਤ ਸਿੰਘ ਆਈ.ਪੀ.ਐਸ. ਨੂੰ ਮਿਲੀ ਤਾਂ ਉਹ ਖ਼ੁਦ ਮੌਕੇ ''ਤੇ ਪਹੁੰਚੇ। ਉਨ੍ਹਾ ਨਾਲ ਐਸ.ਪੀ. ਮਨਦੀਪ ਸਿੰਘ ਗਿੱਲ, ਅਨਿਲ ਕੁਮਾਰ, ਡੀ.ਐਸ.ਪੀ. ਕੰਵਰਪਾਲ ਸਿੰਘ ਬਾਜਵਾ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। ਮੌਕੇ ''ਤੇ ਗੁਰਦੁਆਰਾ ਪੰਜੂਆਣਾ ਸਾਹਿਬ ਲੰਮੇ ਜੱਟਪੁਰਾ ਦੇ ਮੁੱਖ ਸੇਵਾਦਾਰ ਬਾਬਾ ਬਲਵੀਰ ਸਿੰਘ, ਨੰਬਰਦਾਰ ਪ੍ਰੀਤਮ ਸਿੰਘ ਸਮੇਤ ਹੋਰ ਮੋਹਤਬਰ ਵੀ ਪਹੁੰਚ ਗਏ। ਪੁਲਸ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਬਾਅਦ ਵਿਚ ਗੁਰਦੁਆਰਾ ਸਾਹਿਬ ਵਿਖੇ ਇਕੱਤਰਤਾ ਹੋਈ। ਇਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੇ ਅੰਗ ਲਿਆ ਕੇ ਰੱਖੇ ਗਏ। ਐਸ.ਐਸ.ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ ਤੇ ਜਲਦ ਹੀ ਮਾਮਲਾ ਸੁਲਝਣ ਦੀ ਉਮੀਦ ਹੈ। ਗੁਰਦੁਆਰਾ ਸਾਹਿਬ ਵਿਚ ਅਰਦਾਸ ਕਰਨ ਤੋਂ ਬਾਅਦ ਇਹ ਅੰਗ ਜਗਰਾਓਂ-ਸਿੱਧਵਾਂ ਬੇਟ ਰੋਡ ''ਤੇ ਸਥਿਤ ਪਿੰਡ ਰਾਮਗੜ੍ਹ ਭੁੱਲਰ ਦੇ ਅੰਗੀਠਾ ਸਾਹਿਬ ਲਈ ਭੇਜ ਦਿੱਤੇ ਗਏ।


Gurminder Singh

Content Editor

Related News