2 ਬੱਚਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁੱਖ ਆਸ਼ਣ ਪਲੰਗ ਨੂੰ ਲਾਈ ਅੱਗ, ਘਟਨਾ ਸੀ.ਸੀ.ਟੀ.ਵੀ. 'ਚ ਹੋਈ ਕੈਦ

07/30/2018 12:03:52 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ,ਨਰਿੰਦਰ)—ਜ਼ਿਲਾ ਤਰਨਤਾਰਨ ਦੇ ਇਤਿਹਾਸਕ ਪਿੰਡ ਮਾਲੂਵਾਲ ਸੰਤਾਂ ਸਥਿਤ ਗੁਰਦੁਆਰਾ ਜਨਮ ਅਸਥਾਨ ਬਾਬਾ ਸਾਹਿਬ ਦਿੱਤਾ ਜੀ ਵਿਖੇ ਦਾਖ਼ਲ ਹੋ ਕਿ ਬੀਤੀ ਐਤਵਾਰ ਦੀ ਸ਼ਾਮ 2 ਨਾਬਾਲਗ ਬੱਚਿਆਂ ਵਲੋਂ ਸੁੱਖ ਆਸ਼ਣ (ਪਲੰਗਾ ਸਾਹਿਬ) ਨੂੰ ਮਾਚਿਸ ਨਾਲ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਘਟਨਾ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਹਾਲਾਂਕਿ ਮੌਕੇ 'ਤੇ ਇਸ ਘਟਨਾ ਦਾ ਪਤਾ ਲੱਗਣ 'ਤੇ ਬੇਸ਼ੱਕ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਿੰਘ ਵਲੋਂ ਪਲੰਗਾ ਸਹਿਬ 'ਤੇ ਸਸ਼ੋਭਿਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 3 ਬੀੜਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਪਰ ਅੱਗ ਲੱਗਣ ਨਾਲ ਚੌਰ ਸਾਹਿਬ, ਰੁਮਾਲੇ ਅਤੇ ਪੰਲਗਾ ਸਾਹਿਬ ਸੜ ਗਏ ਹਨ। ਸੋਮਵਾਰ ਨੂੰ ਮੌਕੇ 'ਤੇ ਗੁਰਦੁਆਰਾ ਸਾਹਿਬ ਵਿਖੇ ਭਾਈ ਅਮਰੀਕ ਸਿੰਘ ਅਜਨਾਲਾ ਮੁਖੀ ਦਮਦਮੀ ਟਕਸਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ, ਭਾਈ ਮਨਜੀਤ ਸਿੰਘ ਝਬਾਲ ਅਤੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪੁੱਜੀਆਂ ਅਤੇ ਪੁਲਸ ਪ੍ਰਸ਼ਾਸਨ ਨੂੰ ਘਟਨਾ ਸਬੰਧੀ ਜਾਣੂ ਕਰਾਇਆ ਗਿਆ। ਇਸ ਉਪਰੰਤ ਮੌਕੇ 'ਤੇ ਪੁੱਜੇ ਡੀ.ਐੱਸ.ਪੀ. ਸਿਟੀ ਤਰਨਤਾਰਨ ਸਤਨਾਮ ਸਿੰਘ, ਥਾਣਾ ਝਬਾਲ ਤੋਂ ਕਾਰਜਕਾਰੀ ਮੁਖੀ ਹਰਸਾ ਸਿੰਘ ਅਤੇ ਏ.ਐੱਸ.ਆਈ. ਜਸਬੀਰ ਸਿੰਘ ਵਲੋਂ ਸਾਰੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ। ਡੀ.ਐੱਸ.ਪੀ. ਸਤਨਾਮ ਸਿੰਘ ਵਲੋਂ ਸੀ.ਸੀ.ਟੀ.ਵੀ. ਫੁੱਟੇਜ ਵੀ ਚੈੱਕ ਕੀਤੀ ਗਈ ਅਤੇ ਉਨ੍ਹਾਂ ਬੱਚਿਆਂ ਤੋਂ ਵੀ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਮੌਕੇ ਭਾਈ ਸੂਬਾ ਸਿੰਘ ਰਾਮਰੌਣੀ, ਬਾਬਾ ਹਰਪ੍ਰੀਤ ਸਿੰਘ ਮਾਲੂਵਾਲ, ਭਾਈ ਸਤਨਾਮ ਸਿੰਘ ਸੋਹਲ, ਭਾਈ ਕੁਲਵੰਤ ਸਿੰਘ ਜੀਓਬਾਲਾ, ਭਾਈ ਕਸ਼ਮੀਰ ਸਿੰਘ ਬੋਹੜੂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਵੱਡੀ ਗਿਣਤੀ 'ਚ ਸਿੰਘ ਹਾਜ਼ਰ ਸਨ।

PunjabKesari
5 'ਤੇ 7 ਸਾਲ ਦੇ 2 ਚਚੇਰੇ ਭਰਾਵਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਸੀ.ਸੀ.ਟੀ.ਵੀ. ਕੈਮਰਿਆਂ 'ਚ ਸਾਫ ਦਿੱਸ ਰਿਹਾ ਹੈ ਕਿ ਐਤਵਾਰ ਦੀ ਸ਼ਾਮ 6:20 ਵਜੇ ਉਕਤ ਦੋਵੇਂ ਬੱਚੇ ਅੰਗਦ ਪੁੱਤਰ ਮਲੂਕ ਸਿੰਘ ਅਤੇ ਰੂਬਲ ਪੁੱਤਰ ਮਿਲਖਾ ਸਿੰਘ (ਉਮਰ ਕ੍ਰਮਵਾਰ 7 'ਤੇ 5 ਸਾਲ) ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਹਨ। ਗੁਰਦੁਆਰਾ ਸਾਹਿਬ ਦੇ ਅੰਦਰ ਜਗ ਰਹੀ ਜੋਤ ਦੇ ਨੇੜਿਓਂ ਮਾਚਿਸ ਫੜ•ਕੇ ਇਹ ਬੱਚੇ ਸੁੱਖ ਆਸ਼ਨ ਪਲੰਗ ਸਾਹਿਬ ਦੇ ਕੋਲ ਆਉਂਦੇ ਹਨ ਅਤੇ 6:26 ਵਜੇ ਪਲੰਗ ਸਾਹਿਬ 'ਤੇ ਪਏ ਚੌਰ ਸਾਹਿਬ ਨੂੰ ਅੱਗ ਲਾ ਦਿੰਦੇ ਹਨ। ਇਸ ਉਪਰੰਤ 6:30 ਵਜੇ ਗੁਰਦੁਆਰਾ ਸਾਹਿਬ ਦੇ ਅੰਦਰ ਇਕ ਔਰਤ ਮੱਥਾ ਟੇਕਣ ਆਉਂਦੀ ਹੈ, ਜੋ ਅੱਗ ਲੱਗੀ ਵੇਖ ਤਰੁੰਤ ਬਾਹਰ ਨਿਕਲ ਕੇ ਘਟਨਾ ਤੋਂ ਜਾਣੂ ਕਰਾਉਂਦੀ ਹੈ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਰਾਜਿੰਦਰਪਾਲ ਸਿੰਘ ਨੇ ਡੀ.ਐੱਸ.ਪੀ. ਸਤਨਾਮ ਸਿੰਘ ਨੂੰ ਦੱਸਿਆ ਕਿ ਜਦੋਂ ਉਸ ਨੂੰ ਬਾਹਰ ਵਿਹੜੇ 'ਚ ਬੈਠੇ ਨੂੰ ਆ ਕੇ ਉਕਤ ਔਰਤ ਬੀਬੀ ਸਾਂਤੀ ਕੌਰ ਨਾਂ ਦੀ ਔਰਤ ਵੱਲੋਂ ਘਟਨਾ ਸਬੰਧੀ ਦੱਸਿਆ ਜਾਂਦਾ ਹੈ ਤਾਂ ਉਸ ਵਲੋਂ ਤੁਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਤਿੰਨ ਸਰੂਪਾਂ ਨੂੰ ਅੱਗ ਤੋਂ ਬਚਾ ਲਿਆ ਜਾਂਦਾ ਹੈ ਹਾਲਾਂਕਿ ਇਕ ਸਰੂਪ ਦੇ ਉਪਰਲਾ ਕਵਰ ਥੋੜਾ ਸੜ ਜਾਂਦਾ ਹੈ।
ਬਰੀਕੀ ਨਾਲ ਕੀਤੀ ਜਾਵੇ ਜਾਂਚ, ਸਾਜਿਸ਼ ਜਾਂ ਬੱਚਿਆਂ ਦੀ ਸ਼ਰਾਰਤ-ਭਾਈ ਅਜਨਾਲਾ
ਭਾਈ ਅਮਰੀਕ ਸਿੰਘ ਅਜਨਾਲਾ ਮੁਖੀ ਦਮਦਮੀ ਟਕਸਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ, ਭਾਈ ਮਨਜੀਤ ਸਿੰਘ ਝਬਾਲ ਨੇ ਪੁਲਸ ਪ੍ਰਸ਼ਾਸਨ ਤੋਂ ਉਕਤ ਘਟਨਾ ਦੀ ਬਰੀਕੀ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਘਟਨਾ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ ਜਾਵੇ ਕਿ ਬੱਚਿਆਂ ਵਲੋਂ ਅਣਜਾਣੇ 'ਚ ਕੀਤੀ ਗਈ ਸ਼ਰਾਰਤ ਹੈ ਜਾਂ ਫਿਰ ਬੱਚਿਆਂ ਤੋਂ ਕਿਸੇ ਵਲੋਂ ਸਾਜਿਸ਼ ਤਹਿਤ ਘਟਨਾ ਨੂੰ ਅੰਜਾਮ ਦਿਵਾਇਆ ਗਿਆ ਹੈ। ਇਸ 'ਤੇ ਡੀ.ਐੱਸ.ਪੀ. ਸਤਨਾਮ ਸਿੰਘ ਨੇ ਸਿੱਖ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਬਰੀਕੀ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਉਕਤ ਘਟਨਾ ਕਿਸੇ ਸਾਜਿਸ਼ ਦਾ ਹਿੱਸਾ ਹੋਈ ਤਾਂ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। 


Related News