ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੋਖੀ ਕਹਿਣ ਵਾਲੇ ਸਾਬਿਤ ਕਰਨ : ਢੱਡਰੀਆਂ ਵਾਲੇ
Monday, Nov 12, 2018 - 09:06 AM (IST)
ਚੰਡੀਗੜ੍ਹ(ਟੱਕਰ)— ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਸਰਬੱਤ ਖਾਲਸਾ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਵਿਚਕਾਰ ਮਾਝੇ ਦੀ ਧਰਤੀ ਦੀਨਾਨਗਰ ਵਿਖੇ ਧਾਰਮਿਕ ਦੀਵਾਨਾਂ ਨੂੰ ਲੈ ਕੇ ਟਕਰਾਅ ਫਿਰ ਸ਼ੁਰੂ ਹੋ ਗਿਆ ਹੈ, ਜਿਸ ਸਬੰਧੀ ਟਕਸਾਲ ਤੇ ਕੁੱਝ ਜਥੇਬੰਦੀਆਂ ਵਲੋਂ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਪੱਤਰ ਦਿੱਤੇ ਗਏ ਹਨ ਕਿ ਢੱਡਰੀਆਂ ਵਾਲਿਆਂ ਦੇ ਧਾਰਮਿਕ ਦੀਵਾਨ ਨਾ ਕਰਵਾਏ ਜਾਣ। ਭਾਈ ਢੱਡਰੀਆਂ ਵਾਲਿਆਂ ਨੇ ਇਹ ਧਾਰਮਿਕ ਦੀਵਾਨ ਰੋਕੇ ਜਾਣ 'ਤੇ ਆਪਣੀ ਇਕ ਵੀਡੀਓ ਰਾਹੀਂ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਮੈਨੂੰ ਪੰਥ ਦਾ ਗੱਦਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੋਖੀ ਕਹਿ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗਲਤ ਪ੍ਰਚਾਰ ਕਰਨ ਵਾਲੇ ਲੋਕ ਸਾਬਿਤ ਤਾਂ ਕਰਨ ਕਿ ਕਦੋਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਖਿਲਾਫ਼ ਕੋਈ ਅਪਸ਼ਬਦ ਬੋਲੇ ਹਨ। ਉਨ੍ਹਾਂ ਕਿਹਾ ਕਿ ਦੂਸਰਾ ਮੇਰੇ 'ਤੇ ਇਲਜ਼ਾਮ ਭਾਈ ਅਮਰੀਕ ਸਿੰਘ ਨੇ ਇਹ ਲਾਇਆ ਕਿ ਮੈਂ ਅੰਮ੍ਰਿਤ ਸੰਚਾਰ ਦਾ ਵਿਰੋਧੀ ਹਾਂ ਅਤੇ ਅੱਜ ਤੱਕ ਅਜਿਹਾ ਇਕ ਵੀ ਮੇਰੇ ਵਲੋਂ ਕੀਤਾ ਗਿਆ ਪ੍ਰਚਾਰ ਜਿਸ ਵਿਚ ਮੇਰੇ ਵਲੋਂ ਕਦੇ ਵੀ ਅੰਮ੍ਰਿਤ ਸੰਚਾਰ ਵਿਰੋਧੀ ਗੱਲ ਕਹੀ ਹੋਵੇ, ਉਹ ਸਾਬਿਤ ਕਰਕੇ ਦਿਖਾਉਣ।
ਉਨ੍ਹਾਂ ਕਿਹਾ ਕਿ ਮੇਰੇ ਵਿਰੁੱਧ ਗਲਤ ਪ੍ਰਚਾਰ ਕਰਨ ਵਾਲੇ ਸਬੂਤ ਲਿਆ ਕੇ ਦਿਖਾਉਣ ਕਿ ਉਨ੍ਹਾਂ ਕਦੋਂ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਮਾਝੇ ਦੀ ਧਰਤੀ ਦੀਨਾਨਗਰ ਵਿਖੇ ਉਥੋਂ ਦੀ ਸੰਗਤ ਮੇਰੇ ਦੀਵਾਨ ਸੁਣਨਾ ਚਾਹੁੰਦੀ ਹੈ ਪਰ ਕੁੱਝ ਕੁ ਬੰਦੇ ਨਹੀਂ ਚਾਹੁੰਦੇ ਕਿ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ। ਉਨ੍ਹਾਂ ਕਿਹਾ ਕਿ ਹੁਣ ਪੁਲਸ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਇਹ ਧਾਰਮਿਕ ਦੀਵਾਨ ਸ਼ਾਂਤਮਈ ਢੰਗ ਨਾਲ ਉਥੇ ਹੋਣ ਅਤੇ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਦੀਨਾਨਗਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਦੀਵਾਨ ਹੋਣਗੇ।
ਜੇ ਭਾਈ ਰਣਜੀਤ ਸਿੰਘ ਸੱਚਾ ਹੈ ਤਾਂ ਸਾਡੇ ਨਾਲ ਬੈਠ ਕੇ ਵਿਚਾਰ ਕਰੇ : ਭਾਈ ਅਜਨਾਲਾ
ਸਰਬੱਤ ਖਾਲਸਾ ਦੇ ਮਤਵਾਜ਼ੀ ਜਥੇ. ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਮੈਂ ਹੀ ਨਹੀਂ ਬਲਕਿ ਸੰਗਤ ਵੀ ਕਹਿੰਦੀ ਹੈ ਕਿ ਭਾਈ ਰਣਜੀਤ ਸਿੰਘ ਪੰਥ ਦਾ ਦੋਖੀ ਹੈ ਅਤੇ ਜੇਕਰ ਉਹ ਸੱਚਾ ਹੈ ਤਾਂ ਉਹ ਜਦੋਂ ਸਾਡੇ ਸਿੰਘ ਜਾਂ ਜਥੇਬੰਦੀਆਂ ਦੇ ਨੁਮਾਇੰਦੇ ਮਿਲਣ ਜਾਂਦੇ ਹਨ ਤਾਂ ਉਨ੍ਹਾਂ ਨਾਲ ਬੈਠ ਕੇ ਵਿਚਾਰ ਕਰੇ ਅਤੇ ਆਪਣਾ ਪੱਖ ਰੱਖੇ। ਉਨ੍ਹਾਂ ਕਿਹਾ ਕਿ ਮੈਂ ਭਾਈ ਰਣਜੀਤ ਸਿੰਘ ਨੂੰ ਝੂਠਾ ਨਹੀਂ ਕਹਿੰਦਾ, ਉਹ ਸਿੰਘਾਂ ਨਾਲ ਵਿਚਾਰ ਤੋਂ ਬਾਅਦ ਸਪੱਸ਼ਟ ਹੋ ਜਾਵੇਗਾ ਕਿ ਅਸੀਂ ਝੂਠੇ ਹਾਂ ਕਿ ਉਹ ਝੂਠਾ ਹੈ। ਭਾਈ ਅਜਨਾਲਾ ਨੇ ਕਿਹਾ ਕਿ ਸਾਡੇ ਨਾਲ ਜੋ ਵਿਚਾਰ ਕਰਨ ਲਈ ਸਮਾਂ, ਜਗ੍ਹਾ ਤੇ ਮਿਤੀ ਭਾਈ ਰਣਜੀਤ ਸਿੰਘ ਤੈਅ ਕਰੇ ਅਤੇ ਵਿਚਾਰਾਂ ਦੇ ਫੈਸਲੇ ਤੋਂ ਬਾਅਦ ਸੰਗਤ ਨੇ ਫੈਸਲਾ ਕਰ ਦੇਣਾ ਹੈ ਕਿ ਕੌਣ ਗਲਤ ਤੇ ਕੌਣ ਸਹੀ ਹੈ।