ਚੰਨੀ ਵੱਲੋਂ ਕੈਪਟਨ ਦਾ ਧੰਨਵਾਦ
Sunday, Dec 24, 2017 - 06:47 PM (IST)

ਰੂਪਨਗਰ (ਵਿਜੇ)— ਰਾਜ ਦੇ ਤਕਨੀਤੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚਮਕੌਰ ਸਾਹਿਬ ਵਿਚ ਬਣਾਈ ਜਾਣ ਵਾਲੀ ਸਕਿੱਲ ਯੂਨੀਵਰਸਿਟੀ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਰੱਖਣ ਅਤੇ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਰਾਸ਼ਟਰੀ ਰਾਜਮਾਰਗ ਬਣਾਉਣ ਲਈ ਰੱਖ ਗਏ ਪ੍ਰਸਤਾਵ ਪ੍ਰਤੀ ਧੰਨਵਾਦ ਜ਼ਾਹਰ ਕੀਤਾ। ਚੰਨੀ ਨੇ ਦੱਸਿਆ ਕਿ ਇਹ ਮਾਰਗ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਨੂੰ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਨਾਲ ਜੋੜਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਦਿਹਾੜੇ 'ਤੇ ਰਾਜ ਪੱਧਰੀ ਸਮਾਗਮ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਚ ਇਹ ਐਲਾਨ ਕੀਤੇ ਹਨ।
ਸ੍ਰੀ ਚੰਨੀ ਨੇ ਦੱਸਿਆ ਕਿ 100 ਕਰੋੜ ਰੁਪਏ ਦੀ ਲਾਗਤ ਨਾਲ ਚਮਕੌਰ ਸਾਹਿਬ ਵਿਚ ਬਣਨ ਵਾਲੀ ਇਸ ਯੂਨੀਵਰਸਿਟੀ ਨੂੰ ਪਹਿਲਾਂ ਹੀ ਪ੍ਰਦੇਸ਼ ਸਰਕਾਰ ਦੁਆਰਾ ਬਜਟ ਸੈਸ਼ਨ ਵਿਚ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਉੱਜਵਲ ਭਵਿੱਖ ਅਤੇ ਉਨ੍ਹਾਂ ਨੂੰ ਸਮੇਂ ਦਾ ਸਾਥੀ ਬਣਾਉਣ ਲਈ ਸੂਬਾ ਸਰਕਾਰ ਵਲੋਂ ਇਹ ਯੋਗ ਕਦਮ ਚੁੱਕੇ ਗਏ ਹਨ। ਵਿਲੱਖਣਤਾ ਦੇ ਲਿਹਾਜ ਤੋਂ ਇਹ ਵੀ ਆਪਣੇ ਆਪ ਵਿਚ ਉੱਤਰੀ ਭਾਰਤ ਵਿਚ ਪਹਿਲੀ ਅਤੇ ਦੇਸ਼ ਦੀ ਦੂਜੀ ਸਕਿੱਲ ਯੂਨੀਵਰਸਿਟੀ ਹੈ ਜੋ ਨੌਜਵਾਨਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਰੋਜਗਾਰ ਦੇ ਨਵੇਂ ਵਸੀਲੇ ਪ੍ਰਦਾਨ ਕਰੇਗੀ।