ਸ੍ਰੀ ਦਰਬਾਰ ਸਾਹਿਬ ’ਤੇ ਕੀਤਾ ਫੌਜੀ ਹਮਲਾ ਤੀਸਰੇ ਘੱਲੂਘਾਰੇ ਦੇ ਤੌਰ ’ਤੇ ਹੋ ਚੁੱਕਾ ਹੈ ਸਥਾਪਿਤ

06/04/2021 11:59:58 AM

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

ਜੂਨ, 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤਾ ਗਿਆ ਫ਼ੌਜੀ ਹਮਲਾ ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਸਥਾਪਿਤ ਹੋ ਚੁੱਕਾ ਹੈ। ਫੌਜ ਵੱਲੋਂ ਟੈਂਕਾਂ ਅਤੇ ਤੋਪਾਂ ਦੁਆਰਾ ‘ਸ੍ਰੀ ਦਰਬਾਰ ਸਾਹਿਬ’ ’ਤੇ ਕੀਤਾ ਗਿਆ ਹਮਲਾ ‘ਪ੍ਰਮਾਤਮਾ ਦੇ ਘਰ’ ’ਤੇ ਹਮਲਾ ਸੀ। ਸ੍ਰੀ ਦਰਬਾਰ ਸਾਹਿਬ ਦੇ ਚਹੁੰ-ਦਿਸ਼ਾਵਾਂ ਵਿੱਚ ਸਦਾ ਖੁੱਲ੍ਹੇ ਰਹਿਣ ਵਾਲੇ ਚਾਰ ਦਰਵਾਜ਼ੇ ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਹਨ, ਜਿੱਥੋਂ ਸਦਾ ਹੀ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦਾ ਸੰਦੇਸ਼ ਝਲਕਦਾ ਹੈ।

ਜੂਨ, 84 ਦੇ ਘੱਲੂਘਾਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿੱਕ ’ਚ ਵੀ ਗੋਲੀਆਂ ਮਾਰੀਆਂ ਗਈਆਂ, ਜਿਨ੍ਹਾਂ ਨੂੰ ਦੁਨੀਆ ਦਾ ਹਰ ਸਿੱਖ ਹਾਜ਼ਰ-ਨਾਜ਼ਰ ਗੁਰੂ ਮੰਨਦਾ ਹੈ। ਭਾਰਤੀ ਫੌਜ ਵੱਲੋਂ ਗੋਲੀਆਂ ਨਾਲ ਛਲਣੀ ਕੀਤੇ ਗੁਰੂ ਸਾਹਿਬ ਦੇ ਸਰੂਪ ਅੱਜ ਵੀ ਸ੍ਰੀ ਦਰਬਾਰ ਸਾਹਿਬ ਅੰਦਰ ਸੁਸ਼ੋਭਿਤ ਫੌਜੀ ਹਮਲੇ ਦੀ ਗਵਾਹੀ ਭਰਦੇ ਹਨ। ਬੰਦਗੀ ਦੇ ਘਰ ’ਤੇ ਕੀਤੇ ਭਾਰਤੀ ਫ਼ੌਜ ਦੇ ਇਸ ਹਮਲੇ ਨੇ ਸਿਰਫ਼ ਸਿੱਖਾਂ ਦੇ ਹੀ ਨਹੀਂ ਸਗੋਂ ਹਰ ਧਰਮ ਦੇ ਮਨੁੱਖਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ।

ਕੇਂਦਰ ਵਿਚ ਉਸ ਸਮੇਂ ਦੀ ਕਾਂਗਰਸ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 3 ਜੂਨ ਦਾ ਸਮਾਂ ਮਿੱਥਿਆ ਗਿਆ। ਸਿੱਖਾਂ ਵੱਲੋਂ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ’ਤੇ ਲਗਾਈਆਂ ਠੰਡੇ ਪਾਣੀ ਦੀਆਂ ਛਬੀਲਾਂ ਉਪਰ ਫੌਜ ਦੁਆਰਾ ਬਾਰੂਦ ਦੇ ਦਾਗੇ ਗੋਲੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਹੋਰ ਵੀ ਉਤੇਜਿਤ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਦਸ਼ਾਹ ਜਹਾਂਗੀਰ ਦੇ ਭਾਰਤ ’ਚ ਮਚਾਏ ਕਹਿਰ ਨੂੰ ਠੱਲ੍ਹਣ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਦਿੱਤੀ ਗਈ ਕੁਰਬਾਨੀ ਸੀ।

ਹਿੰਦੁਸਤਾਨ ਉਪਰ ਮੁਗਲਾਂ ਦੁਆਰਾ ਕੀਤੇ ਅੱਤਿਆਚਾਰ ਨੂੰ ਰੋਕਣ ਦੀ ਸ਼ੁਰੂਆਤ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਲਲਕਾਰ ਕੇ ਕੀਤੀ ਸੀ। ਜਦੋਂ ਮੁਗਲ ਹਕੂਮਤ ਨੇ ਕਸ਼ਮੀਰੀ ਪੰਡਿਤਾਂ ਦੇ ਜੰਝੂ ਲਾਹ ਕੇ ਉਨ੍ਹਾਂ ਨੂੰ ਅਪਮਾਨਿਤ ਕੀਤਾ ਅਤੇ ਹਿੰਦੁਸਤਾਨ ’ਚ ਪਵਿੱਤਰ ਮੰਦਿਰਾਂ ਨੂੰ ਨਿਸ਼ਾਨਾ ਬਣਾ ਕੇ ਮੰਦਿਰ ਢਾਹੇ ਗਏ ਤਾਂ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੋਤਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਕ ਵਿੱਚ ਸ਼ਹਾਦਤ ਦੇ ਕੇ ‘ਹਿੰਦ ਦੀ ਚਾਦਰ’ ਹੋਣ ਦਾ ਮਾਣ ਪ੍ਰਾਪਤ ਕੀਤਾ। ਉਸੇ ਵਿਰਾਸਤ ਨੇ ਚਮਕੌਰ ਦੇ ਮੈਦਾਨ ਅਤੇ ਸਰਹਿੰਦ ਦੀਆਂ ਦੀਵਾਰਾਂ ’ਚ ਸ਼ਹਾਦਤਾਂ ਦੇ ਕੇ ਸਿੱਖ ਧਰਮ ਦਾ ਇਤਿਹਾਸ ਰਚਿਆ। ਸਿੱਖਾਂ ਨੇ ਜਬਰ-ਜ਼ੁਲਮ ਅਤੇ ਅਨਿਆਂ ਦੀ ਹਕੂਮਤ ਦਾ ਅੰਤ ਕਰ ਕੇ ਸੂਬਾ ਸਰਹਿੰਦ ਵਜ਼ੀਰ ਖਾਂ ਦਾ ਚੱਪੜਚਿੜੀ ਦੇ ਮੈਦਾਨ ’ਚ ਸਿਰ ਲਾਹ ਕੇ 700 ਸਾਲ ਪੁਰਾਣੀ ਮੁਗਲ ਬਾਦਸ਼ਾਹਤ ਦਾ ਅੰਤ ਕਰ ਕੇ ਸਰਹਿੰਦ ਫਤਹਿ ਕਰਵਾਇਆ। ਸਿੱਖਾਂ ਨੇ ਜਿੱਥੇ ਸਰਹਿੰਦ ਫਤਹਿ ਕਰ ਕੇ ‘ਖਾਲਸਾ ਰਾਜ’ ਦੀ ਨੀਂਹ ਰੱਖੀ, ਉਥੇ ਹੀ ਹਿੰਦੁਸਤਾਨੀਆਂ ਨੂੰ ਪਹਿਲੀ ਵਾਰ ਆਜ਼ਾਦੀ ਦੀ ਕਿਰਨ ਵੀ ਦਿਖਾਈ।

ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਲਈ ਭਾਰਤੀ ਫ਼ੌਜ ਨੂੰ ਵਰਤਿਆ ਜਾਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਭਾਰਤੀ ਫੌਜ ਜਾਤ, ਧਰਮ, ਸਿਆਸਤ ਅਤੇ ਹੋਰ ਕਿਸੇ ਵੀ ਵਖਰੇਵੇਂ ਤੋਂ ਉੱਪਰ ਉੱਠ ਕੇ ਇਕ ਜ਼ਬਤ ਵਿਚ ਰਹਿਣ ਵਾਲੀ ਨਿਰੋਲ ਪ੍ਰੋਫੈਸ਼ਨਲ ਫੋਰਸ ਵਜੋਂ ਜਾਣੀ ਜਾਂਦੀ ਹੈ। ਫੌਜ ਦੀ ਵਰਤੋਂ ਹਮੇਸ਼ਾ ਹੀ ਦੁਸ਼ਮਣਾਂ ਤੋਂ ਦੇਸ਼ ਦੀ ਰਖਵਾਲੀ ਕਰਨ ਲਈ ਸਰਹੱਦਾਂ ’ਤੇ ਕੀਤੀ ਜਾਂਦੀ ਹੈ ਪ੍ਰੰਤੂ ਉਸ ਸਮੇਂ ਦੇਸ਼ ਦੇ ਕਿਸੇ ਇਕ ਭਾਈਚਾਰੇ ਜਾਂ ਧਰਮ ਨੂੰ ਨਿਸ਼ਾਨਾ ਬਣਾ ਕੇ ਨਸਲਕੁਸ਼ੀ ਕਰਨ ਲਈ ਫੌਜ ਦੀ ਕੀਤੀ ਵਰਤੋਂ ਸਿੱਖ ਕੌਮ ਨੂੰ ਰਹਿੰਦੀ ਦੁਨੀਆ ਤੱਕ ਯਾਦ ਰਹੇਗੀ।

ਜੂਨ, 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਨੇ ਜਿੱਥੇ ਦੇਸ਼ ਅੰਦਰ ਕਾਂਗਰਸ ਦੇ ਚਿਹਰੇ ਨੂੰ ਕਾਲਖ ਮਲ ਕੇ ਦਾਗ਼ੀ ਕੀਤਾ, ਉੱਥੇ ਹੀ ਸੰਸਾਰ ਭਰ ’ਚ ਸ਼ਰਮਸਾਰ ਕੀਤਾ। ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੇ 30 ਸਾਲਾਂ ਬਾਅਦ ਬਰਤਾਨਵੀ ਸੰਸਦ ਵੱਲੋਂ ਹਮਲੇ ਨਾਲ ਸੰਬੰਧਤ ਗੁਪਤ-ਦਸਤਾਵੇਜ਼ਾਂ ਦੇ ਬਾਹਰ ਆਉਣ ਨਾਲ ਇਹ ਸਾਬਿਤ ਹੁੰਦਾ ਹੈ ਕਿ ਹਮਲਾ ਕਰਨ ਸਮੇਂ ਉਸ ਸਮੇਂ ਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਹਮਲੇ ਦੀ ਯੋਜਨਾ ਉਲੀਕੀ ਗਈ ਸੀ।

ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ ਬਰਤਾਨਵੀ ਕਮਾਂਡੋ ਫੋਰਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਰੇਕੀ ਕਰਨ ਦੇ ਤੱਥ ਸਾਹਮਣੇ ਆਉਣ ਨਾਲ ਉਸ ਸਮੇਂ ਦੀ ਕਾਂਗਰਸ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦੀ ਹੈ ਕਿ ਕਿਵੇਂ ਇਕ ਆਜ਼ਾਦ ਮੁਲਕ ਦੀ ਸਰਕਾਰ ਆਪਣੇ ਹੀ ਦੇਸ਼ ਦੇ ਨਾਗਰਿਕਾਂ ਅਤੇ ਉਨ੍ਹਾਂ ਦੇ ਧਰਮ ਨੂੰ ਮਿਟਾਉਣ ਲਈ ਉਸ ਵਿਦੇਸ਼ੀ ਸਰਕਾਰ ਦੀ ਵਰਤੋਂ ਕਰਦੀ ਹੈ, ਜਿਸ ਨੇ ਭਾਰਤ ਵਾਸੀਆਂ ਨੂੰ 200 ਸਾਲ ਆਪਣਾ ਗੁਲਾਮ ਬਣਾ ਕੇ ਰੱਖਿਆ।

ਹਰ ਸਾਲ ਜੂਨ ਦਾ ਇਹ ਹਫਤਾ ਸਾਡੇ ਲਈ ਜੂਨ, 1984 ਨੂੰ ਚੇਤੇ ਕਰਵਾਉਂਦਾ ਹੋਇਆ ਕਈ ਤਰ੍ਹਾਂ ਦੇ ਸਵਾਲ ਅਤੇ ਚੁਣੌਤੀਆਂ ਛੱਡ ਕੇ ਚਲਾ ਜਾਂਦਾ ਹੈ। ਭਾਰਤੀ ਫ਼ੌਜਾਂ ਵੱਲੋਂ ਜੂਨ, 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਕੀਤਾ ਗਿਆ ਵਹਿਸ਼ੀਆਨਾ ਹਮਲਾ ਆਜ਼ਾਦ ਭਾਰਤ ਦੇ ਇਤਿਹਾਸ ਦੀ ਸਭ ਤੋਂ ਮੰਦਭਾਗੀ ਅਤੇ ਕਲੰਕਿਤ ਘਟਨਾ ਹੈ। ਇਸ ਨੂੰ ਯਾਦ ਕਰਦਿਆਂ ਅੱਜ ਵੀ ਦਿਲ ਕੰਬ ਜਾਂਦਾ ਹੈ। ਇਸ ਘਟਨਾ ਨੇ ਪੰਜਾਬ ਦੀ ਸਿਆਸਤ ਅਤੇ ਸਮਾਜਿਕ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਸਮੇਂ ਦਾ ਲੰਬਾ ਦੌਰ ਬੀਤ ਜਾਣ ਤੋਂ ਬਾਅਦ ਵੀ 3 ਤੋਂ 6 ਜੂਨ ਦੀਆਂ ਇਹ ਦਰਦਨਾਕ, ਖੌਫ਼ਨਾਕ ਘਟਨਾਵਾਂ ਹਰ ਸਾਲ ਰੌਂਗਟੇ ਖੜ੍ਹੇ ਕਰ ਦਿੰਦੀਆਂ ਹਨ।

ਆਜ਼ਾਦ ਭਾਰਤ ਦਾ ਰਾਜਸੀ, ਸਮਾਜਿਕ, ਆਰਥਿਕ ਅਤੇ ਕਾਨੂੰਨੀ ਪ੍ਰਬੰਧ ਲਿਖਤੀ ਸੰਵਿਧਾਨ ਅਨੁਸਾਰ ਚਲਦਾ ਹੈ। ਭਾਰਤੀ ਸੰਵਿਧਾਨ ਦੀ ਆਤਮਾ ‘ਪ੍ਰਸਤਾਵਨਾ’ ’ਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਇਹ ਦੇਸ਼ ਪ੍ਰਭੂਸੱਤਾ, ਧਰਮ-ਨਿਰਪੱਖ ਅਤੇ ਲੋਕਤੰਤਰੀ ਰਾਜ ਹੈ। ਭਾਰਤੀ ਸੰਵਿਧਾਨ ਨਾ ਸਿਰਫ਼ ਇਕ ਕਾਨੂੰਨੀ ਦਸਤਾਵੇਜ਼ ਹੈ, ਜੋ ਦੇਸ਼ ਦੇ ਢਾਂਚੇ ਅਤੇ ਅੰਗਾਂ ਦਾ ਵੇਰਵਾ ਦਿੰਦਾ ਹੈ, ਸਗੋਂ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰ, ਕਰਤੱਵ ਅਤੇ ਆਜ਼ਾਦੀ ਦਾ ਇਕ ਚਾਰਟਰ ਹੈ। ਭਾਵ ਇੱਥੋਂ ਦੀਆਂ ਸਰਕਾਰਾਂ ਲੋਕ ਹਿੱਤਾਂ ਲਈ ਕੰਮ ਕਰਨਗੀਆਂ। ਦੇਸ਼ ਦੇ ਹਰ ਨਾਗਰਿਕ ਨੂੰ ਆਪਣੇ ਵਿਚਾਰ ਰੱਖਣ ਅਤੇ ਲਿਖਣ ਦੀ ਸੰਪੂਰਨ ਆਜ਼ਾਦੀ ਹੋਵੇਗੀ। ਸਾਰੇ ਧਰਮਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ ਜਾਵੇਗਾ। ਸੰਵਿਧਾਨ ’ਚ ਦਰਜ ਮੌਲਿਕ ਨਾਗਰਿਕ ਅਧਿਕਾਰ ਅਤੇ ਬੁਨਿਆਦੀ ਆਜ਼ਾਦੀ ਭਾਰਤੀ ਲੋਕਤੰਤਰ ਦੀ ਹੋਂਦ ਦੇ ਮਹੱਤਵਪੂਰਨ ਤੱਤਾਂ ’ਚੋਂ ਇਕ ਹੈ ਪਰ ਜੂਨ, 1984 ਵਿੱਚ ਕੇਂਦਰ ਸਰਕਾਰ ਦੇ ਹੁਕਮ ’ਤੇ ਮੁਲਕ ਦੇ ਇਕ ਬਹੁਤ ਛੋਟੇ ਪਰ ਮਹੱਤਵਪੂਰਨ ਘੱਟਗਿਣਤੀ ਭਾਈਚਾਰੇ ਦੇ ਸਭ ਤੋਂ ਮੁਕੱਦਸ ਅਸਥਾਨ ਉਤੇ ਫ਼ੌਜੀ ਹਮਲਾ ਕਰ ਕੇ ਮੁਲਕ ਦੇ ਸੰਵਿਧਾਨ ਦੀ ਰੂਹ ਨੂੰ ਵੀ ਕਤਲ ਕਰ ਦਿੱਤਾ ਸੀ।


rajwinder kaur

Content Editor

Related News