ਸ੍ਰੀ ਦਰਬਾਰ ਸਾਹਿਬ ਗੁ. ਬਾਬਾ ਅਟੱਲ ਵਾਲੀ ਸਾਈਡ ''ਤੇ ਖੜ੍ਹਾ ਹੈ ਸੀਵਰੇਜ ਦਾ ਗੰਦਾ ਪਾਣੀ
Thursday, Apr 12, 2018 - 04:38 AM (IST)
ਅੰਮ੍ਰਿਤਸਰ, (ਕਮਲ)- ਸਮਾਰਟ ਸਿਟੀ ਬਣਾਉਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਹੋ ਗਈ ਹੈ ਕਿਉਂਕਿ ਸ੍ਰੀ ਦਰਬਾਰ ਸਾਹਿਬ ਜਿਥੇ ਸਾਫ-ਸਫਾਈ ਦਾ ਨਾਅਰਾ ਦਿੱਤਾ ਗਿਆ ਸੀ, ਉਥੇ ਗੁ. ਬਾਬਾ ਅਟੱਲ ਵਾਲੀ ਸਾਈਡ 'ਤੇ ਹੀ ਸੀਵਰੇਜ ਸਿਸਟਮ ਇੰਨਾ ਖਰਾਬ ਹੈ ਕਿ ਗੰਦਾ ਪਾਣੀ ਸੜਕ 'ਤੇ ਖੜ੍ਹਾ ਹੋ ਜਾਂਦਾ ਹੈ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਸੀਵਰੇਜ ਦੇ ਗੰਦੇ ਪਾਣੀ 'ਚੋਂ ਲੰਘ ਕੇ ਹੀ ਅੱਗੇ ਜਾਂਦੇ ਹਨ ਪਰ ਨਗਰ ਨਿਗਮ ਦਾ ਦਾਅਵਾ ਹੈ ਕਿ ਉਹ ਦਰਬਾਰ ਸਾਹਿਬ ਦੇ ਨੇੜੇ ਸਫਾਈ ਦਾ ਪੂਰਾ ਧਿਆਨ ਰੱਖ ਰਹੀ ਹੈ ਪਰ ਸੀਵਰੇਜ ਸਿਸਟਮ ਖਰਾਬ ਹੋਣ ਕਾਰਨ ਉਥੋਂ ਲੰਘਣ ਵਾਲੇ ਰਾਹਗੀਰ ਨਿਗਮ ਨੂੰ ਕੋਸ ਰਹੇ ਹਨ। ਇਥੋਂ ਦੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਆਉਣ 'ਤੇ ਦਰਬਾਰ ਸਾਹਿਬ ਦੀ ਸਾਫ-ਸਫਾਈ ਅਤੇ ਟ੍ਰੈਫਿਕ ਦਾ ਬੁਰਾ ਹਾਲ ਹੋ ਗਿਆ ਹੈ। ਜਗ੍ਹਾ-ਜਗ੍ਹਾ ਗੰਦਗੀ ਦੇਖੀ ਜਾ ਸਕਦੀ ਹੈ। ਚਾਰੇ ਪਾਸੇ ਰੇਹੜੀਆਂ-ਫੜ੍ਹੀਆਂ ਨਜ਼ਰ ਆ ਰਹੀਆਂ ਹਨ। ਪੈਦਲ ਚੱਲਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਨਿਗਮ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਸਬੰਧੀ ਵਾਰਡ-4 ਦੇ ਭਾਜਪਾ ਕੌਂਸਲਰ ਜਰਨੈਲ ਸਿੰਘ ਢੋਟ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ 'ਚ ਹਰ ਪਾਸੇ ਸਫਾਈ ਅਤੇ ਸੀਵਰੇਜ ਸਿਸਟਮ ਦਾ ਖਿਆਲ ਰੱਖਿਆ ਜਾਂਦਾ ਸੀ ਪਰ ਜਦੋਂ ਤੋਂ ਪੰਜਾਬ 'ਚ ਕਾਂਗਰਸ ਸਰਕਾਰ ਆਈ ਹੈ, ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਸੀਵਰੇਜ ਬੰਦ ਹੋ ਰਹੇ ਹਨ, ਪਾਣੀ ਸੜਕਾਂ 'ਤੇ ਆ ਰਿਹਾ ਹੈ, ਜਿਸ ਵੱਲ ਕਈ ਵਾਰ ਨਿਗਮ ਅਧਿਕਾਰੀਆਂ ਦਾ ਧਿਆਨ ਦਿਵਾਇਆ ਗਿਆ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ।
