ਲੋਕ ਸਭਾ ਚੋਣਾਂ: ਟਕਸਾਲੀ ਅਕਾਲੀ ਪ੍ਰਭਾਵਿਤ ਕਰਨਗੇ ਸ੍ਰੀ ਆਨੰਦਪੁਰ ਸਾਹਿਬ ਸੀਟ ਦਾ ਨਤੀਜਾ

02/20/2019 12:18:11 PM

ਸ੍ਰੀ ਆਨੰਦੁਰ ਸਾਹਿਬ— ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਥਿਤੀ ਕਮਜ਼ੋਰ ਹੋਣ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ ਪਿਛਲੀਆਂ ਚੋਣਾਂ ਦੌਰਾਨ 'ਆਪ' ਦੇ ਪੱਖ 'ਚ ਵੋਟ ਪਾਉਣ ਵਾਲੇ ਵੋਟਰਾਂ ਦਾ ਰੁਖ ਹੀ 2019 ਦੀਆਂ ਚੋਣਾਂ ਦਾ ਨਤੀਜਾ ਤੈਅ ਕਰੇਗਾ। ਪਿਛਲੀ ਵਾਰ ਦੀਆਂ ਚੋਣਾਂ 'ਚ 'ਆਪ' ਨੂੰ ਇਸ ਸੀਟ 'ਤੇ 306008 ਵੋਟਾਂ ਮਿਲੀਆਂ ਸਨ ਅਤੇ ਉਹ ਤੀਜੇ ਸਥਾਨ 'ਤੇ ਰਹੇ ਸਨ।
ਇਸ ਵਾਰ 'ਆਪ' ਦੀ ਸਥਿਤੀ ਕਮਜ਼ੋਰ ਮੰਨੀ ਜਾ ਰਹੀ ਹੈ ਕਿਉਂਕਿ ਪਾਰਟੀ ਦੋ ਧੜਿਆਂ 'ਚ ਵੰਡੀ ਗਈ ਹੈ ਅਤੇ ਇਸ ਸੀਟ 'ਤੇ ਪੰਥਕ ਵੋਟਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਅਕਾਲੀ ਦਲ (ਟਕਸਾਲੀ) ਦਾ ਉਮੀਦਵਾਰ ਪੰਥਕ ਵੋਟਾਂ 'ਚ ਸੰਨ੍ਹ ਲਗਾ ਸਕਦਾ ਹੈ। ਅਕਾਲੀ ਦਲ (ਟਕਸਾਲੀ) ਦੇ ਪੱਖ 'ਚ ਪੈਣ ਵਾਲੀਆਂ ਵੋਟਾਂ ਹੀ ਇਸ ਸੀਟ ਦਾ ਨਤੀਜਾ ਪ੍ਰਭਾਵਿਤ ਕਰਨਗੀਆਂ। 
ਹਾਲਾਂਕਿ ਕਾਂਗਰਸ ਇਸ ਸੀਟ 'ਤੇ ਹਿੰਦੂ ਉਮੀਦਵਾਰ ਵੀ ਉਤਾਰ ਸਕਦੀ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਹਿੰਦੂ ਵੋਟਾਂ ਦਾ ਧਰੁਵੀਕਰਨ ਕਾਂਗਰਸ ਦੇ ਪੱਖ 'ਚ ਹੋ ਸਕਦਾ ਹੈ ਪਰ ਇਸ ਸਭ ਦੇ ਬਾਵਜੂਦ ਇਸ ਸੀਟ 'ਤੇ ਫੈਸਲਾ ਬਸਪਾ ਅਤੇ 'ਆਪ' ਦੇ ਪੱਖ 'ਚ ਪਿਛਲੀ ਵਾਰ ਵੋਟ ਕਰਨ ਵਾਲੇ ਲਗਭਗ 4 ਲੱਖ ਵੋਟਰ ਹੀ ਕਰਨਗੇ।
2008 ਦੀ ਡਿਲਿਮੀਟੇਸ਼ਨ ਤੋਂ ਬਾਅਦ ਬਦਲਿਆ ਨਾਂ
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਪਹਿਲਾਂ ਰੋਪੜ ਲੋਕ ਸਭਾ ਸੀਟ ਦੇ ਨਾਂ ਨਾਲ ਜਾਣੀ ਜਾਂਦੀ ਸੀ। 2008 ਦੀ ਡਿਲਿਮੀਟੇਸ਼ਨ ਤੋਂ ਬਾਅਦ ਇਸ ਸੀਟ ਦਾ ਨਾਂ ਬਦਲ ਕੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਕੀਤਾ ਗਿਆ। ਉਸ ਤੋਂ ਬਾਅਦ ਇਸ ਸੀਟ 'ਤੇ 2 ਵਾਰ ਚੋਣਾਂ ਹੋਈਆਂ। ਇਨ੍ਹਾਂ 'ਚੋਂ 2009 'ਚ ਕਾਂਗਰਸ ਦੇ ਰਵਨੀਤ ਬਿੱਟੂ ਅਤੇ 2014 'ਚ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਜੇਤੂ ਰਹੇ ਸਨ।
ਕਾਂਗਰਸ ਉਤਾਰ ਸਕਦੀ ਹੈ ਹਿੰਦੂ ਉਮੀਦਵਾਰ
ਪਿਛਲੀ ਵਾਰ ਦੀ ਕਾਂਗਰਸ ਨੇ ਇਸ ਸੀਟ 'ਤੇ ਅੰਬਿਕਾ ਸੋਨੀ ਨੂੰ ਮੈਦਾਨ 'ਚ ਉਤਾਰਿਆ ਸੀ ਅਤੇ ਉਹ ਦੂਜੇ ਨੰਬਰ 'ਤੇ ਰਹੀ ਸੀ। ਇਸ ਵਾਰ ਕਾਂਗਰਸ ਵੱਲੋਂ ਇਸ ਸੀਟ 'ਤੇ ਮੁਨੀਸ਼ ਤਿਵਾੜੀ ਦਾ ਨਾਂ ਵੀ ਲਿਆ ਜਾ ਰਿਹਾ ਹੈ। ਭਾਵੇਂ ਲੁਧਿਆਣਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਮੁਨੀਸ਼ ਤਿਵਾੜੀ ਨੇ ਚੰਡੀਗੜ੍ਹ ਦੀ ਸੀਟ ਤੋਂ ਲੜਨ ਲਈ ਦਾਅਵੇਦਾਰ ਕੀਤੀ ਹੈ ਪਰ ਜੇਕਰ ਕਾਂਗਰਸ ਨੇ ਇਸ ਸੀਟ ਤੋਂ ਹਿੰਦੂ ਉਮੀਦਵਾਰ ਉਤਾਰਿਆ ਤਾਂ ਮੁਨੀਸ਼ ਤਿਵਾੜੀ ਦਾ ਨਾਂ ਆ ਸਕਦਾ ਹੈ। ਪਾਰਟੀ ਦੀਆਂ ਅੰਦਰੂਨੀ ਰਿਪੋਰਟਾਂ 'ਚ ਵੀ ਕਈ ਨੇਤਾਵਾਂ ਨੇ ਤਿਵਾੜੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਉਤਾਰਨ ਦੀ ਵਕਾਲਤ ਕੀਤੀ ਹੈ। ਇਸ ਦੌਰਾਨ ਪਾਰਟੀ ਦੇ ਬੁਲਾਰੇ ਜੈਵੀਰ ਸਿੰਘ ਸ਼ੇਰਗਿੱਲ ਨੇ ਇਸ ਸੀਟ ਤੋਂ ਦਾਅਵੇਦਾਰੀ ਠੋਕੀ ਹੈ।

PunjabKesari
ਚੰਦੂਮਾਜਰਾ ਹੀ ਹੋ ਸਕਦੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ
ਅਕਾਲੀ ਦਲ ਵੱਲੋਂ ਇਸ ਸੀਟ 'ਤੇ ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਨਾਂ ਹੀ ਤੈਅ ਮੰਨਿਆ ਜਾ ਰਿਹਾ ਹੈ। ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਕਾਫੀ ਨੇੜੇ ਹਨ ਅਤੇ ਸੰਕਟ ਦੇ ਇਸ ਮੌਕੇ ਵੀ ਉਨ੍ਹਾਂ ਨੇ ਅਕਾਲੀ ਦਲ ਟਕਸਾਲੀ ਦਾ ਸਾਥ ਦੇਣ ਦੀ ਬਜਾਏ ਬਾਦਲ ਪਰਿਵਾਰ ਨਾਲ ਹੀ ਵਫਾਦਾਰੀ ਕਾਇਮ ਰੱਖੀ। ਭਾਵੇਂ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਕੇਂਦਰ 'ਚ ਮੰਤਰੀ ਬਣਾਏ ਜਾਣ ਦੀ ਚਰਚਾ ਵੀ ਸੀ ਪਰ ਕੁਰਸੀ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਬਣਾਏ ਜਾਣ ਦਾ ਵਿਰੋਧ ਨਹੀਂ ਕੀਤਾ। ਇਸ ਸੀਟ ਤੋਂ ਅਕਾਲੀ ਦਲ ਦੇ ਸੀਨੀਅਰ ਮੈਂਬਰ ਦਲਜੀਤ ਸਿੰਘ ਚੀਮਾ ਨੇ ਵੀ ਸਰਗਰਮੀ ਵਧਾਈ ਹੈ ਅਤੇ ਜੇਕਰ ਚੰਦੂਮਾਜਰਾ ਦੀ ਸੀਟ ਬਦਲਦੀ ਹੈ ਤਾਂ ਚੀਮਾ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਹਾਲਾਂਕਿ ਚੰਦੂਮਾਜਰਾ ਅਜਿਹੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰਦੇ ਹਨ।
ਸੰਸਦ 'ਚ ਚੰਦੂਮਾਜਰਾ 
ਹਾਜ਼ਰੀ-85 ਫੀਸਦੀ 
ਬਹਿਸ 'ਚ ਹਿੱਸਾ- 188 
ਸਵਾਲ ਪੁੱਛੇ-434
ਪ੍ਰਾਈਵੇਟ ਮੈਂਬਰ ਬਿੱਲ-0

PunjabKesari
'ਆਪ' ਵੱਲੋਂ ਸ਼ੇਰਗਿੱਲ ਮੈਦਾਨ 'ਚ
ਆਮ ਆਦਮੀ ਪਾਰਟੀ ਨੇ ਇਸ ਸੀਟ ਲਈ ਨਰਿੰਦਰ ਸਿੰਘ ਸ਼ੇਰਗਿੱਲ ਦਾ ਨਾਂ ਐਲਾਨ ਕਰ ਦਿੱਤਾ ਹੈ। ਪੇਸ਼ੇ ਤੋਂ ਕਿਸਾਨ ਖਰੜ ਦੇ ਝਿੰਗਰਾਂ ਕਲਾਂ ਪਿੰਡ ਦੇ ਹਨ। ਉਹ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਦਿੱਲੀ 'ਚ ਕੀਤੇ ਕੰਮਾਂ ਦਾ  ਹਵਾਲਾ ਦੇ ਕੇ ਪ੍ਰਚਾਰ ਕਰ ਰਹੇ ਹਨ।

PunjabKesari
ਬੀਰ ਦਵਿੰਦਰ ਹੋਣਗੇ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ
ਇਸੇ ਦੌਰਾਨ ਅਕਾਲੀ ਦਲ (ਟਕਸਾਲੀ) ਵੱਲੋਂ ਬੀਰ ਦਵਿੰਦਰ ਸਿੰਘ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਹੁਣੇ ਜਿਹੇ ਇਸ ਪਾਰਟੀ ਦਾ ਪੱਲਾ ਫੜਿਆ ਹੈ। ਉਹ ਚੰਗੇ ਬੁਲਾਰੇ ਹਨ ਅਤੇ 2002 ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਖਰੜ ਤੋਂ ਵਿਧਾਇਕ ਰਹੇ ਹਨ ਪਰ ਪਾਰਟੀ ਬਦਲਣ ਕਾਰਨ ਉਨ੍ਹਾਂ ਦੀ ਸਾਖ ਸਿਆਸੀ ਹਲਕਿਆਂ ਵਿਚ ਬਹੁਤੀ ਚੰਗੀ ਨਹੀਂ ਹੈ।

PunjabKesari
ਵਿਧਾਨ ਸਭਾ ਚੋਣਾਂ 'ਚ ਕਮਜ਼ੋਰ ਹੋਇਆ ਅਕਾਲੀ ਦਲ
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਦੇ ਲਿਹਾਜ ਨਾਲ ਅਕਾਲੀ ਦਲ ਨੂੰ ਇਸ ਸੀਟ 'ਤੇ ਵਿਧਾਨ ਸਭਾ ਚੋਣਾਂ ਦੌਰਾਨ ਨੁਕਸਾਨ ਹੋਇਆ ਹੈ। ਪਾਰਟੀ ਨੂੰ ਇਸ ਸੀਟ ਦੇ ਤਹਿਤ ਆਉਣ ਵਾਲੀਆਂ ਵਿਧਾਨ ਸਭਾ ਸੀਟਾਂ 'ਤੇ 327230 ਵੋਟਾਂ ਮਿਲੀਆਂ, ਜੋ ਕਿ ਉਸ ਨੂੰ 2014 ਵਿਚ ਹਾਸਲ ਹੋਈਆਂ ਵੋਟਾਂ ਦੇ ਮੁਕਾਬਲੇ 20164 ਵੋਟਾਂ ਘੱਟ ਹਨ।
ਦੂਜੇ ਪਾਸੇ 'ਆਪ' ਦੀ ਸਥਿਤੀ ਇਸ ਸੀਟ 'ਤੇ ਮਜ਼ਬੂਤ ਹੋਈ ਹੈ। ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਨੂੰ ਇਸ ਲੋਕ ਸਭਾ ਸੀਟ ਦੇ ਤਹਿਤ ਆਉਣ ਵਾਲੀਆਂ 9 ਵਿਧਾਨ ਸਭਾ ਸੀਟਾਂ 'ਚ 370272 ਵੋਟਾਂ ਹਾਸਲ ਹੋਈਆਂ, ਜੋ ਕਿ ਉਸ ਨੂੰ 2014 'ਚ ਹਾਸਲ ਹੋਈਆਂ ਵੋਟਾਂ ਦੇ ਮੁਕਾਬਲੇ 64264 ਵੋਟਾਂ ਜ਼ਿਆਦਾ ਹਨ। 
ਕਾਂਗਰਸ ਦੀ ਸਥਿਤੀ ਵੀ ਇਸ ਸੀਟ 'ਤੇ ਮਜ਼ਬੂਤ ਹੋਈ ਹੈ। 2014 'ਚ ਕਾਂਗਰਸ ਨੂੰ ਹਲਕੇ ਦੀਆਂ ਗੜ੍ਹਸ਼ੰਕਰ, ਬਲਾਚੌਰ ਅਤੇ ਰੂਪਨਗਰ ਸੀਟਾਂ 'ਤੇ ਲੀਡ ਮਿਲੀ ਸੀ ਜਦਕਿ 2017 'ਚ ਉਸ ਨੇ ਨਵਾਂਸ਼ਹਿਰ, ਚਮਕੌਰ ਸਾਹਿਬ, ਬਲਾਚੌਰ ਅਤੇ ਐੱਸ. ਏ. ਐੱਸ. ਨਗਰ ਦੀਆਂ ਸੀਟਾਂ ਜਿੱਤੀਆਂ। 
ਵੋਟਾਂ ਦੇ ਲਿਹਾਜ ਨਾਲ ਵੀ ਕਾਂਗਰਸ ਨੂੰ 85525 ਵੋਟਾਂ ਦਾ ਫਾਇਦਾ ਹੋਇਆ। 2017 ਦੀਆਂ ਚੋਣਾਂ ਦੌਰਾਨ ਕਾਂਗਰਸ ਨੂੰ ਇਸ ਸੀਟ 'ਤੇ ਕੁਲ 409222 ਵੋਟਾਂ ਹਾਸਲ ਹੋਈਆਂ ਜਦਕਿ 2014 ਵਿਚ ਉਸ ਨੂੰ 323697 ਵੋਟਾਂ ਹਾਸਲ ਹੋਈਆਂ ਸਨ।
ਅਕਾਲੀ ਦਲ 7 ਵਾਰ ਜਿੱਤਿਆ, ਕਾਂਗਰਸ 6 ਵਾਰ
1967 'ਚ ਇਸ ਸੀਟ ਦੇ ਗਠਨ ਤੋਂ ਬਾਅਦ ਇਥੇ 13 ਵਾਰ ਚੋਣਾਂ ਹੋਈਆਂ ਹਨ ਅਤੇ ਇਨ੍ਹਾਂ 'ਚੋਂ ਕਾਂਗਰਸ ਨੇ 6 ਵਾਰ ਜਿੱਤ ਦਰਜ ਕੀਤੀ ਹੈ ਜਦਕਿ 6 ਵਾਰ ਅਕਾਲੀ ਦਲ ਅਤੇ ਇਕ ਵਾਰ ਅਕਾਲੀ ਦਲ (ਮਾਨ) ਨੇ ਇਸ ਸੀਟ 'ਤੇ ਕਬਜ਼ਾ ਕੀਤਾ ਹੈ। ਇਸ ਸੀਟ 'ਤੇ ਪੰਥਕ ਵੋਟਾਂ ਦਾ ਪ੍ਰਭਾਵ ਜ਼ਿਆਦਾ ਹੈ, ਜਿਸ ਦਾ ਅਕਾਲੀ ਦਲ ਨੂੰ ਫਾਇਦਾ ਮਿਲਦਾ ਰਿਹਾ ਹੈ ਪਰ ਹੁਣ ਅਕਾਲੀ ਦਲ ਦੇ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਵਧੀ ਹੈ, ਜਿਸ ਦਾ ਇਸ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।

ਸਾਲ ਜੇਤੂ ਪਾਰਟੀ
1967 ਬੀ. ਸਿੰਘ ਕਾਂਗਰਸ
1971 ਬੂਟਾ ਸਿੰਘ ਕਾਂਗਰਸ
1977 ਬਸੰਤ ਸਿੰਘ ਅਕਾਲੀ ਦਲ
1980 ਬੂਟਾ ਸਿੰਘ   ਕਾਂਗਰਸ
1980 ਬੂਟਾ ਸਿੰਘ   ਕਾਂਗਰਸ
1985 ਚਰਨਜੀਤ ਸਿੰਘ ਅਕਾਲੀ ਦਲ
1989 ਬਿਮਲ ਕੌਰ ਅਕਾਲੀ ਦਲ (ਮਾਨ)
1992 ਹਰਚੰਦ ਸਿੰਘ ਕਾਂਗਰਸ
1996 ਬਸੰਤ ਸਿੰਘ ਅਕਾਲੀ ਦਲ
1998 ਸਤਵਿੰਦਰ ਕੌਰ ਅਕਾਲੀ ਦਲ
1999 ਸ਼ਮਸ਼ੇਰ ਸਿੰਘ ਕਾਂਗਰਸ
2004 ਸੁਖਦੇਵ ਸਿੰਘ ਲਿਬੜਾ ਅਕਾਲੀ ਦਲ
2009 ਰਵਨੀਤ ਸਿੰਘ ਬਿੱਟੂ ਕਾਂਗਰਸ
2014 ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ





 


shivani attri

Content Editor

Related News