ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਉਣ ਬਾਦਲਾਂ ਨੂੰ ਤਨਖਾਹ : ਜਾਖੜ

12/10/2018 12:16:37 PM

ਜਲੰਧਰ(ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਅਕਾਲੀ ਨੇਤਾਵਾਂ ਨੂੰ ਤਨਖਾਹ ਲਾਉਣੀ ਚਾਹੀਦੀ ਹੈ। ਉਕਤ ਆਗੂ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਸ਼ਨੀਵਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਆਫੀ ਮੰਗਣ ਲਈ ਹਾਜ਼ਰ ਹੋਏ ਸਨ। ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਮੁਆਫੀ ਮੰਗਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਣਾ ਹੀ ਕਾਫੀ ਨਹੀਂ ਹੈ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਾਦਲ ਪਿਤਾ ਪੁੱਤਰ ਅਤੇ ਹੋਰਨਾਂ ਅਕਾਲੀ ਆਗੂਆਂ ਨੂੰ ਤਨਖਾਹ ਲਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ 'ਚ ਕੋਈ ਵੀ ਗਲਤੀ ਕਰਨ ਦੀ ਹਿੰਮਤ ਨਾ ਕਰ ਸਕੇ।

ਜਾਖੜ ਨੇ ਕਿਹਾ ਕਿ ਬਾਦਲ ਪਿਤਾ ਪੁੱਤਰ ਅਤੇ ਸਾਬਕਾ ਸਰਕਾਰ ਦੇ ਹੋਰ ਅਕਾਲੀ ਨੇਤਾਵਾਂ 'ਤੇ ਸਿਆਸਤ 'ਚ ਕੰਮ ਕਰਨ ਲਈ 10 ਸਾਲ ਦੀ ਪਾਬੰਦੀ ਲਾਉਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰਨਾਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ। ਉਨ੍ਹਾਂ ਕਿਹਾ ਕਿ ਮੁਆਫੀ ਮੰਗਣ ਲਈ ਚੁਣੇ ਗਏ ਸਮੇਂ ਨੇ ਕਈ ਸ਼ੱਕ ਪੈਦਾ ਕਰ ਦਿੱਤੇ ਹਨ। ਪਹਿਲੀ ਗੱਲ ਤਾਂ ਇਹ ਕਿ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਹਨ। ਦੂਜੀ ਗੱਲ ਇਹ ਕਿ ਬਾਦਲ ਪਿਤਾ ਪੁੱਤਰ ਦੀ ਭਾਵਨਾ ਗਲਤ ਸੀ ਕਿਉਂਕਿ ਇਸ ਕਾਰਜ 'ਚ ਵੀ ਦੋਹਾਂ ਦਾ ਹੰਕਾਰ ਸਾਹਮਣੇ ਨਜ਼ਰ ਆ ਰਿਹਾ ਸੀ। ਉਨ੍ਹਾਂ ਦੇ ਮਨ 'ਚ ਕੋਈ ਦਰਦ ਨਹੀਂ ਸੀ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੈੱਡ ਕਾਰਪੈੱਟ ਵਿਛਾ ਕੇ ਇਕ ਤਰ੍ਹਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਕ ਪਾਸੇ ਤਾਂ ਸੁਖਬੀਰ ਕਹਿੰਦੇ ਹਨ ਕਿ ਉਨ੍ਹਾਂ ਕੋਈ ਗਲਤੀ ਨਹੀਂ ਕੀਤੀ ਪਰ ਦੂਜੇ ਪਾਸੇ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੁੱਚੇ ਅਕਾਲੀ ਆਗੂਆਂ ਨਾਲ ਕਿਸ ਗੱਲ ਲਈ ਮੁਆਫੀ ਮੰਗਣ ਲਈ ਪੇਸ਼ ਹੋਏ। ਜਾਖੜ ਨੇ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਜੇ ਸੁਖਬੀਰ ਨੇ ਕੋਈ ਗਲਤੀ ਨਹੀਂ ਕੀਤੀ ਤਾਂ ਉਹ ਉਨ੍ਹਾਂ ਦੀ ਕਿਹੜੀ ਭੁੱਲ ਨੂੰ ਮੁਆਫ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਸਮੇਂ ਮਰਿਆਦਾ ਦੀ ਵੀ ਉਲੰਘਣਾ ਕੀਤੀ ਗਈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹੜੀ ਗਲਤੀ ਕੀਤੀ ਹੈ, ਜੋ ਉਹ ਬਾਦਲ ਪਿਤਾ ਪੁੱਤਰ ਨਾਲ ਜਾ ਕੇ ਖੁਦ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੇਵਾ ਕਰਦੇ ਰਹੇ। ਉਨ੍ਹਾਂ ਕਿਹਾ ਕਿ ਸਿਰਫ ਸੇਵਾ ਕਰਨ ਨਾਲ ਹੀ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੁਆਫ ਕਰਨ ਲਈ ਤਿਆਰ ਨਹੀਂ ਹਨ। ਅਜੇ ਉਨ੍ਹਾਂ ਨੂੰ 10 ਸਾਲ ਦਾ ਸਿਆਸੀ ਬਣਵਾਸ ਹੋਰ ਕੱਟਣਾ ਪਵੇਗਾ। 10 ਸਾਲ ਤਕ ਸਰਕਾਰ 'ਚ ਰਹਿ ਕੇ ਉਨ੍ਹਾਂ ਪੰਜਾਬ ਨੂੰ ਨਸ਼ੇ ਦੀ ਦਲਦਲ 'ਚ ਧੱਕ ਦਿੱਤਾ। ਇਸ ਕਾਰਨ ਪੰਜਾਬ ਦੇ ਨੌਜਵਾਨ ਨਸ਼ੇ ਦੇ ਚੁੰਗਲ 'ਚ ਫਸ ਗਏ।

ਕੀ ਇਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਨਾਲ ਸਭ ਗੁਨਾਹ ਹੋ ਜਾਣਗੇ ਮੁਆਫ :
ਸੁਨੀਲ ਜਾਖੜ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਪੁੱਛਿਆ ਕਿ ਇਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਣ ਨਾਲ ਬਾਦਲ ਪਿਤਾ-ਪੁੱਤਰ ਦੇ ਗੁਨਾਹ ਮੁਆਫ ਕੀਤੇ ਜਾ ਸਕਦੇ ਹਨ। ਉਨ੍ਹਾਂ ਜਥੇਦਾਰ ਸਾਹਿਬਾਨ ਨੂੰ ਕਿਹਾ ਕਿ ਸਿੱਖ ਜਗਤ ਦਾ ਭਰੋਸਾ ਬਣਿਆ ਰਹਿਣਾ ਚਾਹੀਦਾ ਹੈ ਅਤੇ ਅਜਿਹੀ ਕੋਈ ਰੀਤ ਨਹੀਂ ਪਾਉਣੀ ਚਾਹੀਦੀ, ਜਿਸ ਦੇ ਭਵਿੱਖ 'ਚ ਮਾੜੇ ਨਤੀਜੇ ਨਿਕਲਣ। ਜਾਖੜ ਨੇ ਅਕਾਲੀ ਲੀਡਰਸ਼ਿਪ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਆਪਣੀ ਸਰਕਾਰ ਦੇ ਕਾਰਜਕਾਲ 'ਚ ਪਹਿਲਾਂ ਬਰਗਾੜੀ ਵਿਖੇ ਗੋਲੀ ਚਲਾਉਣ ਦੇ ਨਿਰਦੇਸ਼ ਦਿੱਤੇ ਅਤੇ ਉਸ ਪਿੱਛੋਂ ਕੁਝ ਹੀ ਘੰਟਿਆਂ ਅੰਦਰ ਬਹਿਬਲ ਕਲਾਂ ਵਿਖੇ ਪੁਲਸ ਨੇ ਨਿਰਦੋਸ਼ ਲੋਕਾਂ 'ਤੇ ਗੋਲੀ ਚਲਾਈ। ਜੇ ਇਹ ਮੰਨ ਵੀ ਲਿਆ ਜਾਵੇ ਕਿ ਬਰਗਾੜੀ 'ਚ ਅਣਜਾਣਪੁਣੇ 'ਚ ਪੁਲਸ ਨੇ ਗੋਲੀ ਚਲਾ ਦਿੱਤੀ ਸੀ ਤਾਂ ਕੁਝ ਘੰਟਿਆਂ ਅੰਦਰ ਬਹਿਬਲ ਕਲਾਂ 'ਚ ਗੋਲੀ ਕਾਂਡ ਨੂੰ ਕਿਉਂ ਦੁਹਰਾਇਆ ਗਿਆ?

ਗੁਰਬਾਣੀ ਦੇ ਪੀ. ਟੀ. ਸੀ. 'ਤੇ ਸਿੱਧੇ ਪ੍ਰਸਾਰਣ ਦਾ ਪੈਸਾ ਗੁਰੂ ਦੀ ਗੋਲਕ 'ਚ ਜਾਂਦਾ ਤਾਂ ਚੰਗਾ ਹੁੰਦਾ :
ਜਾਖੜ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਈ ਵਾਰ ਸਵਾਲ ਕਰ ਚੁੱਕੇ ਹਨ ਕਿ ਉਹ ਦੱਸਣ ਕਿ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਚਲਾਉਣ ਦੇ ਨਿਰਦੇਸ਼ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਸਨ ਜਾਂ ਸੁਖਬੀਰ ਨੇ ਖੁਦ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨਾ ਸ਼ਬਦ ਕੀਰਤਨ ਤੇ ਗੁਰਬਾਣੀ ਦੇ ਪੀ. ਟੀ. ਸੀ. 'ਤੇ ਪ੍ਰਸਾਰਨ ਨਾਲ ਬਾਦਲ ਪਿਤਾ ਪੁੱਤਰਾਂ ਨੂੰ 50 ਕਰੋੜ ਰੁਪਏ ਮਾਸਿਕ ਦਾ ਲਾਭ ਹੋ ਰਿਹਾ ਹੈ। ਕੀ ਇਸ ਬਾਰੇ ਉਹ ਲੋਕਾਂ ਨੂੰ ਕੁਝ ਖੁਲਾਸਾ ਕਰਨਗੇ? ਉਨ੍ਹਾਂ ਕਿਹਾ ਕਿ ਜੇ ਇਹੀ ਪੈਸਾ ਗੁਰੂ ਦੀ ਗੋਲਕ 'ਚ ਜਾਂਦਾ ਤਾਂ ਚੰਗਾ ਹੁੰਦਾ।


cherry

Content Editor

Related News