ਬਹਿਬਲ ਕਲਾ ਕਾਂਡ ਦੇ ਮੁਲਜ਼ਮ ਉਮਰਾਨੰਗਲ ਨੂੰ ਸਨਮਾਨਤ ਕਰਨ ''ਤੇ ਸਿਆਲਕਾ ਨੇ ਮੰਗੀ ਖਿਮਾ
Friday, Apr 24, 2020 - 04:00 PM (IST)
ਅੰਮ੍ਰਿਤਸਰ (ਅਨਜਾਣ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮ ਪੁਲਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਸਿਰੋਪਾਓ ਦੇ ਕੇ ਸਨਮਾਨਤ ਕਰਨ 'ਤੇ ਖਿਮਾ ਯਾਚਨਾ ਪੱਤਰ ਸੌਂਪਿਆ ਹੈ। ਦੱਸ ਦੇਈਏ ਕਿ ਭਗਵੰਤ ਸਿੰਘ ਸਿਆਲਕਾ ਨੇ ਸਿਰੋਪਾਓ ਦੇਣ ਉਪਰੰਤ ਜਦ ਉਨ੍ਹਾਂ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਹੋਣ ਲੱਗਾ ਤਾਂ ਉਨ੍ਹਾਂ ਬਿਆਨ ਦਿੰਦਿਆਂ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾ ਲਈ ਗਏ ਸਨ।
ਕੋਰੋਨਾ ਵਾਇਰਸ ਕਾਰਣ ਗੁਰੂ ਰਾਮਦਾਸ ਲੰਗਰ ਹਾਲ ਦੇ ਪ੍ਰਬੰਧ ਦੇਖਣ ਲਈ ਉਹ ਲੰਗਰ ਹਾਲ ਵਿਖੇ ਵੀ ਗਏ। ਜਿੱਥੇ ਲੰਗਰ ਲਈ ਰਸਦ ਲੈ ਕੇ ਆਈਆਂ ਸੰਗਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ। ਇਸ ਦੌਰਾਨ ਲੰਗਰ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਅਤੇ ਮੀਤ ਮੈਨੇਜਰ ਗੁਰਾ ਸਿੰਘ ਨੇ ਉਨ੍ਹਾਂ ਨੂੰ ਵੀ ਸਨਮਾਨ ਦੇਣ ਲਈ ਬੁਲਾ ਲਿਆ। ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਨਾ ਤਾਂ ਉਹ ਪਹਿਲਾਂ ਕਦੇ ਉਮਰਾਨੰਗਲ ਨੂੰ ਮਿਲੇ ਹਨ ਅਤੇ ਨਾ ਹੀ ਦੇਖਿਆ ਹੈ। ਸਿੰਘ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਭਗਵੰਤ ਸਿੰਘ ਸਿਆਲਕਾ ਦੀ ਖਿਮਾ ਯਾਚਨਾਵਾਲੀ ਅਰਜ਼ੀ 'ਤੇ ਸਿੰਘ ਸਾਹਿਬ ਵੱਲੋਂ ਵਿਚਾਰ ਕੀਤਾ ਜਾਵੇਗਾ।
ਮਨਜਿੰਦਰ ਸਿੰਘ ਮੰਡ ਤੇ ਗੁਰਾ ਸਿੰਘ ਨੇ ਨਹੀਂ ਚੁੱਕਿਆ ਫੋਨ
ਉਧਰ ਭਗਵੰਤ ਸਿੰਘ ਸਿਆਲਕਾ ਵੱਲੋਂ ਪੱਲਾ ਝਾੜਨ ਉਪਰੰਤ ਬਲੀ ਦਾ ਬੱਕਰਾ ਬਣੇ ਗੁਰੂ ਰਾਮਦਾਸ ਲੰਗਰ ਹਾਲ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਅਤੇ ਗੁਰਾ ਸਿੰਘ ਕੋਲੋਂ ਉਨ੍ਹਾਂ 'ਤੇ ਲੱਗੇ ਇਲਜ਼ਾਮ ਕਾਰਣ ਹੋਈ ਬਦਲੀ ਦਾ ਸਪੱਸ਼ਟੀਕਰਨ ਲੈਣ ਲਈ ਫੋਨ ਕੀਤਾ ਗਿਆ ਤਾਂ ਦੋਵਾਂ ਨੇ ਵਾਰ-ਵਾਰ ਫੋਨ ਕਰਨ 'ਤੇ ਵੀ ਫੋਨ ਨਹੀਂ ਚੁੱਕਿਆ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮਨਜਿੰਦਰ ਸਿੰਘ ਮੰਡ ਤੇ ਗੁਰਾ ਸਿੰਘ ਦੀ ਕੀਤੀ ਬਦਲੀ
ਦੂਸਰੇ ਪਾਸੇ ਡਾ. ਰੂਪ ਸਿੰਘ ਦਾ ਫੋਨ ਬੰਦ ਆਉਣ 'ਤੇ 'ਜਗਬਾਣੀ' ਨਾਲ ਗੱਲਬਾਤ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੇ ਬਿਆਨ ਦੇਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਰਾਮਦਾਸ ਲੰਗਰ ਹਾਲ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਨੂੰ ਸ਼੍ਰੋਮਣੀ ਕਮੇਟੀ ਦੇ ਸਬ-ਆਫ਼ਿਸ ਕੁਰਕੂਸ਼ੇਤਰ ਵਿਖੇ ਅਤੇ ਮੀਤ ਮੈਨੇਜਰ ਗੁਰਾ ਸਿੰਘ ਨੂੰ ਧਰਮ ਪ੍ਰਚਾਰ ਕਮੇਟੀ ਦੇ ਸਬ-ਆਫ਼ਿਸ ਹਾਪੜ ਵਿਖੇ ਤਬਦੀਲ ਕਰ ਦਿੱਤਾ ਹੈ।