EVM ਸ਼ੱਕ ਦੇ ਘੇਰੇ ''ਚ, ਜਥੇਦਾਰ ਸਾਹਿਬ ਦਾ ਪੱਖ ਦਰੁਸਤ : ਸੁਖਪਾਲ ਖਹਿਰਾ

11/19/2020 8:47:07 PM

ਭੁਲੱਥ,(ਰਜਿੰਦਰ ਕੁਮਾਰ)- ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵਲੋਂ ਕੇਂਦਰ ਸਰਕਾਰ ਨੂੰ ਈ. ਵੀ. ਐਮ. ਦੀ ਸਰਕਾਰ ਕਹੇ ਜਾਣ ਦਾ ਪੱਖ ਦਰੁਸਤ ਹੈ। ਕਿਉਂਕਿ ਹਾਲ ਹੀ 'ਚ ਭਾਜਪਾ ਨੇ ਬਿਹਾਰ ਵਿਧਾਨ ਸਭਾ ਚੋਣ ਜਿੱਤੀ ਹੈ, ਉਸ 'ਚ ਚੋਣ ਕਮਿਸ਼ਨ ਦਾ ਦੁਰ ਉਪਯੋਗ ਹੋਇਆ ਹੈ ਤੇ ਕੁਝ ਸੀਟਾਂ ਜੋ ਘੱਟ ਮਾਰਜਨ ਵਾਲੀਆਂ ਸਨ। ਉਨ੍ਹਾਂ ਦਾ ਨਤੀਜਾ ਮੁੜ ਗਿਣਤੀ ਕਰਵਾਏ ਬਗੈਰ ਹੀ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਈ. ਵੀ. ਐਮ. ਸ਼ੱਕ ਦੇ ਘੇਰੇ 'ਚ ਹੈ ਤੇ ਰਾਸ਼ਟਰੀ ਪਾਰਟੀਆਂ ਨੂੰ ਇਸ ਸੰਬੰਧੀ ਆਵਾਜ਼ ਉਠਾਉਣੀ ਚਾਹੀਦੀ ਹੈ।

ਜੇਕਰ ਅਮਰੀਕਾ ਤੇ ਯੂਰਪੀਅਨ ਦੇਸ਼ਾਂ ਦੀ ਗੱਲ ਕਰੀਏ ਤਾਂ ਉਹ ਈ. ਵੀ. ਐਮ. ਨੂੰ ਨਕਾਰ ਕੇ ਬੈਲੇਟ ਪੇਪਰ ਰਾਹੀਂ ਵੋਟਿੰਗ ਕਰਵਾਉਂਦੇ ਹਨ। ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਲੱਗੇ ਜਬਰ-ਜਨਾਹ ਦੇ ਦੋਸ਼ਾਂ ਬਾਰੇ ਖਹਿਰਾ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ 'ਚ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਸਿਆਸੀ ਤੌਰ 'ਤੇ ਕਿਸੇ ਨੂੰ ਦੋਸ਼ੀ ਕਰਾਰ ਦੇ ਕੇ ਬਦਲਾਖੋਰੀ ਦੀ ਨੀਤੀ ਨਾਲ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਭਾਜਪਾ ਦਾ ਪੰਜਾਬ ਪ੍ਰਤੀ ਜੋ ਵਤੀਰਾ ਉਹ ਗਲਤ ਹੈ ਤੇ ਭਾਜਪਾ ਪੰਜਾਬ ਨੂੰ ਜੰਗਲ ਰਾਜ ਵੱਲ ਧੱਕ ਰਹੀ ਹੈ। ਜੇਕਰ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਹਨ ਤੇ ਇਸ ਲਈ ਕੇਂਦਰ ਦੀ ਭਾਜਪਾ ਸਰਕਾਰ ਜਿੰਮੇਵਾਰ ਹੈ।


Deepak Kumar

Content Editor

Related News