ਸ੍ਰੀ ਅਕਾਲ ਤਖਤ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੂੰ ਕਰੇ ਤਲਬ : ਬੈਂਸ
Wednesday, Mar 20, 2019 - 06:52 PM (IST)

ਮੰਡੀ ਗੋਬਿੰਦਗੜ੍ਹ (ਮੱਗੋ) : ਗੁਟਕਾ ਸਾਹਿਬ ਨੂੰ ਹੱਥ ਵਿਚ ਪਕੜ ਕੇ ਪੰਜਾਬ ਨੂੰ ਚਾਰ ਹਫ਼ਤਿਆਂ ਵਿਚ ਨਸ਼ਾ ਮੁਕਤ ਕਰਨ ਦੀ ਸਹੁੰ ਖਾਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇ ਅਤੇ ਉਸਨੂੰ ਸਿੱਖ ਪੰਥ 'ਚੋਂ ਛੇਕਿਆ ਜਾਵੇ। ਅੱਜ ਪੰਜਾਬ ਦਾ ਹਰ ਵਿਅਕਤੀ ਨਸ਼ੇ ਅਤੇ ਭ੍ਰਿਸ਼ਟਾਚਾਰ ਤੋਂ ਦੁਖੀ ਹੈ ਅਤੇ ਖੁਦ ਕਾਂਗਰਸੀ ਨੇਤਾ ਭਾਰੀ ਮਾਤਰਾ ਵਿਚ ਹੈਰੋਇਨ ਦੇ ਨਾਲ ਕਾਬੂ ਕੀਤੇ ਜਾ ਰਹੇ ਹਨ ਜਦਕਿ ਕਾਂਗਰਸ ਦੇ ਹੀ ਸਾਬਕਾ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵੀ ਪੰਜਾਬ ਵਿਚ ਨਸ਼ੇ ਦੀ ਮੌਜੂਦਗੀ ਮੰਨ ਚੁੱਕੇ ਹਨ। ਇਹ ਵਿਚਾਰ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਥਾਨਕ ਸੁਭਾਸ਼ ਨਗਰ ਵਿਚ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਲੋਕ ਇਨਸਾਫ ਪਾਰਟੀ ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਪਰਮਜੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਇਸ ਮੀਟਿੰਗ ਵਿਚ ਨਿਸ਼ਾ ਖੁਰਾਣਾ, ਰੂਪਸ ਸਾਬਰੀ, ਨਿਧੀ, ਰਿਤੂ ਰਾਣੀ ਆਦਿ ਸਮੇਤ ਭਾਰੀ ਗਿਣਤੀ ਵਿਚ ਖੇਤਰ ਦੀਆਂ ਔਰਤਾਂ ਨੂੰ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਕਰਕੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ਼ਹਿਰ ਦੇ ਸਮਾਜ ਸੇਵਕ ਸਚਿਨ ਸ਼ਾਹੀ ਨੂੰ ਲੋਕ ਇਨਸਾਫ ਪਾਰਟੀ ਯੂਥ ਵਿੰਗ ਮੰਡੀ ਗੋਬਿੰਦਗੜ੍ਹ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਲੋਕ ਪੰਜਾਬ ਨੂੰ ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਦੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਾਂਝੇ ਫਰੰਟ ਨੂੰ ਅੱਗੇ ਲਿਆਉਣਾ ਚਾਹੀਦਾ।