ਚੱਢਾ ਅਸਤੀਫਾ ਦੇ ਕੇ ਅਕਾਲ ਤਖਤ ''ਤੇ ਪੇਸ਼ ਹੋਵੇ : ਗਿਆਨੀ ਗੁਰਬਚਨ ਸਿੰਘ

Saturday, Jan 20, 2018 - 09:59 AM (IST)

ਅੰਮ੍ਰਿਤਸਰ (ਦੀਪਕ/ਜ. ਬ.)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਉਪਰੰਤ ਚੱਢਾ ਨੂੰ 23 ਜਨਵਰੀ ਨੂੰ ਅਕਾਲ ਤਖਤ ਸਾਹਿਬ 'ਤੇ ਭਾਵੇਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਤਲਬ ਕਰ ਲਿਆ ਹੈ ਪਰ ਜਥੇਦਾਰ ਨੇ ਉਸ ਤੋਂ ਪਹਿਲਾਂ ਇਕ ਹੋਰ ਆਦੇਸ਼ ਦਾਗਦਿਆਂ ਚੱਢਾ ਨੂੰ ਸਖਤੀ ਨਾਲ ਆਦੇਸ਼ ਜਾਰੀ ਕੀਤਾ ਹੈ ਕਿ ਉਹ ਦੀਵਾਨ ਦੀ ਪ੍ਰਧਾਨਗੀ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਚੱਢਾ ਨੂੰ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵਾਂਗ ਪੰਥ 'ਚੋਂ ਖਾਰਿਜ ਕਰਨ ਦੀ ਮੰਗ ਕਰਨ ਉਪਰੰਤ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਅੱਜ ਕਿਹਾ ਕਿ ਚੱਢਾ ਦਾ ਜੁਰਮ ਬਹੁਤ ਹੀ ਗੰਭੀਰ ਹੈ ਤੇ ਉਹ ਦੀਵਾਨ ਦੇ ਕਿਸੇ ਵੀ ਅਹੁਦੇ 'ਤੇ ਮੈਂਬਰ ਵੀ ਰਹਿਣ ਦੇ ਕਾਬਲ ਨਹੀਂ ਹੈ, ਇਸ ਲਈ ਉਹ ਪ੍ਰਧਾਨਗੀ ਅਹੁਦੇ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ 23 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ਼ ਹੋਵੇ।
ਦੂਜੇ ਪਾਸੇ ਚੱਢਾ ਖੇਮੇ 'ਚੋਂ ਵੀ ਉਸ ਵੱਲੋਂ ਅਸਤੀਫਾ ਦੇਣ ਦੀ ਚਰਚਾ ਹੈ ਪਰ ਅਜੇ ਤੱਕ ਦੀਵਾਨ ਦੇ ਦਫਤਰ 'ਚ ਅਸਤੀਫਾ ਪੁੱਜਣ ਦੀ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ। ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਉਨ੍ਹਾਂ ਕੋਲ ਅਜੇ ਤੱਕ ਕੋਈ ਅਸਤੀਫਾ ਨਹੀਂ ਪੁੱਜਾ ਤੇ 6 ਫਰਵਰੀ ਦੀ ਮੀਟਿੰਗ ਵਿਚ ਚੱਢਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ।


Related News