ਸਪੋਟਕਿੰਗ ਫੈਕਟਰੀ ’ਚ ਬਲਾਸਟ, 1 ਮਜ਼ਦੂਰ ਦੀ ਮੌਤ

Friday, Jul 20, 2018 - 06:34 AM (IST)

 ਗੋਨਿਆਣਾ,   (ਗੋਰਾ ਲਾਲ)-  ਸਥਾਨਕ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਜੀਦਾ ਕੋਲ ਬਣੀ ਇਕ ਧਾਗਾ ਬਣਾਉਣ ਵਾਲੀ ਸਪੋਟਕਿੰਗ ਦੀ ਫੈਕਟਰੀ ਵਿਚ ਰਬਡ਼ ਦੇ ਬੰਦ ਖਾਲੀ ਡਰੰਮ ’ਚ ਬਲਾਸਟ ਹੋਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ।  
ਸੂਤਰਾਂ ਅਨੁਸਾਰ ਪਿਛਲੇ ਕਾਫੀ ਸਮੇਂ ਤੋਂ ਉਕਤ ਸਪੋਟਕਿੰਗ ਫੈਕਟਰੀ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਕੰਮ ਵਿਚ ਰਾਮਜੀਤ ਯਾਦਵ ਵਾਸੀ ਬਿਹਾਰ ਠੇਕੇਦਾਰ ਕੋਲ ਬੈਲਡਿੰਗ ਕਰਨ ਦਾ ਠੇਕਾ ਹੈ। ਇਸ ਠੇਕੇਦਾਰ ਕੋਲ ਹੋਰਨਾਂ ਮਜ਼ਦੂਰਾਂ ਵਾਂਗ ਆਪਣਾ ਹੀ ਰਿਸ਼ਤੇਦਾਰ ਇਕ ਮਜ਼ਦੂਰ ਭੋਲਾ ਯਾਦਵ (53) ਪੁੱਤਰ ਜੰਗੀ ਯਾਦਵ ਜ਼ਿਲਾ ਹਮਾਮਪੁਰਵ, ਬਿਹਾਰ ਬੈਲਡਿੰਗ ਦਾ ਕੰਮ ਕਰਦਾ ਸੀ। ਅੱਜ ਤਕਰੀਬਨ ਸਵੇਰੇ 11.30 ਵਜੇ ਬੈਲਡਿੰਗ  ਦੌਰਾਨ ਉਕਤ ਮਜ਼ਦੂਰ ਤੇਲ ਵਾਲਾ ਖਾਲੀ ਬੰਦ ਡਰੰਮ ਕੱਟ ਰਿਹਾ ਸੀ, ਉਕਤ ਡਰੰਮ ਬਿਲਕੁਲ ਬੰਦ ਸੀ, ਬੈਲਡਿੰਗ ਨਾਲ ਕੱਟਦੇ ਸਮੇਂ ਬੰਦ ਡਰੰਮ ਵਿਚ ਗੈਸ ਬਣ ਗਈ, ਜਿਸ ਨਾਲ ਉਕਤ ਜਗ੍ਹਾ ’ਤੇ ਡਰੰਮ ਦਾ ਬਲਾਸਟ ਹੋ ਗਿਆ। ਬਲਾਸਟ    ਇੰਨਾ ਜ਼ਬਰਦਸਤ ਸੀ ਕਿ ਉਸ ਜਗ੍ਹਾ ’ਤੇ ਕੰਮ ਕਰਦੇ ਮਜ਼ਦੂਰ ਭੋਲਾ ਯਾਦਵ ਦੇ ਸਿਰ ਦੇ ਚੀਥਡ਼ੇ ਉਡ ਗਏ। ਉੱਥੇ ਕੰਮ ਕਰਦੇ ਹੋਰ ਮਜ਼ਦੂਰਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਛੇਤੀ  ਹੀ ਜ਼ਖਮੀ ਮਜ਼ਦੂਰ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਫੈਕਟਰੀ ਦੇ ਸਕਿਓਰਿਟੀ ਇੰਚਾਰਜ  ਕ੍ਰਿਸ਼ਨਦਿੱਤਾ ਨੇ ਕਿਹਾ ਕਿ ਮ੍ਰਿਤਕ ਮਜ਼ਦੂਰ  ਦੇ  ਪੀਡ਼ਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਸੂਚਨਾ ਮਿਲਣ ’ਤੇ ਥਾਣਾ ਨੇਹੀਆਂਵਾਲਾ ਦੀ ਪੁਲਸ ਵੀ ਪਹੁੰਚ ਗਈ। ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News