ਐੱਨ. ਆਰ. ਆਈ. ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਖੇਡਾਂ ਤੇ ਸਿੱਖਿਆ ਦੇ ਖੇਤਰ ''ਚ ਪੂੰਜੀ ਨਿਵੇਸ਼ ਕਰਨ

04/08/2018 7:53:22 AM

ਜਲੰਧਰ (ਚੋਪੜਾ) - ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨੇ ਗਵਰਨਰ ਹਾਊਸ 'ਚ ਇਕ ਪ੍ਰੋਗਰਾਮ ਮੌਕੇ ਸਾਊਥਾਲ ਫੁੱਟਬਾਲ ਕਲੱਬ (ਯੂ. ਕੇ.) ਤੇ ਫੁੱਟਬਾਲ ਫਾਰ ਯੂਨਿਟੀ (ਯੂ. ਕੇ.) ਨੂੰ ਲਾਂਚ ਕੀਤਾ। ਇਸ ਦੌਰਾਨ ਕਲੱਬ ਦੇ ਪੈਟਰਨ ਲਾਰਡ ਦਿਲਜੀਤ ਸਿੰਘ ਰਾਣਾ (ਯੂ. ਕੇ.), ਚੇਅਰਮੈਨ ਚੰਨਾ ਗਿੱਲ (ਯੂ. ਕੇ.) ਤੇ ਸਾਊਥਾਲ ਫੁੱਟਬਾਲ ਤੇ ਫੁੱਟਬਾਲ ਫਾਰ ਯੂਨਿਟੀ (ਇੰਡੀਆ) ਦੇ ਨਵ-ਨਿਯੁਕਤ ਵਾਈਸ ਚੇਅਰਮੈਨ ਕਰਣਵੀਰ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਲਾਰਡ ਰਾਣਾ ਤੇ ਚੰਨਾ ਗਿੱਲ ਨੇ ਗਵਰਨਰ ਨੂੰ ਦੱਸਿਆ ਕਿ ਕਲੱਬ ਰੀਅਲ ਮੈਡ੍ਰਿਡ ਫਾਊਂਡੇਸ਼ਨ (ਸਪੇਨ), ਲਾਸ ਰਾਜੋਸ (ਸਪੇਨ) ਵਰਗੇ ਫੁੱਟਬਾਲ ਕਲੱਬਾਂ ਦੇ ਸਹਿਯੋਗ ਨਾਲ ਭਾਰਤ 'ਚ ਵੀ ਫੁੱਟਬਾਲ ਨੂੰ ਪ੍ਰਮੋਟ ਕਰਨ ਅਤੇ ਨਵੇਂ ਟੇਲੈਂਟ ਦੀ ਖੋਜ ਕਰਨਗੇ। ਪਿੰਡ-ਪਿੰਡ ਜਾ ਕੇ ਅਜਿਹੇ ਬੱਚਿਆਂ ਤੇ ਨੌਜਵਾਨਾਂ ਨੂੰ ਲੱਭਿਆ ਜਾਵੇਗਾ ਅਤੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ 'ਤੇ ਕੋਚ   ਟ੍ਰੇਨਿੰਗ ਦੇਣਗੇ। ਟ੍ਰੇਂਡ ਨੌਜਵਾਨਾਂ ਨੂੰ ਵਿਸ਼ਵ ਪੱਧਰ 'ਤੇ ਫੁੱਟਬਾਲ ਕਲਾ ਦੇ ਨਾਲ ਮੈਚ ਖੇਡਣ ਭੇਜਿਆ ਜਾਵੇਗਾ। ਕਰਣਵੀਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ  ਨੂੰ ਡਰੱਗਜ਼ ਦੀ ਬਜਾਏ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਟੀਚੇ ਨਾਲ ਕਲੱਬ ਪ੍ਰਾਜੈਕਟ ਨੂੰ ਸਭ ਤੋਂ ਪਹਿਲਾਂ ਪੰਜਾਬ 'ਚ ਲਾਂਚ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਲਾਰਡ ਰਾਣਾ ਨੇ ਸਾਊਥਾਲ ਫੁੱਟਬਾਲ ਕਲੱਬ ਦੇ ਨਾਲ ਮਿਲ ਕੇ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਪੈਂਦੇ ਸੰਘੋਲ ਪਿੰਡ  'ਚ ਕੌਮਾਂਤਰੀ ਪੱਧਰ 'ਤੇ ਫੁੱਟਬਾਲ ਅਕਾਦਮੀ ਸਥਾਪਿਤ ਕੀਤੀ ਹੈ ਅਤੇ ਹੁਣ ਉਹ ਕੌਮਾਂਤਰੀ ਫੁੱਟਬਾਲ ਚੈਂਪੀਅਨਸ਼ਿਪ ਦਾ ਆਯੋਜਨ ਕਰਨਗੇ। ਗਵਰਨਰ ਬਦਨੌਰ ਨੇ ਕਲੱਬ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਵਲੋਂ ਨੌਜਵਾਨਾਂ ਨੂੰ ਕੌਮਾਂਤਰੀ ਪੱਧਰ ਦੀ ਟ੍ਰੇਨਿੰਗ ਦੇਣ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ।
ਉਨ੍ਹਾਂ ਕਿਹਾ ਕਿ ਐੱਨ. ਆਰ. ਆਈ. ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ 'ਚ ਖੇਡਾਂ ਤੇ ਸਿੱਖਿਆ ਦੇ ਖੇਤਰ 'ਚ ਨਿਵੇਸ਼ ਕਰਨ ਤਾਂ ਕਿ ਸੂਬੇ ਦਾ ਨੌਜਵਾਨ ਇਕ ਵਾਰ ਮੁੜ ਤੋਂ ਦੇਸ਼ ਦਾ ਗੱਭਰੂ ਹੋਣ ਦਾ ਮਾਣ ਹਾਸਲ ਕਰ ਸਕੇ। ਕਲੱਬ ਦੇ ਪ੍ਰਬੰਧਕਾਂ ਨੇ ਗਵਰਨਰ ਨੂੰ ਸਾਊਥਾਲ ਫੁੱਟਬਾਲ ਕਲੱਬ ਦੀ ਟੀ—ਸ਼ਰਟ ਵੀ ਭੇਟ ਕੀਤੀ। ਇਸ ਮੌਕੇ  ਉਮੇਸ਼ ਘਈ (ਡਾਇਰੈਕਟਰ ਇੰਡੀਆ), ਐਂਜਲ ਕੰਪੋਸ, ਮਾਰਟਿਨ (ਚੇਅਰਮੈਨ ਲਾਸ ਰੋਜ਼ਾ ਫੁੱਟਬਾਲ ਕਲੱਬ ਸਪੇਨ), ਜੇਮੀ ਕੰਪੋਸ ਵੈਂਚੂਰੀਆ, ਕਾਰਲੋਸ ਜੇਡਰਿਕ ਫੁੱਟਬਾਲ ਕੋਚ, ਟੋਮੀ ਟੇਲਰ ਅਤੇ ਹੋਰ ਵੀ ਮੌਜੂਦ ਸਨ।


Related News