ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ

04/11/2022 2:38:46 PM

ਐੱਸ.ਏ.ਐੱਸ. ਨਗਰ : ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 3 ਤੋਂ 6 ਸਾਲ ਦੇ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਸਾਰੀਆਂ ਖੇਡ ਗਤੀਵਿਧੀਆਂ ਕਰਵਾਉਣ ਲਈ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ ਕੀਤਾ ਗਿਆ ਹੈ। ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੂੰ ਜਾਰੀ ਪੱਤਰ ਅਨੁਸਾਰ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਸੈਸ਼ਨ 2022-23 ਲਈ ਅਪ੍ਰੈਲ ਮਹੀਨੇ ਵਿਚ 13 ਮਾਰਚ ਨੂੰ ਵਿਸਾਖੀ ਦੇ ਮੌਕੇ ’ਤੇ ਸਭਿਆਚਾਰਕ ਸੰਬੰਧੀ ਗਤੀਵਿਧੀ ਕਰਵਾਉਣ ਦੀ ਯੋਜਨਾਬੰਦੀ ਕੀਤੀ ਗਈ ਹੈ। ਇਸੇ ਤਰ੍ਹਾਂ 22 ਅਪ੍ਰੈਲ ਨੂੰ ਧਰਤ ਦਿਵਸ (ਅਰਥ ਡੇ), 17 ਮਈ ਨੂੰ ਫੋਟੋ ਫਰੇਮ ਬਣਾਉਣਾ, 30 ਜੁਲਾਈ ਨੂੰ ਤੀਜ ਮੌਕੇ ਕਾਗਜ਼ੀ ਸ਼ਿਲਪਕਾਰੀ ਕਰਦੇ ਹੋਏ ਹੱਥ-ਪੱਖੀ ਤਿਆਰ ਕਰਨਾ, 10 ਅਗਸਤ ਨੂੰ ਰੱਖੜੀ ਬਣਾਉਣ ਦੀ ਐਕਟੀਵਿਟੀ ਕੀਤੀ ਜਾਵੇਗੀ। 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਆਈਸਕ੍ਰੀਮ ਸਟਿਕਸ ਨਾਲ ਪੈੱਨ ਸਟੈਂਡ ਤਿਆਰ ਕਰਨਾ, 4 ਅਕਤੂਬਰ ਨੂੰ ਦੁਸਹਿਰੇ ਸਬੰਧੀ ਆਈਸ ਕ੍ਰੀਮ ਸਟਿਕਸ ਨਾਲ ਕਠਪੁੱਤਲੀ ਤਿਆਰ ਕਰਨਾ ਅਤੇ 22 ਅਕਤੂਬਰ ਨੂੰ ਦਿਵਾਲੀ ਮੌਕੇ ਦੀਵੇ/ਲੜੀਆਂ ਸਜਾਉਣ ਦੀ ਐਕਟੀਵਿਟੀ ਕਰਵਾਈ ਜਾਣੇਗੀ।

ਪ੍ਰੀ-ਪ੍ਰਾਇਮਰੀ ਬੱਚਿਆਂ ਦੇ ਹੁਨਰ ਅਤੇ ਉਨ੍ਹਾਂ ਵਲੋਂ ਸਿੱਖੀਆਂ ਗਈਆਂ ਗਤੀਵਿਧੀਆਂ ਨੂੰ ਮਾਪਿਆਂ ਸਾਹਮਣੇ ਪੇਸ਼ ਕਰਨ ਲਈ 14 ਨਵੰਬਰ ਨੂੰ ਬਾਲ ਮੇਲਾ ਕਰਵਾਇਆ ਜਾਣਾ ਹੈ ਅਤੇ 3 ਦਸੰਬਰ 2022 ਨੂੰ ਮੁਕਟ ਬਣਾਉਣ ਦੀ ਐਕਟੀਵਿਟੀ ਕਰਵਾਈ ਜਾਵੇਗੀ। ਨਵੇਂ ਵਰ੍ਹੇ 2023 ਵਿਚ 25 ਜਨਵਰੀ ਨੂੰ ਬਾਲ ਗੀਤ ਮੁਕਾਬਲਾ ਅਤੇ 16 ਫਰਵਰੀ ਨੂੰ ਖੇਡ ਦਿਵਸ ਮਨਾਉਂਦਿਆਂ ਬੱਚਿਆਂ ਦੀਆਂ ਬਾਲ ਖੇਡਾਂ ਕਰਵਾਈਆਂ ਜਾਣਗੀਆਂ। 29 ਮਾਰਚ, 2023 ਨੂੰ ਬੱਚਿਆਂ ਦੇ ਮਨੋਬਲ ਵਧਾਉਣ ਅਤੇ ਪੜ੍ਹਣ ਦੀ ਰੁਚੀ ਵਿਕਸਿਤ ਕਰਨ ਲਈ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਜਾਵੇਗੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਨੂੰ ਕਰਵਾਉਣ ਸਮੇਂ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਦੀ ਅਗਵਾਈ ਅਤੇ ਮਦਦ ਕਰਨਗੇ। ਇਨ੍ਹਾਂ ਗਤੀਵਿਧੀਆਂ ਨੂੰ ਸੋਸ਼ਲ਼ ਮੀਡੀਆ ਟੀਮਾਂ ਰਾਹੀਂ ਸਕੂਲਾਂ ਦੇ ਫੇਸਬੁੱਕ ਪੇਜ਼, ਵਟਸਐਪ ਅਤੇ ਹੋਰ ਸੋਸ਼ਲ਼ ਮੀਡੀਆ ਪਲੇਟਫਾਰਮਾਂ ਰਾਹੀਂ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਸ ਦਿਨ ਇਹ ਗਤੀਵਿਧੀਆਂ ਕਰਵਾਈਆਂ ਜਾਣ ਉਸ ਦਿਨ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਵੀ ਸਕੂਲ ਵਿਚ ਸੱਦਾ ਦਿੱਤਾ ਜਾਵੇ। ਬੱਚਿਆਂ ਵਲੋਂ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੂੰ ਸਕੂਲ ਵਿਚ ਢੁਕਵੀਂ ਥਾਂ ‘ਤੇ ਡਿਸਪਲੇ ਵੀ ਕੀਤਾ ਜਾਵੇ। ਇਸ ਨਾਲ ਜਿੱਥੇ ਬੱਚਿਆਂ ਦੇ ਮਾਪਿਆਂ ਦਾ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਵਧੇਗਾ, ਉੱਥੇ ਵਿਦਿਆਰਥੀਆਂ ਵਿੱਚ ਵੀ ਆਤਮਵਿਸ਼ਵਾਸ ਪੈਦਾ ਹੋਵੇਗਾ।  


Gurminder Singh

Content Editor

Related News