ਸੁਧਾਰ ਘਰ ''ਚ ਪੈਸੇ ਖਰਚੋ ਤੇ ਐਸ਼ੋਆਰਾਮ ਦੀ ਜ਼ਿੰਦਗੀ ਜੀਓ!

Sunday, Feb 09, 2020 - 11:27 PM (IST)

ਸੁਧਾਰ ਘਰ ''ਚ ਪੈਸੇ ਖਰਚੋ ਤੇ ਐਸ਼ੋਆਰਾਮ ਦੀ ਜ਼ਿੰਦਗੀ ਜੀਓ!

ਗੁਰਦਾਸਪੁਰ, (ਸਰਬਜੀਤ)— ਲੰਮਾ ਸਮਾਂ ਗੁਰਦਾਸਪੁਰ ਦੇ ਸੁਧਾਰ ਘਰ 'ਚੋਂ ਸਜ਼ਾ ਕੱਟ ਕੇ ਆਏ ਤਿੰਨ ਵਿਅਕਤੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਅਜੋਕੇ ਯੁੱਗ 'ਚ ਜੇਲ ਵਿਚ ਸਜ਼ਾ ਕੱਟਣੀ ਕੋਈ ਔਖੀ ਨਹੀਂ ਹੈ ਕਿਉਂਕਿ ਜੇਲ ਅੰਦਰ ਹਰ ਸੁਵਿਧਾ ਪੈਸਾ ਖਰਚ ਕਰ ਕੇ ਉਪਲੱਬਧ ਹੋ ਜਾਂਦੀ ਹੈ, ਜਿਵੇਂ ਕਿ ਤਾਸ਼ ਖੇਲਣੀ ਹੈ ਤਾਂ 300 ਰੁਪਏ ਦੀ ਡੱਬੀ ਮਿਲੇਗੀ, ਕਿਸੇ ਨਾਲ ਵਿਦੇਸ਼ ਗੱਲ ਕਰਨੀ ਹੈ ਤਾਂ ਕਰਮਚਾਰੀ ਆਪਣੇ ਮੋਬਾਇਲ 'ਤੋਂ ਗੱਲ ਕਰਵਾ ਦਿੰਦੇ ਹਨ ਅਤੇ ਇਕ ਮਿੰਟ ਦੇ 600 ਰੁਪਏ ਲੈਂਦੇ ਹਨ, ਸ਼ਰਾਬ ਅਤੇ ਮੁਰਗਾ ਡਬਲ ਰੇਟ 'ਚ ਮਿਲ ਜਾਂਦਾ ਹੈ। ਭਾਵੇਂ ਜੇਲ 'ਚ 12 ਐੱਸ. ਟੀ. ਡੀ. ਹਨ ਪਰ ਰਿਕਾਰਡ ਅਨੁਸਾਰ ਵੀ ਗੱਲ ਕਰਨ ਦੇ 20 ਰੁਪਏ ਇਕ ਮਿੰਟ ਦੇ ਲਏ ਜਾਂਦੇ ਹਨ।
ਜੇਲ 'ਚ ਜੋ ਫੌਜੀ ਸੇਵਾਮੁਕਤ ਨੌਕਰੀ ਕਰਦੇ ਹਨ, ਉਨ੍ਹਾਂ ਤੋਂ ਸ਼ਰਾਬ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ। ਜੋ ਮਹੀਨਾ ਕੈਦੀਆਂ ਲਈ ਆਉਂਦਾ ਹੈ, ਕੇਵਲ ਇਕ ਚਾਕੀ ਸਾਬਣ ਦੀ ਇਕ ਮਹੀਨੇ ਬਾਅਦ ਅਤੇ 50 ਗ੍ਰਾਮ ਤੇਲ ਸਰੀਰ 'ਤੇ ਲਾਉਣ ਲਈ ਮਿਲਦਾ ਹੈ। ਉਧਰ ਨਸ਼ੇ ਸਬੰਧੀ ਤੰਬਾਕੂ ਦੀ ਪੁੜੀ 800 ਰੁਪਏ ਦੀ ਮਿਲਦੀ ਹੈ, ਉਥੋਂ ਦਾ ਇਕ ਹੈੱਡ ਕਾਂਸਟੇਬਲ ਇਹ ਸਾਰਾ ਸਾਮਾਨ ਮੁਹੱਈਆ ਕਰਵਾਉਂਦਾ ਹੈ। ਇੱਥੋਂ ਤੱਕ ਕਿ ਕਿਸੇ ਕੈਦੀ ਨੂੰ ਕੋਈ ਗੁੜ, ਫਰੂਟ ਜਾਂ ਕੋਈ ਕੱਪੜਾ ਦੇਣਾ ਹੋਵੇ ਉਹ ਵੀ 500 ਰੁਪਏ ਲੈ ਕੇ ਸਾਰਾ ਸਾਮਾਨ ਕੈਦੀ ਨੂੰ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ।
ਉਧਰ ਇੰਸਪੈਕਟਰ ਨੇ ਸੁਪਰਡੈਂਟ ਜੇਲ ਦੇ ਆਧਾਰ 'ਤੇ ਦੱਸਿਆ ਕਿ ਇਹ ਦੋਸ਼ ਬੇਬੁਨਿਆਦ ਹਨ। ਜੇਲ ਦੇ ਮੇਨ ਗੇਟ 'ਤੇ ਐਕਸਰੇ ਵਾਲੀ ਮਸ਼ੀਨ ਅਤੇ ਹੋਰ ਵੀ ਆਧੁਨਿਕ ਮਸ਼ੀਨਾਂ ਹਨ ਜੋ ਜੇਲ ਅੰਦਰ ਜਾਣ ਵਾਲੀ ਹਰ ਚੀਜ਼ ਨੂੰ ਸਕੈਨ ਕਰਦੀਆਂ ਹਨ। ਜੇਲ 'ਚ ਕੋਈ ਵੀ ਅਜਿਹੀ ਚੀਜ਼ ਨਹੀਂ ਜਾ ਸਕਦੀ ਅਤੇ ਨਾ ਹੀ ਕੋਈ ਮੋਬਾਇਲ ਚਲਦਾ ਹੈ।


author

KamalJeet Singh

Content Editor

Related News