ਧੁੰਦ ਕਾਰਨ ਰੁਕੀ ਟ੍ਰੇਨਾਂ ਦੀ ਰਫ਼ਤਾਰ, ਯਾਤਰੀਆਂ ਨੂੰ ਕਰਨਾ ਪੈ ਰਿਹੈ ਕਈ-ਕਈ ਘੰਟੇ ਇੰਤਜ਼ਾਰ

12/23/2022 12:38:50 AM

ਲੁਧਿਆਣਾ (ਗੌਤਮ) : ਸਰਦੀਆਂ ਦੇ ਮੌਸਮ ’ਚ ਠੰਡ ਅਤੇ ਧੁੰਦ ਕਾਰਨ ਲੰਬੀ ਦੂਰੀ ਦੀਆਂ ਟ੍ਰੇਨਾਂ ਦੀ ਰਫ਼ਤਾਰ ਰੁਕ ਗਈ ਹੈ। ਯਾਤਰੀਆਂ ਨੂੰ ਟ੍ਰੇਨ ਫੜਨ ਲਈ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ। ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਧ ਮੁਸ਼ਕਿਲਾਂ ਸਹਿਣੀਆਂ ਪੈ ਰਹੀਆਂ ਹਨ। ਹਾਲਾਂਕਿ ਰੇਲ ਵਿਭਾਗ ਵੱਲੋਂ ਚੁਣੌਤੀਆਂ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਸਨ। ਵਿਭਾਗ ਵੱਲੋਂ ਟ੍ਰੇਨਾਂ ਨੂੰ ਸਹੀ ਸਮੇਂ ’ਤੇ ਚਲਾਉਣ ਲਈ ਲੋਕੋ ਪਾਇਲਟਾਂ ਨੂੰ ਫੌਗ ਡਿਵਾਈਸ ਦੇਣ ਦੀ ਗੱਲ ਕਹੀ ਗਈ ਸੀ ਤਾਂ ਕਿ ਉਨ੍ਹਾਂ ਨੂੰ ਹਰ ਸਿਗਨਲ, ਫਾਟਕ ਅਤੇ ਟ੍ਰੈਕ ਦੀ ਸਥਿਤੀ ਬਾਰੇ ਜਾਣਕਾਰੀ ਮਿਲ ਸਕੇ ਅਤੇ ਟ੍ਰੇਨਾਂ ਦੀ ਸਪੀਡ ਨਾ ਰੁਕ ਸਕੇ ਪਰ ਟ੍ਰੇਨਾਂ ਲੇਟ ਹੋਣ ਦੀ ਹਾਲਤ ਅੱਗੇ ਵਿਭਾਗ ਦੇ ਦਾਅਵੇ ਫੇਲ੍ਹ ਹੁੰਦੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦਾ ਖੌਫ਼ਨਾਕ ਅੰਤ, ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ

ਇਸ ਤੋਂ ਇਲਾਵਾ ਵੀ ਵਿਭਾਗ ਵੱਲੋਂ ਉੱਤਰੀ ਰੇਲਵੇ ’ਚ 2 ਦਰਜਨ ਤੋਂ ਵੱਧ ਟ੍ਰੇਨਾਂ ਰੱਦ ਕੀਤੀਆਂ ਗਈਆਂ ਸਨ ਤਾਂ ਕਿ ਟ੍ਰੇਨਾਂ ਸਹੀ ਸਮੇਂ ’ਤੇ ਚਲਾਈਆਂ ਜਾ ਸਕਣ ਪਰ ਵਿਭਾਗ ਦਾ ਇਹ ਕਦਮ ਵੀ ਕਾਰਗਰ ਸਾਬਤ ਨਹੀਂ ਹੋਇਆ। ਹਾਲਾਤ ਇਹ ਹਨ ਕਿ ਰੋਜ਼ਾਨਾ ਵੀ. ਆਈ. ਪੀ. ਟ੍ਰੇਨਾਂ ਸਮੇਤ ਹੋਰ ਟ੍ਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ 2 ਤੋਂ 5 ਘੰਟੇ ਦੇਰ ਨਾਲ ਚੱਲ ਰਹੀਆਂ ਹਨ। ਯੂ. ਪੀ. ਅਤੇ ਬਿਹਾਰ ਵੱਲ ਜਾਣ ਵਾਲੀਆਂ ਟ੍ਰੇਨਾਂ ’ਚ ਸਫ਼ਰ ਕਰ ਰਹੇ ਯਾਤਰੀਆਂ ਨੂੰ ਜ਼ਿਅਦਾ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ। ਬਿਹਾਰ ਜਾ ਰਹੇ ਸ਼ਾਮ ਦੇਵ ਦਾ ਕਹਿਣਾ ਹੈ ਕਿ ਯਾਤਰਾ ਦੌਰਾਨ ਪ੍ਰੇਸ਼ਾਨੀ ਤੋਂ ਬਚਣ ਲਈ ਉਨ੍ਹਾਂ ਨੇ ਆਪਣੀ ਟਿਕਟ ਕਾਫੀ ਪਹਿਲਾਂ ਹੀ ਰਿਜ਼ਰਵ ਕਰਵਾ ਲਈ ਸੀ ਪਰ ਉਹ ਅਜੇ ਵੀ 2 ਘੰਟੇ ਤੋਂ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਹਨ, ਕੋਈ ਠੀਕ ਜਾਣਕਾਰੀ ਨਹੀਂ ਮਿਲ ਰਹੀ। ਉਹ ਟ੍ਰੇਨ ਦੇ ਸਹੀ ਸਮੇਂ ਤੋਂ 2 ਘੰਟੇ ਪਹਿਲਾਂ ਸਟੇਸ਼ਨ ’ਤੇ ਪੁੱਜ ਗਏ ਸਨ। ਬਾਅਦ 'ਚ ਪਤਾ ਲੱਗਾ ਕਿ ਟ੍ਰੇਨ ਅਜੇ ਅੰਮ੍ਰਿਤਸਰ ਤੋਂ ਹੀ ਨਹੀਂ ਚੱਲੀ।

ਇਹ ਵੀ ਪੜ੍ਹੋ : ਸੀਵਰੇਜ ਪੁੱਟਣ ਦੌਰਾਨ ਮਿੱਟੀ ਧਸਣ ਕਾਰਨ ਵਾਪਰਿਆ ਵੱਡਾ ਹਾਦਸਾ, 3 ਮਜ਼ਦੂਰਾਂ ਦੀ ਹੋਈ ਮੌਤ

ਇਕ ਹੋਰ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਉਹ ਵੀ ਕਰੀਬ 3 ਘੰਟਿਆਂ ਤੋਂ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਹਨ। ਠੰਡ ਕਾਰਨ ਬੱਚੇ ਕੰਬ ਰਹੇ ਹਨ, ਜਦੋਂਕਿ ਸਟਾਲਾਂ ’ਤੇ ਖਾਣ ਲਈ ਖਾਣਾ ਅਤੇ ਸਾਮਾਨ ਵੀ ਠੰਡਾ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਲੋਕ ਵਾਰ-ਵਾਰ ਪੁੱਛਗਿੱਛ ਕੇਂਦਰ ’ਤੇ ਜਾ ਕੇ ਟ੍ਰੇਨਾਂ ਸਬੰਧੀ ਜਾਣਕਾਰੀ ਲੈ ਰਹੇ ਹਨ। ਵੀਰਵਾਰ ਨੂੰ ਵੀ 2 ਦਰਜਨ ਟ੍ਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ 2 ਤੋਂ 5 ਘੰਟੇ ਦੇਰ ਨਾਲ ਚੱਲੀਆਂ। ਇਨ੍ਹਾਂ ਟ੍ਰੇਨਾਂ 'ਚ ਵੀ. ਆਈ. ਪੀ. ਟ੍ਰੇਨਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਘਬਰਾਉਣ ਦੀ ਲੋੜ ਨਹੀਂ, ਦਿੱਲੀ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਮੀਟਿੰਗ 'ਚ ਬੋਲੇ ਕੇਜਰੀਵਾਲ

ਜਾਣਕਾਰੀ ਮੁਤਾਬਕ ਜੰਮੂ ਅਤੇ ਅੰਮ੍ਰਿਤਸਰ ਵੱਲ ਚੱਲਣ ਵਾਲੀਆਂ ਅਪ ਤੇ ਡਾਊਨ ਦੀਆਂ ਟ੍ਰੇਨਾਂ ’ਚ ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ, ਪਟਨਾ-ਜੰਮੂ ਤਵੀ, ਨਵੀਂ ਦਿੱਲੀ–ਪਠਾਨਕੋਟ, ਮਾਲਵਾ ਐਕਸਪ੍ਰੈੱਸ, ਜੈ ਨਗਰ-ਅੰਮ੍ਰਿਤਸਰ, ਗੁਹਾਟੀ ਤੋਂ ਜੰਮੂਤਵੀ, ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਣੋ ਦੇਵੀ, ਦੁਰਗ ਜੰਮੂ ਤਵੀ ਐਕਸਪ੍ਰੈੱਸ, ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ, ਸਰਬੱਤ ਦਾ ਭਲਾ, ਸਰਯੂ ਯਮੁਨਾ ਐਕਸਪ੍ਰੈੱਸ, ਲੋਹਿਤ ਐਕਸਪ੍ਰੈੱਸ, ਵਾਰਾਣਸੀ ਐਕਸਪ੍ਰੈੱਸ ਤੋਂ ਇਲਾਵਾ ਹੋਰ ਕਈ ਟ੍ਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਪੱਛੜ ਕੇ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ : ਜਗ ਬਾਣੀ ਦੀ ਖ਼ਬਰ ’ਤੇ ਲੱਗੀ ਮੋਹਰ, ਇੰਜ. ਬਲਦੇਵ ਸਿੰਘ ਸਰਾਂ ਨੂੰ ਪਾਵਰਕਾਮ ਦੇ CMD ਵਜੋਂ ਮਿਲੀ ਐਕਸਟੈਂਸ਼ਨ

ਇਨ੍ਹੀਂ ਦਿਨੀਂ ਟ੍ਰੇਨ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਟ੍ਰੇਨ ਦੀ ਸਥਿਤੀ ਦੀ ਜਾਣਕਾਰੀ ਹਾਸਲ ਕਰਕੇ ਹੀ ਘਰੋਂ ਨਿਕਲਣਾ ਚਾਹੀਦਾ ਹੈ। ਰੇਲ ਵਿਭਾਗ ਦੇ ਐਪ ਤੋਂ ਟ੍ਰੇਨ ਦੀ ਸਥਿਤੀ ਦੀ ਤਾਜ਼ਾ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਕਿ ਰੇਲਵੇ ਸਟੇਸ਼ਨ ’ਤੇ ਜਾ ਕੇ ਇੰਤਜ਼ਾਰ ਨਾ ਕਰਨਾ ਪਵੇ। ਠੰਡ ਤੋਂ ਬਚਾਅ ਲਈ ਗਰਮ ਕੱਪੜੇ ਪਹਿਨ ਕੇ ਹੀ ਯਾਤਰਾ ’ਤੇ ਨਿਕਲਣਾ ਚਾਹੀਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News