ਇੰਸ. ਇੰਦਰਜੀਤ ਸਿੰਘ ਦੇ ਮਾਮਲੇ 'ਚ, ਐੱਸ. ਐੱਸ. ਪੀ. ਮੋਗਾ ਕੋਲੋਂ ਐੱਸ. ਟੀ. ਐੱਫ. ਨੇ ਕੀਤੀ ਪੁੱਛਗਿਛ (ਵੀਡੀਓ)

Monday, Jun 19, 2017 - 04:31 PM (IST)

ਚੰਡੀਗੜ੍ਹ (ਰਮਨਜੀਤ)-ਨਸ਼ਾ ਖਤਮ ਕਰਨ ਲਈ ਗਠਿਤ ਸਪੈਸ਼ਲ ਟਾਸਕ ਫੋਰਸ ਵਲੋਂ ਨਸ਼ਾ ਸਮੱਗਲਰਾਂ ਦੀ ਮਦਦ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਇੰਸਪੈਕਟਰ ਇੰਦਰਜੀਤ ਸਿੰਘ ਕੇਸ 'ਚ ਐੱਸ. ਐੱਸ. ਪੀ. ਮੋਗਾ ਰਾਜਜੀਤ ਸਿੰਘ ਐਤਵਾਰ ਨੂੰ ਪੁੱਛਗਿਛ ਲਈ ਪੇਸ਼ ਹੋਏ। ਐੱਸ. ਟੀ. ਐੱਫ. ਟੀਮ ਵਲੋਂ ਰਾਜਜੀਤ ਸਿੰਘ ਤੋਂ ਲਗਭਗ ਢਾਈ ਘੰਟੇ ਪੁੱਛਗਿਛ ਕੀਤੀ ਗਈ। ਪੁੱਛਗਿਛ ਦਾ ਬਿਓਰਾ ਹਾਲਾਂਕਿ ਐੱਸ. ਟੀ. ਐੱਫ. ਵਲੋਂ ਅਧਿਕਾਰਿਤ ਤੌਰ 'ਤੇ ਸਾਂਝਾ ਨਹੀਂ ਕੀਤਾ ਗਿਆ ਹੈ ਪਰ ਐੱਸ. ਟੀ. ਐੱਫ. ਸੂਤਰਾਂ ਅਨੁਸਾਰ ਪੁੱਛਗਿਛ ਦਾ ਆਧਾਰ ਐੱਸ. ਐੱਸ. ਪੀ. ਰਾਜਜੀਤ ਸਿੰਘ ਤੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਜ਼ਦੀਕੀ ਸੰਬੰਧ ਹੀ ਰਹੇ, ਜਿਸ ਦੇ ਦਮ 'ਤੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਸੀ. ਆਈ. ਏ. ਇੰਚਾਰਜ ਦੀ ਤਾਇਨਾਤੀ ਮਿਲਦੀ ਰਹੀ।
ਐੱਸ. ਟੀ. ਐੱਫ. ਦੇ ਲੁਧਿਆਣਾ ਦਫ਼ਤਰ 'ਚ ਐੱਸ. ਐੱਸ. ਪੀ. ਰਾਜਜੀਤ ਸਿੰਘ ਤੋਂ ਐੱਸ. ਟੀ. ਐੱਫ. ਦੇ ਤਿੰਨ ਆਈ. ਜੀ. ਪੱਧਰ ਦੇ ਅਧਿਕਾਰੀਆਂ ਵਲੋਂ ਪੁੱਛਗਿਛ ਕੀਤੀ ਗਈ। ਸੂਤਰਾਂ ਅਨੁਸਾਰ ਪੁੱਛਗਿਛ ਦੋ-ਤਿੰਨ ਘੰਟੇ ਜਾਰੀ ਰਹੀ, ਜਿਸ ਦੌਰਾਨ ਐੱਸ. ਟੀ. ਐੱਫ. ਵਲੋਂ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਜੁੜੇ ਮਾਮਲਿਆਂ ਸੰਬੰਧੀ ਹੁਣ ਇਕੱਠੇ ਕੀਤੇ ਗਏ ਤੱਥਾਂ ਤੋਂ ਇੰਸਪੈਕਟਰ ਇੰਦਰਜੀਤ ਸਿੰਘ ਦੇ ਅਸਲੀ ਰੈਂਕ ਸੰਬੰਧੀ ਜਾਣਕਾਰੀ ਤੇ ਉਸ ਨੂੰ ਹੀ ਸੀ. ਆਈ. ਏ. ਇੰਚਾਰਜ ਕਿਉਂ ਲਾਇਆ ਜਾਂਦਾ ਰਿਹਾ, ਵਰਗੇ ਸਵਾਲਾਂ ਦੀ ਵਾਛੜ ਕੀਤੀ ਗਈ।
ਧਿਆਨ ਰਹੇ ਕਿ ਐੱਸ. ਐੱਸ. ਪੀ. ਰਾਜਜੀਤ ਸਿੰਘ ਇਕ ਵਾਰ ਪਹਿਲਾਂ ਵੀ ਵਿਵਾਦਾਂ 'ਚ ਘਿਰ ਚੁੱਕੇ ਹਨ, ਜਦੋਂ ਉਨ੍ਹਾਂ ਦੀ ਬੇਟੀ ਵਲੋਂ ਐੱਮ. ਬੀ. ਬੀ. ਐੱਸ. ਦਾਖਲੇ ਲਈ ਅੱਤਵਾਦ ਪੀੜਤ ਦਾ ਗਲਤ ਪ੍ਰਮਾਣ ਪੱਤਰ ਪੇਸ਼ ਕਰ ਦਿੱਤਾ ਗਿਆ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਉਮੀਦਵਾਰ ਦੇ ਪਿਤਾ ਅੱਤਵਾਦ ਦੌਰਾਨ ਸ਼ਹੀਦ ਹੋਏ ਸਨ।


Related News