ਨਸ਼ਾ ਰੋਕੂ ਅਫਸਰ ਬਣਨ ਲਈ ਪੁਲਸ ਦੇ ਸਾਂਝ ਕੇਂਦਰ ''ਚ ਦਿਓ ਦਰਖਾਸਤ : ਐੱਸ. ਡੀ. ਐੱਮ. ਢਿੱਲੋਂ
Tuesday, Mar 13, 2018 - 02:49 PM (IST)

ਬੁਢਲਾਡਾ (ਬਾਂਸਲ) : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਪੈਸ਼ਲ ਟਾਸਕ ਫੋਰਸ ਅਧੀਨ ਪਿੰਡ, ਵਾਰਡ ਅਤੇ ਬੂਥ ਪੱਧਰ 'ਤੇ ਨਸ਼ਾ ਰੋਕੂ ਅਫਸਰ ਨਿਯੁਕਤ ਕੀਤੇ ਜਾਣਗੇ, ਜਿਸਦੀ ਭਰਤੀ ਦੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਰਧ ਸੂਚਨਾ ਦੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਨਸ਼ਾ ਰੋਕੂ ਅਫਸਰ ਬਣਨ ਲਈ ਆਮ ਲੋਕ, ਸਮਾਜ ਸੇਵੀ ਸੰਸਥਾਵਾਂ ਪੁਲਸ ਦੇ ਸਾਂਝ ਕੇਂਦਰ 'ਚ ਦਰਖਾਸਤ ਦੇ ਸਕਦੇਂ ਹਨ, ਜਿਨ੍ਹਾਂ ਦੀ ਪੜਤਾਲ ਪੁਲਸ ਕਰੇਗੀ ਅਤੇ ਉਸ ਤੋਂ ਬਾਅਦ ਐੱਸ. ਡੀ. ਐੱਮ. ਸਬ ਡਵੀਜਨ ਪੱਧਰ ਦੀ ਕਮੇਟੀ ਨਸ਼ਾ ਰੋਕੂ ਅਫਸਰ ਦੀ ਚੋਣ ਕਰੇਗੀ। ਇਹ ਅਫਸਰ ਮੁਹੱਲਾ, ਵਾਰਡ, ਬੂਥ 'ਚ ਨਸ਼ੇ ਦੇ ਆਦੀ ਲੋਕਾਂ ਦੀ ਦੇਖਭਾਲ ਕਰੇਗਾ ਅਤੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਾ ਰੋਕੂ ਅਫਸਰ ਨੂੰ ਕੋਈ ਵੀ ਤਨਖਾਹ ਜਾਂ ਭੱਤਾ ਨਹੀਂ ਦਿੱਤਾ ਜਾਵੇਗਾ। ਯੋਗ ਅਫਸਰ ਦੀ ਚੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ, ਸ਼ਨਾਖਤੀ ਕਾਰਡ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣ ਅਫਸਰਾਂ ਦੀ ਚੋਣ 22 ਮਾਰਚ ਤੱਕ ਕੀਤੀ ਜਾਵੇਗੀ ਅਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸਹੁੰ ਚੁੱਕ ਸਮਾਗਮ ਕੀਤਾ ਜਾਵੇਗਾ। ਸੂਬਾ ਪੱਧਰ ਤੇ ਇਸ ਪ੍ਰੋਗਰਾਮ ਦਾ ਆਗਾਜ਼ ਮੁੱਖ ਮੰਤਰੀ ਪੰਜਾਬ ਖਟਕੜ ਕਲਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆਂ ਕਿ ਜ਼ਿਲੇ 'ਚ ਤਿੰਨ ਪੜਾਵਾਂ ਤੇ ਕਮੇਟੀਆਂ ਕਾਇਮ ਕੀਤੀਆਂ ਜਾਣਗੀਆਂ। ਜ਼ਿਲੇ ਪੱਧਰ ਦੀ ਕਮੇਟੀ 'ਚ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ., ਡੀ.ਡੀ.ਪੀ.ਓ., ਸਿਵਲ ਸਰਜਨ, ਡੀ.ਐੱਡ.ਐੱਸ.ਓ. ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ, ਸਬ ਡਵੀਜਨ ਪੱਧਰ ਤੇ ਮਿਸ਼ਨ ਟੀਮ, ਐੱਸ.ਡੀ.ਐੱਮ., ਐੱਸ.ਐੱਮ.ਓ., ਡੀ.ਐੱਸ.ਪੀ. ਅਤੇ ਸਮਾਜ ਸੇਵੀ ਸੰਸਥਾਵਾਂ, ਪਿੰਡ ਅਤੇ ਵਾਰਡ ਪੱਧਰ ਤੇ ਮੋਨੀਟਰਿੰਗ ਟੀਮ 'ਚ ਇੰਸਪੈਕਟਰ, ਈ.ਓ., ਆਂਗਨਵਾੜੀ ਵਰਕਰ ਅਤੇ ਕਾਂਸਟੇਬਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੋਨੀਟਰਿੰਗ ਕਮੇਟੀਆਂ ਆਪਣੇ-ਆਪਣੇ ਖੇਤਰ 'ਚ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਸਮੱਸਿਆਵਾਂ ਦਾ ਹੱਲ ਕਰਨਗੇ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੰਜਾਬ 'ਚੋਂ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਅਤੇ ਨਸ਼ੇ 'ਚ ਬਰਬਾਦ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਆਪਣਾ ਨੈਤਿਕ ਫਰਜ ਸਮਝਦਿਆਂ ਸਰਕਾਰ ਵੱਲੋਂ ਕੀਤੇ ਗਏ ਉਪਰਾਲੇ ਦੇ ਸਹਿਯੋਗ ਦੇ ਪਾਤਰ ਬਣਨ, ਇਸ ਮੌਕੇ ਤਹਿਸੀਲਦਾਰ ਸੁਰਿੰਦਰ ਸਿੰਘ, ਨਾਇਬ ਤਹਿਸੀਲਦਾਰ ਪ੍ਰਵੀਨ ਕੁਮਾਰ ਸੱਚਰ, ਐੱਸ.ਐੱਚ.ਓ. ਅਮਨਪਾਲ ਵਿਰਕ, ਐੱਸ.ਐੱਚ.ਓ. ਬਲਵਿੰਦਰ ਸਿੰਘ ਰੋਮਾਣਾ, ਐੱਸ.ਐੱਚ.ਓ. ਪ੍ਰਿਤਪਾਲ ਸਿੰਘ, ਸੁਪਰਡੈਂਟ ਰਾਮ ਕੁਮਾਰ ਜੈਨ ਆਦਿ ਨੂੰ ਵੀ ਜਾਣੂ ਕਰਵਾਇਆ ਗਿਆ।