ਜਲੰਧਰ ਵਿਚ ਤਾਇਨਾਤ ਕੀਤੇ ਗਏ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਕਮਾਂਡੋ, ਜਾਣੋ ਕੀ ਹੈ ਪੂਰਾ ਮਾਮਲਾ

Sunday, May 01, 2022 - 06:32 PM (IST)

ਜਲੰਧਰ ਵਿਚ ਤਾਇਨਾਤ ਕੀਤੇ ਗਏ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਕਮਾਂਡੋ, ਜਾਣੋ ਕੀ ਹੈ ਪੂਰਾ ਮਾਮਲਾ

ਜਲੰਧਰ : ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਵਲੋਂ ਸ਼ਹਿਰ ਵਿਚ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸ.ਓ.ਜੀ.) ਦੀ ਕੰਪਨੀ ਨੂੰ ਤਾਇਨਾਤ ਕੀਤਾ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹ ਕੰਪਨੀ ਤਾਇਨਾਤ ਕਰਨ ਦਾ ਮੁੱਖ ਮੰਤਵ ਸ਼ਹਿਰ ਵਿਚ ਹਰ ਕੀਮਤ ’ਤੇ ਜੁਰਮਾਂ ’ਤੇ ਕਾਬੂ ਪਾ ਕੇ ਅਮਨ ਕਾਨੂੰਨ ਨੂੰ ਬਣਾਈ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ ਜਿਸ ਕਰਕੇ ਸ਼ਹਿਰ ਵਿਚ ਵਿਸ਼ੇਸ਼ ਤੌਰ ’ਤੇ ਸਿੱਖਿਅਤ ਅਤੇ ਹਾਈਟੈਕ ਕਮਾਂਡੋ ਤਾਇਨਾਤ ਕੀਤੇ ਗਏ ਹਨ ਜੋ ਸ਼ਹਿਰ ਵਿਚ ਨਿਯਮਤ ਤੌਰ ’ਤੇ ਸੰਵੇਦਨਸ਼ੀਲ ਇਲਾਕਿਆਂ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਸੰਬੰਧਤ ਤਿੰਨ ਗੈਂਗਸਟਰ ਹਥਿਆਰ ਸਮੇਤ ਗ੍ਰਿਫ਼ਤਾਰ

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸੁਰੱਖਿਆ ਬਲਾਂ ਵਲੋਂ ਸ਼ਹਿਰ ਵਿਚ ਅਮਨ-ਕਾਨੂੰਨ ਨੂੰ ਬਹਾਲ ਰੱਖਣ ਲਈ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ ਕਿ ਅਮਨ-ਕਾਨੂੰਨ ਨੂੰ ਬਹਾਲ ਰੱਖਣ ਲਈ ਕਿਸੇ ਅਣਗਹਿਲੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਲੋਕਾਂ ਦੀ ਸੇਵਾ ਲਈ ਹੈ ਇਸ ਲਈ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਪੂਰੀ ਲਗਨ, ਸਮਰਪਨ ਭਾਵਨਾ ਅਤੇ ਪੇਸ਼ੇਵਾਰਾਨਾ ਢੰਗ ਨਾਲ ਨਿਭਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪਟਿਆਲਾ ਹਿੰਸਾ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ, ਪਰਵਾਨਾ ਸਮੇਤ 9 ਗ੍ਰਿਫ਼ਤਾਰ, ਗੱਗੀ ਪੰਡਤ ਵੀ ਗ੍ਰਿਫ਼ਤ ’ਚ

ਪੁਲਸ ਕਮਿਸ਼ਨਰ ਨੇ ਦੁਹਰਾਇਆ ਕਿ ਸ਼ਹਿਰ ਵਿਚ ਨਾਕਾਬੰਦੀ ਅਤੇ ਪੁਲਸ ਗਸ਼ਤ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਪਹਿਲਾਂ ਹੀ ਕਮਿਸ਼ਨਰੇਟ ਦਫ਼ਤਰਾਂ ਅਤੇ ਪੁਲਸ ਲਾਈਨ ਤੋਂ ਵਾਧੂ ਸੁਰੱਖਿਆ ਅਮਲੇ ਨੂੰ ਤਾਇਨਾਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕਮਿਸ਼ਨਰੇਟ ਦੇ ਗਜ਼ਟਿਡ ਅਫ਼ਸਰਾਂ(ਜੀ.ਓਜ਼) ਨੂੰ ਸ਼ਹਿਰੀ ਖੇਤਰ ਵਿਚ ਰਾਤ 10 ਵਜੇ ਤੱਕ ਰਹਿਣ ਦੇ ਆਦੇਸ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੈਰ ਸਮਾਜਿਕ ਗਤੀਵਿਧੀਆਂ ’ਤੇ ਕਾਬੂ ਪਾਉਣ ਲਈ ਦੇਰ ਸ਼ਾਮ ਅਤੇ ਰਾਤ ਦੀਆਂ ਡਿਊਟੀਆਂ ਨੂੰ ਪਹਿਲਾਂ ਹੀ ਮਜ਼ਬੂਤੀ ਨਾਲ ਲਗਾਇਆ ਜਾ ਰਿਹਾ ਹੈ ਅਤੇ ਪੁਲਸ ਮੁਲਾਜ਼ਮਾਂ ਵਲੋਂ ਪਹਿਲਾਂ ਹੀ ਆਪਣੀਆਂ ਡਿਊਟੀਆਂ ਪੂਰੀ ਮੁਸ਼ਤੈਦੀ ਨਾਲ ਨਿਭਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਪਟਿਆਲਾ ਝੜਪ ’ਤੇ ਭਗਵੰਤ ਮਾਨ ਦਾ ਖੁਲਾਸਾ, ਅਕਾਲੀ ਦਲ ਤੇ ਭਾਜਪਾ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਸ਼ਹਿਰ ਵਾਸੀਆਂ ਨੂੰ ਪੂਰਨ ਸਹਿਯੋਗ ਦੀ ਅਪੀਲ ਕਰਦਿਆਂ ਪੁਲਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ ਪਰ ਲੋਕਾਂ ਦੇ ਵੱਡਮੁੱਲੇ ਸਹਿਯੋਗ ਤੋਂ ਬਿਨਾਂ ਜੁਰਮ ਰਹਿਤ ਸਮਾਜ ਦੀ ਸਥਾਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਲੋਕਾਂ ਨੂੰ ਇਸ ਨੇਕ ਕਾਜ ਵਿਚ ਪੁਲਿਸ ਦਾ ਸਹਿਯੋਗ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਭਰੋਸਾ ਦੁਆਇਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਲੰਧਰ ਨੂੰ ਸੁਰੱਖਿਅਤ ਅਤੇ ਜੁਰਮ ਮੁਕਤ ਸ਼ਹਿਰ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲੇ ਪਤੀ ਨੇ ਕਮਾਇਆ ਧਰੋਹ, ਖੁਦ ਦੋਸਤ ਅੱਗੇ ਪਰੋਸ ਦਿੱਤੀ ਪਤਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News