ਪੰਜਾਬ ਪੁਲਸ ਨੇ STF ਨਾਲ ਮਿਲ ਚਲਾਇਆ ਵਿਸ਼ੇਸ਼ ਆਪ੍ਰੇਸ਼ਨ, 19 ਗ੍ਰਿਫ਼ਤਾਰ, ਲੱਖਾਂ ਦੀ ਡਰੱਗ ਮਨੀ ਬਰਾਮਦ
Tuesday, Jul 25, 2023 - 10:49 PM (IST)
ਚੰਡੀਗੜ੍ਹ/ਫਿਰੋਜ਼ਪੁਰ (ਬਿਊਰੋ) : ਪੰਜਾਬ ਪੁਲਸ ਨੇ ਵਿਸ਼ੇਸ਼ ਟਾਸਕ ਫੋਰਸ (STF) ਨਾਲ ਮਿਲ ਕੇ ਅੱਜ ਦੂਜੇ ਦਿਨ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਿਆ। ਇਹ ਕਾਰਵਾਈ ਫਿਰੋਜ਼ਪੁਰ ਰੇਂਜ 'ਚ ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੀਤੀ ਗਈ। ਇਹ ਮੁਹਿੰਮ ਪੰਜਾਬ ਪੁਲਸ ਵੱਲੋਂ ਬਠਿੰਡਾ ਰੇਂਜ ਵਿੱਚ ਚਲਾਈ ਗਈ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਤੋਂ ਇਕ ਦਿਨ ਬਾਅਦ ਚਲਾਈ ਗਈ।
ਇਹ ਵੀ ਪੜ੍ਹੋ : MP ਵਿਕਰਮਜੀਤ ਸਾਹਨੀ ਨੇ ਪੰਜਾਬੀ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਹਿੱਤਾਂ ਲਈ ਇਕਜੁੱਟ ਹੋਣ ਦੀ ਕੀਤੀ ਅਪੀਲ
ਦੱਸਣਯੋਗ ਹੈ ਕਿ ਬਠਿੰਡਾ ਰੇਂਜ ਪੁਲਸ ਵੱਲੋਂ ਕੀਤੇ ਗਏ ਇਸ ਆਪ੍ਰੇਸ਼ਨ ਵਿੱਚ 33 ਐੱਫਆਈਆਰਜ਼ ਦਰਜ ਕਰਨ ਉਪਰੰਤ 41 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਕਬਜ਼ੇ 'ਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਅੱਜ ਇਹ ਆਪ੍ਰੇਸ਼ਨ ਫਿਰੋਜ਼ਪੁਰ ਅਤੇ ਫਾਜ਼ਿਲਕਾ ਸਮੇਤ ਫਿਰੋਜ਼ਪੁਰ ਰੇਂਜ ਦੇ ਦੋਵਾਂ ਪੁਲਸ ਜ਼ਿਲ੍ਹਿਆਂ ਵਿੱਚ ਇਕੋ ਸਮੇਂ ਬਾਅਦ ਦੁਪਹਿਰ 1 ਤੋਂ ਸ਼ਾਮ 5 ਵਜੇ ਤੱਕ ਚਲਾਇਆ ਗਿਆ ਸੀ ਅਤੇ ਐੱਸਐੱਸਪੀਜ਼ ਨੂੰ ਭਾਰੀ ਪੁਲਸ ਫੋਰਸ ਤਾਇਨਾਤ ਕਰਕੇ ਸੁਚੱਜੇ ਢੰਗ ਨਾਲ ਯੋਜਨਾ ਬਣਾਉਣ ਲਈ ਕਿਹਾ ਗਿਆ ਸੀ। ਇਹ ਆਪ੍ਰੇਸ਼ਨ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਤੇ ਡੀਆਈਜੀ ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਦੀ ਸਮੁੱਚੀ ਨਿਗਰਾਨੀ ਹੇਠ ਚਲਾਇਆ ਗਿਆ।
ਇਹ ਵੀ ਪੜ੍ਹੋ : ਦਮਦਮੀ ਟਕਸਾਲ ਵੱਲੋਂ ਤਿਆਰ ਸ਼੍ਰੋਮਣੀ ਦਮਦਮੀ ਸਟੀਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰਿਲੀਜ਼
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ ਪੁਲਸ ਟੀਮਾਂ ਨੇ 15 ਐੱਫਆਈਆਰਜ਼ ਦਰਜ ਕਰਕੇ 19 ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਟੀਮਾਂ ਨੇ ਉਨ੍ਹਾਂ ਕੋਲੋਂ 13.96 ਲੱਖ ਰੁਪਏ ਦੀ ਡਰੱਗ ਮਨੀ, 320 ਗ੍ਰਾਮ ਹੈਰੋਇਨ ਅਤੇ ਵੱਡੀ ਮਾਤਰਾ 'ਚ ਲਾਹਣ ਬਰਾਮਦ ਕਰਨ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਦੇ 27 ਵਾਹਨ ਵੀ ਜ਼ਬਤ ਕੀਤੇ ਹਨ। ਉਨ੍ਹਾਂ ਕਿਹਾ ਕਿ 1300 ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਮਜ਼ਬੂਤ ਫੋਰਸ ਨੇ ਦੋਵਾਂ ਜ਼ਿਲ੍ਹਿਆਂ ਵਿੱਚ ਪਛਾਣੇ ਗਏ 62 ਤੋਂ ਵੱਧ ਡਰੱਗ ਹੌਟਸਪੌਟਸ ਵਿੱਚ ਇਹ ਆਪ੍ਰੇਸ਼ਨ ਚਲਾਇਆ। ਉਨ੍ਹਾਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਪੁਲਸ ਟੀਮਾਂ ਨੇ 50 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ।
ਉਨ੍ਹਾਂ ਕਿਹਾ ਕਿ ਅਜਿਹੇ ਆਪ੍ਰੇਸ਼ਨਾਂ ਨੂੰ ਅੰਜਾਮ ਦੇਣ ਦਾ ਮਕਸਦ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਸਮਾਜ ਵਿਰੋਧੀ ਅਨਸਰਾਂ 'ਚ ਡਰ ਪੈਦਾ ਕਰਨ ਲਈ ਫੀਲਡ ਵਿੱਚ ਪੁਲਸ ਫੋਰਸ ਦੀ ਮੌਜੂਦਗੀ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਅਜਿਹੇ ਆਪ੍ਰੇਸ਼ਨ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8