ਕੈਪਟਨ ਅਮਰਿੰਦਰ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ, ਵਿਧਵਾ ਔਰਤਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ

Saturday, Oct 21, 2017 - 12:36 PM (IST)

ਕੈਪਟਨ ਅਮਰਿੰਦਰ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ, ਵਿਧਵਾ ਔਰਤਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ

ਜਲੰਧਰ  (ਧਵਨ) - ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀਆਂ ਹੱਥੋਂ ਮਾਰੇ ਗਏ ਸਰਕਾਰੀ ਕਰਮਚਾਰੀਆਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ ਕਰ ਦਿੱਤੀ ਹੈ। ਮੁਖ ਮੰਤਰੀ ਨੇ ਅੱਤਵਾਦ ਦੌਰਾਨ ਮਾਰੇ ਗਏ ਪੁਲਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਲਾਲ ਕਾਰਡ ਸਕੀਮ ਦਾ ਲਾਭ ਦੇਣ ਬਾਰੇ ਵੀ ਸਹਿਮਤੀ ਦੇ ਦਿੱਤੀ ਹੈ। ਸਾਲ 2016 ਵਿਚ ਸਾਬਕਾ ਅਕਾਲੀ ਸਰਕਾਰ ਨੇ ਵਿਸ਼ੇਸ਼ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ 'ਤੇ ਇਸ ਸਕੀਮ ਨੂੰ ਬਹਾਲ ਕੀਤਾ ਜਾਵੇਗਾ। ਮੁਖ ਮੰਤਰੀ ਨੇ ਐਲਾਨ ਕੀਤਾ ਕਿ ਸਕੀਮ ਦੇ ਤਹਿਤ ਵਿਧਵਾ ਨੂੰ ਉਸ ਦੀ ਮੌਤ ਤੱਕ ਪੈਨਸ਼ਨ ਮਿਲੇਗੀ ਜਦੋਂਕਿ ਇਸ ਤੋਂ ਪਹਿਲਾਂ ਵਿਧਵਾਵਾਂ ਨੂੰ ਦੁਬਾਰਾ ਵਿਆਹ ਹੋਣ ਤੱਕ ਪੈਨਸ਼ਨ ਦੇਣ ਦੀ ਵਿਵਸਥਾ ਸੀ।
ਸ਼ਹੀਦ ਪੁਲਸ ਕਰਮਚਾਰੀਆਂ ਦੇ ਪਰਿਵਾਰਾਂ ਵਲੋਂ ਕੀਤੀ ਅਪੀਲ ਦੇ ਨਾਲ ਸਹਿਮਤੀ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਤੁਰੰਤ ਲਾਲ ਕਾਰਡ ਦਿੱਤੇ ਜਾਣਗੇ ਜਦੋਂਕਿ ਅਜੇ ਤੱਕ ਸਿਰਫ ਅੱਤਵਾਦ ਪੀੜਤ ਸਿਵਲੀਅਨ ਪਰਿਵਾਰਾਂ ਨੂੰ ਹੀ ਲਾਲ ਕਾਰਡ ਦਿੱਤੇ ਜਾ ਰਹੇ ਸਨ। ਪੰਜਾਬ ਪੁਲਸ ਦੀ ਬਹਾਦਰੀ ਤੇ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਮੁਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਅਮਨ ਤੇ ਸ਼ਾਂਤੀ ਬਹਾਲੀ ਵਿਚ ਪੰਜਾਬ ਪੁਲਸ ਦਾ ਅਹਿਮ ਯੋਗਦਾਨ ਰਿਹਾ ਹੈ। ਮੁਖ ਮੰਤਰੀ ਨੇ ਸ਼ਹੀਦ ਪਰਿਵਾਰਾਂ ਨਾਲ ਵਾਅਦਾ ਕੀਤਾ ਕਿ ਹਥਿਆਰਬੰਦ ਪੁਲਸ ਵਿਚ ਭਰਤੀ, ਉਨ੍ਹਾਂ ਦੇ ਬੱਚਿਆਂ ਦੀ ਤਾਇਨਾਤੀ ਗ੍ਰਹਿ ਜ਼ਿਲਿਆਂ ਤੇ ਉਸ ਦੇ ਨੇੜੇ ਕਰਨ ਬਾਰੇ ਸਰਕਾਰ ਹਮਦਰਦੀ ਨਾਲ ਵਿਚਾਰ ਕਰੇਗੀ। ਮੁਖ ਮੰਤਰੀ ਅੱਜ ਚੰਡੀਗੜ੍ਹ ਵਿਚ ਪੰਜਾਬ ਪੁਲਸ ਹੈੱਡਕੁਆਰਟਰ ਵਿਚ ਸ਼ਹੀਦੀ ਦਿਹਾੜੇ ਦੀ ਪੂਰਬਲੀ ਸ਼ਾਮ 'ਤੇ ਖਾਸ ਤੌਰ 'ਤੇ ਸ਼ਰਧਾਂਜਲੀ ਦੇਣ ਆਏ ਸਨ। ਕੈਪਟਨ ਨੇ ਪੁਲਸ ਫੋਰਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸ਼ਹੀਦ ਪਰਿਵਾਰਾਂ ਨਾਲ ਗੱਲਬਾਤ ਕੀਤੀ। ਸੂਬੇ ਵਿਚ ਐੱਸ.ਪੀ.ਓਜ਼ ਤੇ ਹੋਮਗਾਰਡ ਸਮੇਤ ਪੁਲਸ ਦੇ ਕੁੱਲ 1600 ਸ਼ਹੀਦ ਪਰਿਵਾਰਾਂ ਦਾ ਜ਼ਿਕਰ ਕਰਦਿਆਂ ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਰਕਾਰ ਵਚਨਬੱਧ ਹੈ।
ਸ਼ਹੀਦ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਪਤੀ ਦੀ ਅੰਤਿਮ ਤਨਖਾਹ ਦੇ ਬਰਾਬਰ ਪੈਨਸ਼ਨ ਮਿਲੇਗੀ
ਮੁਖ ਮੰਤਰੀ ਨੇ ਮੌਕੇ 'ਤੇ ਮੌਜੂਦ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਕਿਹਾ ਕਿ ਉਹ ਸ਼ਹੀਦ ਪਰਿਵਾਰਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪੈਨਸ਼ਨ ਯੋਜਨਾ ਨੂੰ ਚਾਲੂ ਕਰਨ ਬਾਰੇ ਜ਼ਰੂਰੀ ਕਦਮ ਚੁੱਕਣ। ਮੁਖ ਮੰਤਰੀ ਨੇ ਕਿਹਾ ਕਿ ਪੈਨਸ਼ਨ ਦੀ ਰਕਮ ਕਰਮਚਾਰੀ ਦੀ ਮੌਤ ਸਮੇਂ ਉਸ ਦੀ ਅੰਤਿਮ ਤਨਖਾਹ ਦੇ ਬਰਾਬਰ ਹੋਵੇਗੀ। ਸ਼ਹੀਦਾਂ ਦੀਆਂ ਵਿਧਵਾਵਾਂ ਸਾਡੇ ਪਰਿਵਾਰ ਦਾ ਇਕ ਹਿੱਸਾ ਹਨ। ਪੁਲਸ ਮੁਲਾਜ਼ਮ ਕਾਫੀ ਔਖੇ ਹਾਲਾਤ ਵਿਚ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ 24-24 ਘੰਟੇ ਡਿਊਟੀ ਕਰਨੀ ਪੈਂਦੀ ਹੈ, ਜਿਸ ਕਾਰਨ ਉਹ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਨ। ਪੁਲਸ ਮੁਲਾਜ਼ਮਾਂ ਨੂੰ ਵਧੀÎਆ ਮਕਾਨ , ਸਿਹਤ ਸੰਭਾਲ ਤੇ ਬੱਚਿਆਂ ਦੀ ਸਿੱਖਿਆ ਨਾਲ ਸਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੱਤਵਾਦੀਆਂ ਹੱਥੋਂ ਮਾਰੇ ਗਏ ਪੁਲਸ ਮੁਲਾਜ਼ਮਾਂ 'ਚੋਂ ਕੁਝ ਮੁਲਾਜ਼ਮਾਂ ਦੇ ਬੱਚਿਆਂ ਨੂੰ ਐਕਸਗ੍ਰੇਸ਼ੀਆ ਸਹਾਇਤਾ ਅਤੇ ਨੌਕਰੀਆਂ ਪਹਿਲਾਂ ਹੀ ਦੇ ਚੁੱਕੀ ਹੈ। ਇਸ ਨੂੰ ਅੱਗੇ ਵੀ ਜਾਰੀ ਰੱਖੇਗੀ। ਅਗਲੇ ਕੁਝ ਮਹੀਨਿਆਂ ਵਿਚ ਸਰਕਾਰ ਪੁਲਸ ਮੁਲਾਜ਼ਮਾਂ ਲਈ ਕੁÎਝ ਹੋਰ ਭਲਾਈ ਯੋਜਨਾਵਾਂ ਦਾ ਐਲਾਨ ਕਰੇਗੀ। ਇਸ ਮੌਕੇ ਮੌਜੂਦ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਨਿਊਯਾਰਕ ਪੁਲਸ ਵਿਭਾਗ ਮੁਖ ਦਫਤਰ ਵਿਚ ਇਕ ਕੰਧ 'ਤੇ ਸ਼ਹੀਦਾਂ ਦੇ ਨਾਂ ਲਿਖੇ ਹਨ ਤੇ ਨਾਲ ਸ਼ਹੀਦੀ ਮਸ਼ਾਲ ਵੀ ਜਗਦੀ ਹੈ। ਅਜਿਹਾ ਹੀ ਪੰਜਾਬ ਪੁਲਸ ਮੁਖ ਦਫਤਰ ਵਿਚ ਕੀਤਾ ਜਾਵੇਗਾ। ਇਸ ਮੌਕੇ ਮੁਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਗ੍ਰਹਿ ਸਕੱਤਰ ਐੱਨ. ਐੱਸ. ਕਲਸੀ, ਡੀ. ਜੀ. ਪੀ. ਹਰਦੀਪ ਸਿੰਘ ਢਿੱਲੋਂ, ਡੀ. ਜੀ. ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਡੀ. ਜੀ .ਪੀ. ਐੱਸ. ਕੇ ਤਿਵਾੜੀ, ਆਈ. ਪੀ. ਐੱਸ. ਸਹੋਤਾ, ਵੀ. ਕੇ. ਭਾਵਰਾ, ਜਸਮਿੰਦਰ ਸਿੰਘ, ਐੱਸ. ਐੱਸ. ਚਟੋਪਾਧਿਆਏ, ਏ. ਡੀ. ਜੀ. ਪੀ. ਵਿਜੀਲੈਂਸ ਵੀ. ਕੇ. ਉੱਪਲ, ਏ. ਡੀ. ਜੀ. ਪੀ. ਸੁਰੱਖਿਆ ਗੌਰਵ ਯਾਦਵ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।


Related News