16 ਅਗਸਤ ਨੂੰ ਪੋਲਿੰਗ ਬੂਥਾਂ ''ਤੇ ਲੱਗਣਗੇ ਵਿਸ਼ੇਸ਼ ਕੈਂਪ, BLO ਦੁਪਹਿਰ 1 ਵਜੇ ਤੱਕ ਰਹਿਣਗੇ ਮੌਜੂਦ
Thursday, Aug 13, 2026 - 04:14 PM (IST)
ਫਿਰੋਜ਼ਪੁਰ (ਵੈੱਬ ਡੈਸਕ, ਸੋਨੂੰ ਚੋਪੜਾ) : ਜ਼ਿਲ੍ਹਾ ਚੋਣ ਅਫ਼ਸਰ-ਕਮ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ 16 ਅਗਸਤ 2026 ਨੂੰ ਆਪਣੇ ਸਬੰਧਿਤ ਪੋਲਿੰਗ ਬੂਥ ’ਤੇ ਪਹੁੰਚ ਕੇ ਡਰਾਫਟ ਵੋਟਰ ਸੂਚੀ 'ਚ ਆਪਣਾ ਨਾਂ ਜ਼ਰੂਰ ਚੈੱਕ ਕਰਨ। ਇਸ ਸਬੰਧੀ ਹਰੇਕ ਬੂਥ ਲੈਵਲ ਅਫ਼ਸਰ 16 ਅਗਸਤ 2026 ਨੂੰ ਆਪਣੇ ਸਬੰਧਿਤ ਪੋਲਿੰਗ ਬੂਥ ’ਤੇ ਸਵੇਰੇ 10.00 ਵਜੋਂ ਤੋਂ ਦੁਪਹਿਰ 01.00 ਵਜੇ ਤੱਕ ਹਾਜ਼ਰ ਰਹਿਣਗੇ ਅਤੇ ਉਨ੍ਹਾਂ ਕੋਲ ਸਬੰਧਿਤ ਪੋਲਿੰਗ ਬੂਥ ਦੀ ਡਰਾਫਟ ਵੋਟਰ ਸੂਚੀ ਉਪਲੱਬਧ ਹੋਵੇਗੀ।
ਵੋਟਰ ਬੀ. ਐੱਲ. ਓ. ਸਹਾਇਤਾ ਨਾਲ ਵੋਟਰ ਸੂਚੀ 'ਚ ਆਪਣਾ ਨਾਮ, ਵੇਰਵੇ ਅਤੇ ਹੋਰ ਸਬੰਧਿਤ ਜਾਣਕਾਰੀ ਦੀ ਜਾਂਚ ਕਰ ਸਕਦੇ ਹਨ ਜਾਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੈੱਬਸਾਈਟ ferozepur.nic.in ’ਤੇ ਵੀ ਡਰਾਫਟ ਵੋਟਰ ਸੂਚੀ ਉਪਲੱਬਧ ਹੈ, ਜਿਸ 'ਚ ਵੋਟਰ ਆਪਣੇ ਵੇਰਵੇ ਚੈੱਕ ਕਰ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਮਿਤੀ ਨੂੰ ਆਪਣੇ ਪੋਲਿੰਗ ਬੂਥ ’ਤੇ ਜ਼ਰੂਰ ਪਹੁੰਚਣ ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਨਾਮ ਅਤੇ ਵੋਟਰ ਸੂਚੀ 'ਚ ਦਰਜ ਵੇਰਵੇ ਸਹੀ ਹਨ। ਜੇਕਰ ਕਿਸੇ ਵੋਟਰ ਨੂੰ ਵੋਟਰ ਸੂਚੀ 'ਚ ਆਪਣਾ ਨਾਮ ਜਾਂ ਵੇਰਵਿਆਂ ਸਬੰਧੀ ਕੋਈ ਇਤਰਾਜ਼ ਜਾਂ ਸੋਧ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਹ ਮੌਕੇ ’ਤੇ ਮੌਜੂਦ ਬੀ. ਐੱਲ. ਓ. ਨਾਲ ਸੰਪਰਕ ਕਰ ਸਕਦਾ ਹੈ ਅਤੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ/ਦਾਅਵਾ ਅਤੇ ਇਤਰਾਜ਼ ਪੇਸ਼ ਕਰ ਸਕਦਾ ਹੈ।
ਵੋਟਰਾਂ ਲਈ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਸਮਾਂ 13 ਅਗਸਤ ਤੋਂ 12 ਸਤੰਬਰ ਤੱਕ ਨਿਰਧਾਰਿਤ ਕੀਤਾ ਗਿਆ ਹੈ। ਇਸ ਲਈ ਨਵੀਂ ਵੋਟ ਬਣਾਉਣ ਲਈ ਫਾਰਮ 6, ਵੋਟਰ ਸੂਚੀ ਜਾਂ ਵੋਟਰ ਕਾਰਡ ਵਿੱਚ ਦਰਜ ਵੇਰਵਿਆਂ ਵਿੱਚ ਸੋਧ ਜਾਂ ਵੋਟ ਸ਼ਿਫ਼ਟ ਕਰਨ ਲਈ ਫਾਰਮ-8 ਆਨਲਾਈਨ ਪੋਰਟਲ voters.eci.gov.in ਰਾਹੀਂ ਜਾਂ ਆਪਣੇ Android Phone s/ ECINET Mobile App download ਕਰ ਸਕਦੇ ਹੋ। ਇਸ ਤੋਂ ਇਲਾਵਾ ਆਫ਼ਲਾਈਨ ਦਸਤੀ ਫਾਰਮ ਭਰਨ ਲਈ ਆਪਣੇ ਹਲਕੇ ਦੇ ਈ. ਆਰ. ੳ ਦਫ਼ਤਰ ਜਾਂ ਬੂਥ ਲੈਵਲ ਅਫ਼ਸਰ ਦੀ ਸਹਾਇਤਾ ਲੈ ਸਕਦੇ ਹੋ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਲਈ ਵੋਟਰ ਸੂਚੀ ਵਿੱਚ ਆਪਣਾ ਨਾਮ ਚੈੱਕ ਕਰਨਾ ਯਕੀਨੀ ਬਣਾਇਆ ਜਾਵੇ।
