ਵਿਧਾਨ ਸਭਾ 'ਚ ਉੱਠੇ ਸਾਰੇ ਸਵਾਲਾਂ 'ਤੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ 'ਜਗ ਬਾਣੀ' ਨਾਲ ਕੀਤੀ ਖੁੱਲ੍ਹ ਕੇ ਗੱਲ

09/01/2018 4:24:40 PM

ਜਲੰਧਰ(ਰਮਨਦੀਪ ਸਿੰਘ ਸੋਢੀ)— ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ। ਮੰਗਲਵਾਰ ਨੂੰ ਵਿਧਾਨ ਸਭਾ ਸੈਸ਼ਨ 'ਤੇ ਇਸ ਰਿਪੋਰਟ 'ਤੇ ਬਹਿਸ ਹੋਈ, ਜਿਥੇ ਇਸ ਰਿਪੋਰਟ 'ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਗਏ। ਉਥੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਦੇ 12 ਮਿੰਟ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਇਹ ਦੋਸ਼ ਲਾਉਂਦਿਆਂ ਸਦਨ ਤੋਂ ਬਾਹਰ ਆ ਗਿਆ ਕਿ ਬਹਿਸ ਲਈ ਉਸ ਨੂੰ ਘੱਟ ਸਮਾਂ ਦਿੱਤਾ ਜਾ ਰਿਹਾ ਹੈ। ਇਹੀ ਨਹੀਂ, ਵਿਧਾਨ ਸਭਾ ਸਪੀਕਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਾਏ ਗਏ। 'ਜਗ ਬਾਣੀ' ਸਟੂਡੀਊ ਪਹੁੰਚੇ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਘੱਟ ਸਮਾਂ ਦਿੱਤੇ ਜਾਣ ਦਾ ਦੋਸ਼ ਕਿਸੇ ਵੀ ਤਰ੍ਹਾਂ ਸਹੀ ਨਹੀਂ। ਜੋ ਸਮਾਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਗਿਆ, ਉਹ ਪਾਰਲੀਮੈਂਟਰੀ ਡੈਮੋਕ੍ਰੇਸੀ ਪ੍ਰੈਕਟਿਸ ਦੇ ਅਨੁਸਾਰ ਦਿੱਤਾ ਗਿਆ ਸੀ।

1. ਸਵਾਲ- ਸ਼੍ਰੋਮਣੀ ਅਕਾਲੀ ਦਲ ਦਾ ਦੋਸ਼ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 5 ਤੋਂ 6 ਸੌ ਸਫਿਆਂ ਦੀ ਹੈ ਅਤੇ ਉਨ੍ਹਾਂ ਨੂੰ ਬਹਿਸ ਲਈ ਇਸ 'ਤੇ ਸਿਰਫ 14 ਮਿੰਟ ਦਾ ਸਮਾਂ ਦਿੱਤਾ ਗਿਆ?
ਜਵਾਬ- ਮੇਰੇ ਹਿਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਇਹ ਦੋਸ਼ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਹੈ। ਅਕਾਲੀ ਦਲ ਨੂੰ ਚਰਚਾ ਲਈ ਜੋ 14 ਮਿੰਟ ਦਿੱਤੇ ਗਏ ਸਨ, ਉਹ ਬਹਿਸ ਲਈ ਪਹਿਲਾਂ ਹੀ ਰੱਖੇ ਦੋ ਘੰਟਿਆਂ ਮੁਤਾਬਕ ਸਨ। ਨਾਲ ਹੀ ਸਦਨ ਦੀ ਇਹ ਵੀ ਇੱਛਾ ਸੀ ਕਿ ਬਰਗਾੜੀ ਅਤੇ ਬਹਿਬਲ ਕਲਾਂ ਗੋਲੀਕਾਂਡ ਪੰਜਾਬ ਹੀ ਨਹੀਂ ਪੂਰੀ ਦੁਨੀਆ ਲਈ ਇਕ ਗੰਭੀਰ ਮਾਮਲਾ ਹੈ ਅਤੇ ਲੋਕਾਂ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਸੰਜੀਦਾ ਮਾਮਲਾ ਹੈ। ਭਾਵੇਂ ਹੀ ਸੈਸ਼ਨ ਰਾਤ 8 ਵਜੇ ਤੋਂ 10 ਵਜੇ ਜਾਂ ਦੂਜੇ ਦਿਨ ਵੀ ਚਲਦਾ ਰਹੇ, ਜਦੋਂ ਤਕ ਕਿ ਬਹਿਸ ਪੂਰੀ ਨਹੀਂ ਹੋ ਜਾਂਦੀ। ਕੋਈ ਮੈਂਬਰ ਇਹ ਨਹੀਂ ਕਹਿ ਸਕਦਾ ਕਿ ਉਸਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਪਰ ਜੋ ਸਮਾਂ ਤਕਸੀਮ ਹੈ, ਉਹ ਟਾਈਮ ਟੇਬਲ ਚਾਰਟ ਦੇ ਮੁਤਾਬਕ ਹੋਣਾ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਜੋ 14 ਮਿੰਟ ਦਾ ਸਮਾਂ ਦਿੱਤਾ ਗਿਆ, ਉਹ ਪਹਿਲੇ ਦੋ ਘੰਟਿਆਂ ਦੇ ਚਾਰਟ ਮੁਤਾਬਕ ਦਿੱਤਾ ਗਿਆ ਸੀ। ਅਕਾਲੀ ਦਲ ਵਿਧਾਨ ਸਭਾ ਸਦਨ ਵਿਚ ਬੈਠਾ ਰਹਿੰਦਾ ਤਾਂ ਉਸ ਨੂੰ ਪਾਰਲੀਮੈਂਟਰੀ ਡੈਮੋਕ੍ਰੇਸੀ ਪ੍ਰੈਕਟਿਸ ਮੁਤਾਬਕ ਹੋਰ ਸਮਾਂ ਮਿਲਦਾ ਪਰ ਉਹ ਸਦਨ ਵਿਚ ਬੈਠਾ ਹੀ ਨਹੀਂ।

2. ਸਵਾਲ- ਪਾਰਲੀਮੈਂਟਰੀ ਡੈਮੋਕ੍ਰੇਸੀ ਪ੍ਰੈਕਟਿਸ ਸ਼ਬਦ ਥੋੜ੍ਹਾ ਟੈਕਨੀਕਲ ਹੈ, ਇਸ ਨੂੰ ਵਿਸਥਾਰ ਸਹਿਤ ਦੱਸੋ।
ਜਵਾਬ- ਬੜਾ ਸਿੱਧਾ ਜਿਹਾ ਜਵਾਬ ਹੈ ਵਿਧਾਨ ਸਭਾ ਤੇ ਲੋਕ ਸਭਾ ਦਾ ਇਹ ਨਿਯਮ ਹੈ ਕਿ ਲੋਕ ਸਭਾ ਜਾਂ ਵਿਧਾਨ ਸਭਾ ਵਿਚ ਜਿਸ ਪਾਰਟੀ ਦੀ ਜਿੰਨੀ ਸਟ੍ਰੈਂਥ ਹੁੰਦੀ ਹੈ, ਉਸੇ ਹਿਸਾਬ ਨਾਲ ਸਮਾਂ ਦਿੱਤਾ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਵਿਚ 14 ਮੈਂਬਰ ਹਨ ਅਤੇ ਸਮਾਂ ਵੰਡ ਦੇ ਹਿਸਾਬ ਨਾਲ ਉਸ ਨੂੰ 14 ਮਿੰਟ ਦਿੱਤੇ ਗਏ। ਜੇਕਰ ਭਾਜਪਾ ਜਿਸ ਦੇ ਵਿਧਾਨ ਸਭਾ ਵਿਚ ਮੈਂਬਰ ਹਨ ਅਤੇ ਇਹ ਮੰਗ ਕਰੇ ਕਿ ਉਸ ਨੂੰ 14 ਮਿੰਟ ਦਿੱਤੇ ਜਾਣ ਤਾਂ ਇਹ ਵਾਜਿਬ ਨਹੀਂ ਹੋਵੇਗਾ। ਵਿਧਾਨ ਸਭਾ ਵਿਚ ਕੁਲ 117 ਮੈਂਬਰ ਹਨ ਅਤੇ ਕਾਂਗਰਸ ਦੇ ਇਨ੍ਹਾਂ ਵਿਚੋਂ 77, ਆਪ ਦੇ 20, ਸ਼੍ਰੋਮਣੀ ਅਕਾਲੀ ਦਲ ਦੇ 14, ਭਾਜਪਾ ਦੇ 3 ਅਤੇ ਲੋਕ ਇਨਸਾਫ ਪਾਰਟੀ (ਲਿਪ) ਦੇ 2 ਮੈਂਬਰ ਹਨ। ਉਸ ਹਿਸਾਬ ਨਾਲ ਪਹਿਲਾਂ ਤੋਂ ਤੈਅ 2 ਘੰਟੇ ਦੇ ਸਮੇਂ ਨੂੰ ਸਮਾਂ ਵੰਡ ਦੇ ਹਿਸਾਬ ਨਾਲ ਵੰਡਿਆ ਗਿਆ ਸੀ।

3. ਸਵਾਲ- ਪਰ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਇਹ ਸਮਾਂ ਕੋਈ ਲਿਖਤ ਵਿਚ ਨਹੀਂ ਸੀ। 
ਜਵਾਬ- ਵਿਧਾਨ ਸਭਾ ਵਿਚ ਜਿੰਨੀ ਵੀ ਕਾਰਵਾਈ ਹੁੰਦੀ ਹੈ, ਉਹ ਮੌਖਿਕ ਹੁੰਦੀ ਹੈ ਨਾ ਕਿ ਲਿਖਤੀ। ਜੋ ਕੁਝ ਅਸੀਂ ਮੌਖਿਕ ਕਰਦੇ ਹਾਂ ਉਹੀ ਬਾਅਦ ਵਿਚ ਲਿਖਿਆ ਜਾਂਦਾ ਹੈ। ਇਸ ਲਈ ਇਹ ਦੋਸ਼ ਬਿਲਕੁਲ ਬੇਬੁਨਿਆਦ ਹਨ। ਜੇਕਰ ਅਕਾਲੀ ਦਲ ਇਹ ਕਹਿੰਦਾ ਹੈ ਕਿ ਸਦਨ ਵਿਚ ਕਾਂਗਰਸ ਦੇ ਮੈਂਬਰ 40-40 ਮਿੰਟ ਤੱਕ ਬੋਲਦੇ ਹਨ ਤਾਂ ਮੈਂ ਇਹ ਕਹਾਂਗਾ ਕਿ ਅਕਾਲੀ ਦਲ ਸਦਨ ਵਿਚ ਬੈਠਾ ਰਹਿੰਦਾ, ਉਸ ਨੂੰ ਜੋ ਸਮਾਂ ਦਿੱਤਾ ਜਾਂਦਾ ਹੈ, ਉਹ ਵੀ ਉਸ ਸਮੇਂ ਦੇ ਹਿਸਾਬ ਨਾਲ ਬੋਲਦਾ। ਦੂਜੀਆਂ ਪਾਰਟੀਆਂ ਨੂੰ ਵੀ ਸਮਾਂ ਵੰਡ ਦੇ ਹਿਸਾਬ ਨਾਲ ਬੋਲਣ ਦਾ ਮੌਕਾ ਦਿੱਤਾ ਗਿਆ ਅਤੇ ਉਨ੍ਹਾਂ ਪਾਰਟੀਆਂ ਦੇ ਨੇਤਾ ਵੀ ਸਮਾਂ ਹੱਦ ਦੀ ਮਰਿਯਾਦਾ ਵਿਚ ਰਹਿੰਦੇ ਹੋਏ ਬੋਲੇ ਹਨ।

4. ਸਵਾਲ- ਕੀ ਇਸ ਵਾਰ ਦੀ ਤਰ੍ਹਾਂ ਆਉਣ ਵਾਲੇ ਸੈਸ਼ਨ ਵਿਚ ਵੀ ਲੋਕ ਸਭਾ ਦੀ ਤਰ੍ਹਾਂ ਵਿਧਾਨ ਸਭਾ ਸੈਸ਼ਨ ਲਾਈਵ ਟੈਲੀਕਾਸਟ ਕੀਤਾ ਜਾਵੇਗਾ?
ਜਵਾਬ- ਦੇਖੋ ਇਸ ਵਾਰ ਲਾਈਵ ਇਸ ਲਈ ਕੀਤਾ ਕਿਉਂਕਿ ਬੇਅਦਬੀ ਦਾ ਮਾਮਲਾ ਬੇਹੱਦ ਸੰਜੀਦਾ ਸੀ। ਅਸੀਂ ਚਾਹੁੰਦੇ ਸੀ ਕਿ ਉਨ੍ਹਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਵਿਧਾਇਕ ਚੁਣ ਕੇ ਭੇਜੇ ਹਨ, ਪਤਾ ਲੱਗੇ ਕਿ ਵਿਧਾਨ ਸਭਾ ਦੇ ਅੰਦਰ ਉਹ ਕਿੰਨੇ ਸੰਜੀਦਾ ਹਨ ਅਤੇ ਕੀ ਕਰ ਰਹੇ ਹਨ। ਰਹੀ ਗੱਲ ਆਉਣ ਵਾਲੇ ਸੈਸ਼ਨ ਨੂੰ ਲਾਈਵ ਕਰਨ ਦੀ ਤਾਂ ਇਸ 'ਤੇ ਵੀ ਅਸੀਂ ਵਿਚਾਰ ਕਰਾਂਗੇ।

5. ਸਵਾਲ-ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਲਾਈਵ ਟੈਲੀਕਾਸਟ ਦੌਰਾਨ ਕੈਮਰਾ ਉਨ੍ਹਾਂ ਦੀ ਪਿੱਠ ਪਿੱਛੇ ਲਾਇਆ ਗਿਆ, ਜੋ ਬੇਇਨਸਾਫੀ ਹੈ।
ਜਵਾਬ- ਦੇਖੋ, ਸਪੀਕਰ ਦਾ ਕੰਮ ਲਾਈਵ ਟੈਲੀਕਾਸਟ ਦੀ ਮਨਜ਼ੂਰੀ ਦੇਣਾ ਹੈ, ਨਾ ਕਿ ਕੈਮਰੇ ਦੀ ਲੋਕੇਸ਼ਨ ਸੈੱਟ ਕਰਨਾ। ਹੁਣ ਇਹ ਕੰਮ ਤਾਂ ਸਾਰੇ ਟੀ. ਵੀ. ਚੈਨਲਾਂ ਨੂੰ ਆਪਣੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਸਾਰੇ ਵਿਧਾਇਕਾਂ ਦਾ ਚਿਹਰਾ ਦਿਖਾਈ ਦੇ ਸਕੇ। ਆਮ ਤੌਰ 'ਤੇ ਅਜਿਹਾ ਉਹ ਕਰਦੇ ਵੀ ਹਨ।

6. ਸਵਾਲ- ਕਈ ਕਾਂਗਰਸੀ ਵਿਧਾਇਕਾਂ ਨੇ ਇਕ ਪ੍ਰਸਤਾਵ ਪੇਸ਼ ਕੀਤਾ ਸੀ ਕਿ ਸਪੀਕਰ ਦੀ ਮਨਜ਼ੂਰੀ ਤੋਂ ਬਿਨਾਂ ਅਕਾਲੀਆਂ ਨੇ ਵਿਧਾਨ ਸਭਾ ਗੈਲਰੀ ਤੋਂ ਇਕ ਟੀ. ਵੀ. ਚੈਨਲ 'ਤੇ ਆਪਣਾ ਮੌਕ ਸੈਸ਼ਨ ਲਾਈਵ ਚਲਾਇਆ ਹੈ, ਜਿਸ ਦੇ ਖਿਲਾਫ ਕਾਰਵਾਈ ਕਰਨ ਦਾ ਪ੍ਰਸਤਾਵ ਲਿਆਂਦਾ ਗਿਆ ਸੀ। ਕੀ ਤੁਸੀਂ ਕਾਰਵਾਈ ਕਰੋਗੇ?
ਜਵਾਬ- ਦੇਖੋ, ਵਿਧਾਨ ਸਭਾ ਵਿਚ ਸੁਲਝੇ ਹੋਏ ਨੇਤਾ ਆਉਂਦੇ ਹਨ ਤੇ ਅਜਿਹਾ ਕਰਨ ਨਾਲ ਉਨ੍ਹਾਂ ਦੇ ਖੁਦ ਦੇ ਅਕਸ ਦਾ ਲੋਕਾਂ 'ਤੇ ਕੀ ਪ੍ਰਭਾਵ ਪਵੇਗਾ, ਇਹ ਅੰਦਾਜ਼ਾ ਉਹ ਖੁਦ ਲਾ ਸਕਦੇ ਹਨ। ਰਹੀ ਗੱਲ ਕਾਰਵਾਈ ਦੀ ਤਾਂ ਮੈਂ ਇਹੋ ਕਹਾਂਗਾ ਕਿ ਰਾਜਨੇਤਾਵਾਂ ਨੂੰ ਖੁਦ ਸਮਝਦਾਰ ਬਣਨਾ ਚਾਹੀਦਾ ਹੈ ਕਿਉਂਕਿ ਇਹ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਸੁੰਦਰਤਾ ਹੈ। ਡਿਬੇਟ ਅਤੇ ਡਿਸਕਸ਼ਨ ਅੰਦਰ ਬੈਠ ਕੇ ਹੋਣੀ ਚਾਹੀਦੀ ਹੈ, ਨਾ ਕਿ ਬਾਹਰ। ਮੈਂ ਇਸ 'ਤੇ ਖੁਦ ਫੈਸਲਾ ਨਹੀਂ ਲੈ ਸਕਦਾ। ਸਪੀਕਰ ਵਿਧਾਨ ਸਭਾ ਦਾ ਨੌਕਰ ਹੁੰਦਾ ਹੈ, ਨਾ ਕਿ ਮਾਸਟਰ।

7. ਸਵਾਲ- ਆਮ ਤੌਰ 'ਤੇ ਹਰ ਵਿਰੋਧੀ ਪਾਰਟੀ ਸਪੀਕਰ 'ਤੇ ਪੱਖਪਾਤ ਦਾ ਦੋਸ਼ ਲਾਉਂਦੀ ਹੈ। ਤੁਹਾਡੇ ਬਾਰੇ ਵੀ ਅਕਾਲੀ ਦਲ ਬੋਲ ਰਿਹਾ ਹੈ ਕਿ ਤੁਸੀਂ ਕਾਂਗਰਸ ਮੈਨ ਬਣ ਕੇ ਸਦਨ ਚਲਾ ਰਹੇ ਹੋ।
ਜਵਾਬ- ਹੱਸਦੇ ਹੋਏ, ਇਹ ਦੋਸ਼ ਸਿਰਫ ਵਿਰੋਧੀ ਪਾਰਟੀ ਦਾ ਨਹੀਂ ਹੁੰਦਾ, ਇਥੋਂ ਤੱਕ ਕਿ ਸਪੀਕਰ ਨਾਲ ਨਾਰਾਜ਼ਗੀ ਤਾਂ ਆਪਣੀ ਪਾਰਟੀ ਦੇ ਵਿਧਾਇਕਾਂ ਦੀ ਵੀ ਰਹਿੰਦੀ ਹੈ। ਮੈਨੂੰ ਅਕਸਰ ਹੀ ਆਪਣੀ ਪਾਰਟੀ ਦੇ ਵਿਧਾਇਕਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ ਕਿ ਤੁਸੀਂ ਸਾਨੂੰ ਬੋਲਣ ਦਾ ਸਮਾਂ ਨਹੀਂ ਦਿੰਦੇ। ਇਸ ਲਈ ਗੱਲ ਸਿਰਫ ਸਮੇਂ ਦੀ ਆਉਂਦੀ ਹੈ, ਜਿਸ ਨੂੰ ਮੈਂ 117 ਵਿਧਾਇਕਾਂ ਦੇ ਹਿਸਾਬ ਨਾਲ ਵੰਡਣਾ ਹੁੰਦਾ ਹੈ। ਅਜਿਹੀ ਹਾਲਤ 'ਚ ਸਪੀਕਰ ਤੋਂ ਸਾਰੇ ਵਿਧਾਇਕ ਕਦੇ ਖੁਸ਼ ਨਹੀਂ ਹੋ ਸਕਦੇ।

8. ਸਵਾਲ- ਸਪੀਕਰ ਸਾਹਿਬ, ਜੇਕਰ ਅਸੀਂ ਦੋ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਇਕ ਸੈਸ਼ਨ ਹੀ ਲੱਗਭਗ 15-15 ਦਿਨ ਚੱਲਦਾ ਸੀ ਪਰ ਅੱਜਕਲ ਸੈਸ਼ਨ ਛੋਟਾ ਕਿਉਂ ਹੁੰਦਾ ਜਾ ਰਿਹਾ ਹੈ?
ਜਵਾਬ- ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਹ ਦੌਰ ਥੋੜ੍ਹਾ ਸਮਾਂ ਪਹਿਲਾਂ ਹੀ ਸ਼ੁਰੂ ਹੋਇਆ ਹੈ। ਮੇਰਾ ਖੁਦ ਦਾ ਮੰਨਣਾ ਹੈ ਕਿ ਸੈਸ਼ਨ ਦਾ ਸਮਾਂ ਲੰਬਾ ਹੋਣਾ ਚਾਹੀਦਾ ਹੈ ਪਰ ਉਸ ਦੇ ਲਈ ਨੇਤਾਵਾਂ ਨੂੰ ਵੀ ਸੰਜੀਦਗੀ ਦਿਖਾਉਣੀ ਹੋਵੇਗੀ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਜਨਤਾ ਦੇ ਮੁੱਦੇ ਉਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਹੁੰਦਾ ਹੈ, ਨਾ ਕਿ ਲੜਾਈ-ਝਗੜੇ ਅਤੇ ਧਰਨੇ ਲਾਉਣ ਲਈ। ਸ਼ਾਇਦ ਇਹੀ ਕਾਰਨ ਹੈ ਕਿ ਲੀਡਰਾਂ 'ਚ ਸੰਜੀਦਗੀ ਘੱਟ ਹੋ ਰਹੀ ਹੈ ਅਤੇ ਸੈਸ਼ਨ ਵੀ ਛੋਟਾ ਹੁੰਦਾ ਜਾ ਰਿਹਾ ਹੈ।

ਇੰਝ ਹੁੰਦੀ ਹੈ ਸਦਨ 'ਚ ਸਮੇਂ ਦੀ ਵੰਡ
ਬਹਿਸ ਲਈ ਰੱਖਿਆ ਗਿਆ ਸ਼ੁਰੂਆਤੀ ਸਮਾਂ 2 ਘੰਟੇ (120 ਮਿੰਟ)
ਵਿਧਾਨ ਸਭਾ ਵਿਚ ਕੁਲ ਵਿਧਾਇਕ 117
ਸਮਾਂ ਵੰਡ  ਪਾਰਲੀਮੈਂਟਰੀ ਡੈਮੋਕ੍ਰੇਸੀ ਪ੍ਰੈਕਟਿਸ ਦੇ ਅਨੁਸਾਰ

ਕਾਂਗਰਸ  77 ਮਿੰਟ 

(1 ਮਿੰਟ ਸਪੀਕਰ ਦਾ ਕੱਢ ਕੇ)

'ਆਪ' 20
ਸ਼੍ਰੋਅਦ 14
ਭਾਜਪਾ 03
ਲਿਪ 02

ਸਪੀਕਰ ਅਨੁਸਾਰ ਕਿਉਂਕਿ ਇਹ ਗੰਭੀਰ ਮੁੱਦਾ ਸੀ, ਇਸ ਲਈ ਬਹਿਸ ਦਾ ਸਮਾਂ ਅਨਿਸ਼ਚਿਤ ਕਾਲ ਲਈ ਕਰ ਦਿੱਤਾ ਗਿਆ। ਭਾਵੇਂ ਹੀ ਸੈਸ਼ਨ ਦੂਜੇ ਦਿਨ ਚਲਦੇ ਰਹਿਣ ਬਹਿਸ ਪੂਰੀ ਹੋਣੀ ਚਾਹੀਦੀ ਹੈ।

9. ਸਵਾਲ- ਸਦਨ 'ਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਦੋ ਮੈਂਬਰ ਇਕ-ਦੂਜੇ ਲਈ ਅਪਸ਼ਬਦ ਬੋਲਦੇ ਹਨ ਅਤੇ ਹੱਥੋਪਾਈ ਤਕ ਜਾਣ ਦੀ ਵੀ ਨੌਬਤ ਆ ਜਾਂਦੀ ਹੈ, ਤੁਸੀਂ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ?
ਜਵਾਬ- ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜੋ ਵੀ ਨੇਤਾ ਸਦਨ 'ਚ ਪਹੁੰਚਦਾ ਹੈ, ਉਸ ਨੂੰ ਲੱਖਾਂ ਲੋਕ ਇਸ ਲਈ ਚੁਣਦੇ ਹਨ ਕਿਉਂਕਿ ਉਹ ਉਸ ਨੂੰ ਸੁਲਝਿਆ ਹੋਇਆ ਇਨਸਾਨ ਸਮਝਦੇ ਹਨ ਪਰ ਜਦੋਂ ਉਹੀ ਵਿਅਕਤੀ ਸਦਨ 'ਚ ਅਜਿਹੀਆਂ ਹਰਕਤਾਂ ਕਰਦਾ ਹੈ ਤਾਂ ਇਸ ਦਾ ਮਤਲਬ ਉਹ ਆਪਣੇ ਵੋਟਰਾਂ ਦੀ ਚੋਣ 'ਤੇ ਸਵਾਲ ਖੜ੍ਹਾ ਕਰ ਰਿਹਾ ਹੈ। ਮੈਂ ਸਿਰਫ ਇੰਨਾ ਕਹਾਂਗਾ ਕਿ ਨੇਤਾਵਾਂ ਨੂੰ ਸਦਨ ਅਤੇ ਇਕ-ਦੂਜੇ ਦੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ। 


Related News