ਦੀਪ ਸਿੱਧੂ ਖ਼ਿਲਾਫ਼ ਬੋਲਣ ’ਤੇ ਸੋਨੀਆ ਮਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Friday, Jan 29, 2021 - 02:38 PM (IST)

ਦੀਪ ਸਿੱਧੂ ਖ਼ਿਲਾਫ਼ ਬੋਲਣ ’ਤੇ ਸੋਨੀਆ ਮਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ (ਬਿਊਰੋ)– ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ’ਤੇ ਦੀਪ ਸਿੱਧੂ ਖ਼ਿਲਾਫ਼ ਬੋਲਣ ਦੇ ਚਲਦਿਆਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਗੱਲ ਦਾ ਖੁਲਾਸਾ ਅੱਜ ਸੋਨੀਆ ਮਾਨ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ਗਿਆ ਹੈ। ਸੋਨੀਆ ਮਾਨ ਨੇ ਬੀਤੇ ਦਿਨੀਂ ਦੀਪ ਸਿੱਧੂ ਦੇ 26 ਜਨਵਰੀ ਨੂੰ ਲਾਲ ਕਿਲੇ ’ਤੇ ਹੋਏ ਘਟਨਾਕ੍ਰਮ ’ਤੇ ਟਿੱਪਣੀ ਕੀਤੀ ਸੀ। ਸੋਨੀਆ ਮਾਨ ਨੇ ਇਕ ਪੋਸਟ ਸਾਂਝੀ ਕਰਦਿਆਂ ਦੀਪ ਸਿੱਧੂ ਨੂੰ ਬੀ. ਜੇ. ਪੀ. ਦਾ ਸੱਪ ਦੱਸਿਆ ਸੀ।

ਇਸ ਸਭ ਦੇ ਚਲਦਿਆਂ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਧਮਕੀ ਦੇਣ ਵਾਲੇ ਦਾ ਕਹਿਣਾ ਹੈ ਕਿ ਜੇਕਰ ਸੋਨੀਆ ਮਾਨ ਨੇ ਦੀਪ ਸਿੱਧੂ ਖ਼ਿਲਾਫ਼ ਕੁਝ ਵੀ ਬੋਲਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਇਹੀ ਨਹੀਂ ਪ੍ਰਾਈਵੇਟ ਨੰਬਰ ਤੋਂ ਆਏ ਫੋਨ ’ਚ ਇਹ ਵੀ ਕਿਹਾ ਗਿਆ ਕਿ ਜਿਵੇਂ ਸੋਨੀਆ ਮਾਨ ਦੇ ਪਿਤਾ ਨੂੰ ਉਨ੍ਹਾਂ ਨੇ ਗੋਲੀਆਂ ਮਾਰੀਆਂ ਸਨ, ਉਸੇ ਤਰ੍ਹਾਂ ਉਸ ਨੂੰ ਵੀ ਗੋਲੀ ਮਾਰ ਦੇਣਗੇ।

ਇਸ ਘਟਨਾਕ੍ਰਮ ’ਤੇ ਸੋਨੀਆ ਮਾਨ ਨੇ ਕਿਹਾ ਕਿ ਉਸ ਨੇ ਕੋਈ ਪੁਲਸ ਸ਼ਿਕਾਇਤ ਅਜੇ ਤਕ ਦਰਜ ਨਹੀਂ ਕਰਵਾਈ ਹੈ। ਦਿੱਲੀ ਦੇ ਬਾਰਡਰਾਂ ’ਤੇ ਉਹ ਅਜੇ ਵੀ ਬਿਨਾਂ ਸੁਰੱਖਿਆ ਦੇ ਸੇਵਾ ਭਾਵਨਾ ਨਾਲ ਕੰਮ ਕਰ ਰਹੀ ਹੈ। ਦੀਪ ਸਿੱਧੂ ਬਾਰੇ ਮੁੜ ਬੋਲਦਿਆਂ ਸੋਨੀਆ ਮਾਨ ਨੇ ਕਿਹਾ ਕਿ ਉਸ ਦਾ ਸਟੈਂਡ ਅਜੇ ਵੀ ਦੀਪ ਸਿੱਧੂ ਨੂੰ ਲੈ ਕੇ ਪਹਿਲਾਂ ਵਾਲਾ ਹੀ ਹੈ। ਸੋਨੀਆ ਮਾਨ ਨੇ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਅੰਦੋਲਨ ਨੂੰ ਖਰਾਬ ਕਰਨ ਦੇ ਚਲਦਿਆਂ ਹੀ ਦੀਪ ਸਿੱਧੂ ਨੇ ਹੀ ਲੋਕਾਂ ਨੂੰ ਭੜਕਾ ਕੇ ਲਾਲ ਕਿਲੇ ਵੱਲ ਜਾਣ ਲਈ ਆਖਿਆ ਸੀ।

ਦੱਸਣਯੋਗ ਹੈ ਕਿ ਸੋਨੀਆ ਮਾਨ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ’ਚ ਸੇਵਾ ਨਿਭਾਅ ਰਹੀ ਹੈ। ਸੋਨੀਆ ਮਾਨ ਵਲੋਂ ਧਰਨੇ ’ਚ ਸ਼ਾਮਲ ਮਹਿਲਾਵਾਂ ਲਈ ਟੈਂਟ ਸਿਟੀ ਵੀ ਬਣਾਈ ਗਈ ਹੈ। ਇਸ ਟੈਂਟ ਸਿਟੀ ਨੂੰ ਸੋਨੀਆ ਮਾਨ ਨੇ ਮਾਈ ਭਾਗੋ ਨਿਵਾਸ ਦਿੱਤਾ ਹੈ।

ਨੋਟ– ਸੋਨੀਆ ਮਾਨ ਨੂੰ ਮਿਲ ਰਹੀਆਂ ਧਮਕੀਆਂ ’ਤੇ ਤੁਸੀਂ ਕੀ ਕਹਿਣਾ ਚਾਹੋਗੇ?


author

Rahul Singh

Content Editor

Related News