ਪੁੱਤ ਦੇ ਨਸ਼ੇ ਤੋਂ ਦੁਖੀ ਮਾਂ ਰੱਸੀ ਲੈ ਕੇ ਮੌਤ ਮੰਗਣ ਪਹੁੰਚੀ ਵਿਧਾਇਕ ਕੋਲ, ਦਰਦ ਸੁਣ ਜਜ਼ਬਾਤੀ ਹੋਏ ਵਿਧਾਇਕ
Saturday, Jun 18, 2022 - 05:31 PM (IST)
ਲੁਧਿਆਣਾ (ਵਿੱਕੀ) : ਪਿਛਲੇ ਸਮੇਂ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨੇ ਇਸ ਤਰ੍ਹਾਂ ਜਕੜ ਲਿਆ ਹੈ ਕਿ ਉਨ੍ਹਾਂ ਦੇ ਘਰ ਪਰਿਵਾਰ ਬਰਬਾਦ ਹੋਣ ਦੇ ਨਾਲ ਕਈ ਨੌਜਵਾਨ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ ਪਰ ਨਸ਼ੇ ਤੋਂ ਗ੍ਰਸਤ ਨੌਜਵਾਨਾਂ ਨੂੰ ਇਸ ਦਲਦਲ ’ਚੋਂ ਬਾਹਰ ਕੱਢ ਕੇ ਮੁੱਖ ਧਾਰਾ ’ਚ ਲਿਆਉਣ ਲਈ ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਜੰਗੀ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਪੱਪੀ ਅੱਜ ਉਸ ਸਮੇਂ ਹੱਕੇ-ਬੱਕੇ ਰਹਿ ਗਏ, ਜਦੋਂ ਉਨ੍ਹਾਂ ਦੇ ਕੋਲ ਇਕ ਨਸ਼ਾ ਪੀੜਤ ਨੌਜਵਾਨ ਦੀ ਮਾਂ ਹੱਥ ’ਚ ਰੱਸੀ ਲੈ ਕੇ ਪੁੱਜੀ ਅਤੇ ਫਰਿਆਦ ਕਰਨ ਲੱਗੀ ਕਿ ਜਾਂ ਤਾਂ ਬਾਕੀ ਨਸ਼ੇੜੀ ਨੌਜਵਾਨਾਂ ਵਾਂਗ ਮੇਰੇ ਬੇਟੇ ਨੂੰ ਵੀ ਇਸ ਦਲਦਲ ’ਚੋਂ ਬਾਹਰ ਕੱਢਵਾ ਦਿਓ ਨਹੀਂ ਤਾਂ ਉਹ ਆਪਣੇ ਬੇਟੇ ਦੀ ਨਸ਼ੇ ਦੀ ਆਦਤ ਤੋਂ ਇੰਨੀ ਦੁਖੀ ਹੈ ਕਿ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰਨਾ ਚਾਹੁੰਦੀ ਹੈ। ਇਕ ਦੁਖੀ ਮਾਂ ਦੀ ਵਿੱਥਿਆ ਸੁਣ ਕੇ ਜਜ਼ਬਾਤੀ ਹੋਏ ਵਿਧਾਇਕ ਪੱਪੀ ਨੇ ਸਭ ਤੋਂ ਪਹਿਲਾਂ ਉਕਤ ਔਰਤ ਦੇ ਹੱਥੋਂ ਰੱਸੀ ਖੋਹ ਕੇ ਫਿਰ ਉਸ ਨੂੰ ਹੌਸਲਾ ਦਿੰਦੇ ਹੋਏ ਸਮਝਾਇਆ ਕਿ ਉਹ ਉਸ ਦੇ ਨਸ਼ੇੜੀ ਬੇਟੇ ਦਾ ਇਲਾਜ ਕਰਵਾਉਣਗੇ।
ਇਹ ਵੀ ਪੜ੍ਹੋ : ਕੈਨੇਡਾ ਜਾਣ ਲਈ ਸ਼ਾਪਿੰਗ ਕਰ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਫਲਾਈਟ ਤੋਂ ਕੁੱਝ ਦਿਨ ਪਹਿਲਾਂ ਹੋਈ ਮੌਤ
ਦੱਸ ਦੇਈਏ ਕਿ ਮਹਿਲਾ ਪੀਰੂਬੰਦਾ ਏਰੀਆ ’ਚ ਰਹਿਣ ਵਾਲੀ ਹੈ, ਜੋ ਨਸ਼ੇ ਦੇ ਆਦੀ ਹੋ ਚੁੱਕੇ ਆਪਣੇ ਬੇਟੇ ਨਾਲ ਵਿਧਾਇਕ ਪੱਪੀ ਦੇ ਦਫਤਰ ’ਚ ਪੁੱਜੀ ਸੀ। ਉਸ ਨੇ ਦੱਸਿਆ ਕਿ ਉਸ ਦਾ ਬੇਟਾ ਪਿਛਲੇ 4 ਸਾਲਾਂ ਤੋਂ ਨਸ਼ੇ ਦਾ ਆਦੀ ਹੋ ਚੁੱਕਾ ਹੈ, ਜਿਸ ਕਾਰਨ ਉਸ ਦਾ ਘਰ ਬਰਬਾਦ ਹੋ ਚੁੱਕਾ ਹੈ। ਉਹ ਅਤਿਅੰਤ ਗਰੀਬੀ ਵਿਚ ਜੀ ਰਹੇ ਹਨ। ਔਰਤ ਨੇ ਦੱਸਿਆ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਨ੍ਹਾਂ ਦਾ ਬੇਟਾ ਵੱਡਾ ਹੋ ਕੇ ਉਨ੍ਹਾਂ ਦਾ ਸਹਾਰਾ ਬਣੇਗਾ ਪਰ ਸਹਾਰਾ ਬਣਨਾ ਤਾਂ ਦੂਰ, ਉਨ੍ਹਾਂ ਦਾ ਬੇਟਾ ਨਸ਼ੇ ਦਾ ਆਦੀ ਹੋ ਕੇ ਉਨ੍ਹਾਂ ਲਈ ਰੋਜ਼ ਨਵੀਆਂ ਸਮੱਸਿਆਵਾਂ ਖੜ੍ਹੀਆਂ ਕਰੀ ਰੱਖਦਾ ਹੈ। ਉਸ ਨੇ ਘਰ ਦਾ ਸਾਰਾ ਸਾਮਾਨ ਵੀ ਵੇਚ ਦਿੱਤਾ ਹੈ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਦੋਸ਼, ਥਰਡ ਡਿਗਰੀ ਇਸਤੇਮਾਲ ਕਰ ਰਹੀ ਪੰਜਾਬ ਪੁਲਸ, ਲਾਰੈਂਸ ਦੀ ਜਾਨ ਨੂੰ ਖ਼ਤਰਾ
ਔਰਤ ਨੇ ਆਪਣੇ ਹੱਥ ’ਚ ਫੜੀ ਰੱਸੀ ਦਿਖਾਉਂਦੇ ਹੋਏ ਦੱਸਿਆ ਕਿ ਅੱਜ ਉਹ ਇੰਨੀ ਦੁਖੀ ਹੈ ਕਿ ਉਹ ਖੁਦਕੁਸ਼ੀ ਕਰਨ ਦੀ ਸੋਚ ਰਹੀ ਹੈ। ਵਿਧਾਇਕ ਪੱਪੀ ਨੇ ਔਰਤ ਨੂੰ ਅਜਿਹਾ ਕਰਨ ਤੋਂ ਰੋਕਦੇ ਹੋਏ ਉਨ੍ਹਾਂ ਦੇ ਬੇਟੇ ਦਾ ਇਲਾਜ ਕਰਵਾਉਣ ਦਾ ਜ਼ਿੰਮਾ ਚੁੱਕਦੇ ਹੋਏ ਕਿਹਾ ਕਿ ਇਹ ਵੱਡੀ ਤ੍ਰਾਸਦੀ ਹੈ ਕਿ ਪਿਛਲੀਆਂ ਸਰਕਾਰਾਂ ਦੌਰਾਨ ਨੌਜਵਾਨਾਂ ਦੇ ਭਵਿੱਖ ਬਣਾਉਣ ਦੀ ਜਗ੍ਹਾ ਉਨ੍ਹਾਂ ਨੂੰ ਨਸ਼ੇ ਦੀ ਦਲ-ਦਲ ’ਚ ਧੱਕ ਦਿੱਤਾ ਗਿਆ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਆਦੀ ਹੋ ਕੇ ਆਪਣੇ ਨਾਲ-ਨਾਲ ਦੇਸ਼ ਦੀ ਨੀਂਹ ਵੀ ਖੋਖਲੀ ਕਰ ਰੱਖੀ ਹੈ। ਪੱਪੀ ਨੇ ਕਿਹਾ ਕਿ ਉਕਤ ਨਸ਼ੇੜੀ ਨੌਜਵਾਨ ਦਾ ਇਲਾਜ ਸ਼ੁਰੂ ਕਰਵਾਉਣ ਦੀ ਪ੍ਰਕਿਰਿਆ ਸ਼ੁੱਕਰਵਾਰ ਤੋਂ ਉਸ ਦੇ ਟੈਸਟ ਕਰਵਾ ਕੇ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਥਰਡ ਡਿਗਰੀ ਦੇ ਦੋਸ਼ਾਂ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਹੋਇਆ ਮੈਡੀਕਲ ਚੈੱਕਅਪ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।