ਧੂਰੀ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪੁੱਤ ਨੇ ਬੇਰਹਿਮੀ ਨਾਲ ਕੀਤਾ ਪਿਤਾ ਦਾ ਕਤਲ (ਤਸਵੀਰਾਂ)
Friday, Sep 08, 2017 - 02:33 PM (IST)
ਧੂਰੀ (ਦਵਿੰਦਰ, ਹਨੀ ਕੋਹਲੀ) — ਧੂਰੀ ਦੇ ਪਿੰਡ ਬਰਡਵਾਲ 'ਚ ਪੁੱਤਰ ਨੇ ਪੈਸਿਆਂ ਦੀ ਖਾਤਰ ਪਿਓ-ਪੁੱਤ ਦੇ ਰਿਸ਼ਤੇ ਨੂੰ ਦਾਗਦਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਪੈਸਿਆਂ ਲਈ ਪੁੱਤਰ ਨੇ ਪਿਤਾ ਨਾਲ ਝਗੜੇ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੌ ਰਹੇ ਪਿਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਪਿਤਾ ਨੂੰ ਪਸ਼ੂਆਂ ਵਾਲੇ ਤਬੇਲੇ ਦੇ ਬਾਹਰ ਪਹਿਲਾਂ ਵੱਢਿਆ ਤੇ ਫਿਰ ਪਿੱਛੇ ਖੇਤ 'ਚ ਸੁੱਟ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ 'ਚ ਵਾਰਦਾਤ ਬਾਰੇ ਪਤਾ ਲੱਗਣ 'ਤੇ ਸਾਰੇ ਪਿੰਡ 'ਚ ਸਨਸਨੀ ਫੈਲ ਗਈ।

ਉਥੇ ਹੀ ਐੱਸ. ਐੱਚ. ਓ. ਪਰਮਿਦੰਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰੀਕ ਸਿੰਘ (50) ਦੇ ਪੁੱਤਰ ਨੇ ਪੈਸਿਆਂ ਖਾਤਰ ਉਸ ਦਾ ਕਤਲ ਕਰ ਦਿੱਤਾ। ਬੇਰੋਜ਼ਗਾਰ ਹੋਣ ਕਾਰਨ ਪਸ਼ੂ ਵੇਚ ਕੇ ਪੈਸਿਆਂ ਦੀ ਮੰਗ ਕਰ ਰਿਹਾ ਸੀ ਪਰ ਉਸ ਦਾ ਪਿਤਾ ਪਸ਼ੂ ਵੇਚਣ ਲਈ ਤਿਆਰ ਨਹੀਂ ਸੀ। ਬੀਤੀ ਰਾਤ ਵੀ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਤੇ ਕਾਤਲ ਦੇ ਦਾਦਾ ਨੇ ਦੋਨਾਂ ਨੂੰ ਸਮਝਾ ਦਿੱਤਾ ਸੀ ਪਰ ਉਸ ਤੋਂ ਬਾਅਦ ਇਸ ਨੇ ਰਾਤ ਨੂੰ ਆਪਣੇ ਸੁੱਤੇ ਪਏ ਪਿਓ ਦਾ ਕਤਲ ਕਰ ਦਿੱਤਾ। ਪੁਲਸ ਨੇ ਮ੍ਰਿਤਕ ਦੇ ਪਿਤਾ ਤੇ ਕਾਤਲ ਦੇ ਦਾਦੇ ਹਰਚਰਣ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਤਲ ਰਾਜਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

