ਸਾਲੇ ਤੇ ਸਹੁਰੇ ਨੇ ਹੱਥੀਂ ਉਜਾੜਿਆ ਧੀ ਦਾ ਘਰ, ਜਵਾਈ ਨੂੰ ਦਿੱਤੀ ਰੂਹ ਕੰਬਾਊ ਮੌਤ

Monday, Jan 22, 2018 - 06:49 PM (IST)

ਸਮਾਣਾ (ਅਨੇਜਾ/ਦਰਦ) : ਡੀ. ਐੱਸ. ਪੀ. ਸਮਾਣਾ ਰਾਜਵਿੰਦਰ ਸਿੰਘ ਨੇ 12 ਦਿਨ ਪਹਿਲਾਂ ਨਰਿੰਦਰ ਸਿੰਘ ਦੇ ਹੋਏ ਅੰਨੇ ਕਤਲ ਦੀ ਗੁਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਸ ਨੇ ਇਕ ਔਰਤ ਸਣੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ 'ਚ 12 ਦਿਨ ਪਹਿਲਾਂ ਕਤਲ ਹੋਏ ਸਬੰਧੀ ਦੱਸਿਆ ਕਿ 17 ਜਨਵਰੀ ਥਾਣਾ ਪਸਿਆਣਾ ਇੰਪੈਕਟਰ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਪਸਿਆਣਾ ਨੂੰ ਕੰਟਰੋਲ ਰੂਮ ਰਾਹੀਂ ਇਤਲਾਹ ਮਿਲੀ ਸੀ ਕਿ ਢਕੜ੍ਹਬਾ ਪੁੱਲ ਨੇੜੇ ਭਾਖੜਾ ਨਹਿਰ ਵਿਚ ਇਕ ਲਾਸ਼ ਤੈਰ ਰਹੀ ਹੈ ਜਿਸ ਦੇ ਹੱਥ ਪੈਰ ਬੰਨ੍ਹੇ ਹੋਏ ਹਨ। ਜਿਸ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜ੍ਹਤਾਲ ਸ਼ੁਰੂ ਕਰ ਦਿੱਤੀ ਤਾਂ ਸਾਰਾ ਮਾਮਲਾ ਹੱਲ ਹੋ ਗਿਆ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਨਰਿੰਦਰ ਸਿੰਘ ਦੇ ਛੋਟੇ ਭਰਾ ਬਲਜਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਸਿੰਘ ਵਾਲਾ ਜ਼ਿਲਾ ਅੰਬਾਲਾ ਦੇ ਬਿਆਨ 'ਤੇ ਜਤਿੰਦਰ ਸਿੰਘ ਉਰਫ ਸੈਟੀ ਪੁੱਤਰ ਹਰਭਜਨ ਸਿੰਘ, ਹਰਭਜਨ ਸਿੰਘ ਪੁੱਤਰ ਦਲੀਪ ਸਿੰਘ, ਜਤਿੰਦਰ ਸਿੰਘ ਉਰਫ ਸੈਟੀ ਦੀ ਘਰਵਾਲੀ, ਸੰਦੀਪ ਕੌਰ ਪਤਨੀ ਮ੍ਰਿਤਕ ਨਰਿੰਦਰ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਜ਼ਿਲਾ ਫਤਿਹਗੜ੍ਹ ਸਾਹਿਬ ਅਤੇ ਪ੍ਰਦੀਪ ਉਰਫ ਪੰਡਿਤ ਵਾਸੀ ਮੰਡੀ ਗੋਬਿੰਦਗੜ੍ਹ ਖਿਲਾਫ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ, ਜਿਸ 'ਤੇ ਤਫਤੀਸ਼ ਦੌਰਾਨ ਪਾਇਆ ਗਿਆ ਕਿ ਮ੍ਰਿਤਕ ਨਰਿੰਦਰ ਸਿੰਘ ਦੇ ਸਾਲੇ ਜਤਿੰਦਰ ਉਰਫ ਸੈਟੀ, ਸਹੁਰਾ ਹਰਭਜਨ ਸਿੰਘ ਅਤੇ ਸਾਲੇਹਾਰ ਕਨਵਲਦੀਪ ਕੌਰ ਨੂੰ ਸਰਹਿੰਦ ਬਾਈਪਾਸ ਪਟਿਆਲਾ ਨੇੜੇ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੇ ਪੁਲਸ ਦੌਰਾਨ ਪੁੱਛ-ਗਿੱਛ 'ਚ ਮੰਨਿਆ ਕਿ ਮ੍ਰਿਤਕ ਨਰਿੰਦਰ ਸਿੰਘ ਦਾ ਵਿਆਹ ਉਨ੍ਹਾਂ ਦੀ ਲੜਕੀ ਸੰਦੀਪ ਕੌਰ ਨਾਲ ਕਰੀਬ 9 ਸਾਲ ਪਹਿਲਾਂ ਹੋਇਆ ਸੀ, ਜਿਸ ਕੋਲ ਇਕ 6 ਸਾਲ ਦਾ ਲੜਕਾ ਹੈ ਅਤੇ ਦੋਵਾਂ ਦੀ ਆਪਸ ਵਿਚ ਅਣਬਣ ਰਹਿੰਦੀ ਸੀ।
09 ਜਨਵਰੀ 2018 ਨੂੰ ਮ੍ਰਿਤਕ ਨਰਿੰਦਰ ਸਿੰਘ ਆਪਣੀ ਪਤਨੀ ਸੰਦੀਪ ਕੌਰ ਨੂੰ ਆਪਣੇ ਘਰ ਲੈ ਕੇ ਜਾਣ ਲਈ ਸਹੁਰੇ ਘਰ ਗੋਬਿੰਦਗੜ੍ਹ ਗਿਆ ਹੋਇਆ ਸੀ ਜਿਥੇ ਉਸਦੀ ਸਹੁਰੇ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਸੀ ਜਿਸ 'ਤੇ ਮ੍ਰਿਤਕ ਨਰਿੰਦਰ ਸਿੰਘ ਆਪਣੀ ਘਰਵਾਲੀ ਤੋਂ ਬਿਨਾ ਹੀ ਆਪਣੇ ਮੋਟਰਸਾਈਕਲ 'ਤੇ ਸਹੁਰੇ ਘਰੋਂ ਨੈਸਨਲ ਹਾਈਵੇ ਵਲ ਆ ਗਿਆ ਜਿਥੇ ਪਿੱਛੇ ਹੀ ਮ੍ਰਿਤਕ ਦਾ ਸਾਲਾ ਜਤਿੰਦਰ ਸਿੰਘ ਉਰਫ ਸੈਟੀ, ਹਰਭਜਨ ਸਿੰਘ ਪੁੱਤਰ ਦਲੀਪ ਸਿੰਘ, ਕੰਵਲਦੀਪ ਕੌਰ ਪਤਨੀ ਜਤਿੰਦਰ ਸਿੰਘ ਉਰਫ ਸੈਟੀ ਤਿੰਨਾ ਨੇ ਨਰਿੰਦਰ ਸਿੰਘ ਨੂੰ ਗੱਡੀ ਵਿਚ ਬੈਠਾ ਲਿਆ ਫਿਰ ਭਾਖੜਾ ਨਹਿਰ ਦੀ ਪੱਟੜੀ-ਪੱਟੜੀ ਹੈੱਡ ਤੋਂ ਅੱਗੇ ਲੈ ਗਏ ਜਿਥੇ ਦੋਸ਼ੀਆਂ ਨੇ ਨਰਿੰਦਰ ਸਿੰਘ ਦੀ ਕੁੱਟਮਾਰ ਕਰਕੇ ਹੱਥ ਪੈਰ ਬੰਨ੍ਹ ਕੇ ਉਸਦੀ ਛਾਤੀ 'ਤੇ ਪੱਥਰ ਬੰਨ੍ਹ ਕੇ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਡੂੰਘਾਈ ਨਾਲ ਤਫਤੀਸ਼ ਕਰਨ 'ਤੇ ਉਲਝਿਆ ਮਾਮਲਾ ਸੁਲਝ ਗਿਆ ਅਤੇ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ।


Related News