ਜਵਾਈ ਨੇ ਸਹੁਰੇ ਘਰ ਆ ਕੇ ਚਲਾਈਆਂ ਗੋਲ਼ੀਆਂ

Tuesday, Jan 25, 2022 - 02:36 PM (IST)

ਜਵਾਈ ਨੇ ਸਹੁਰੇ ਘਰ ਆ ਕੇ ਚਲਾਈਆਂ ਗੋਲ਼ੀਆਂ

ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸੀਗੋ ਵਿਖੇ ਆਪਣੀ ਪਤਨੀ ਨਾਲ ਅਦਾਲਤ ’ਚ ਚੱਲ ਰਹੇ ਕੇਸ ਕਰਕੇ ਜਵਾਈ ਵੱਲੋਂ ਆਪਣੇ ਸਹੁਰਾ ਪਰਿਵਾਰ ਦੇ ਘਰ ਅੱਗੇ ਰਾਤ ਸਮੇਂ ਗਾਲੀ-ਗਲੋਚ ਤੇ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ 6 ਲੋਕਾਂ ਖ਼ਿਲ਼ਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਤੇ ਦਰਜ ਮਾਮਲੇ ਅਨੁਸਾਰ ਦਰਸ਼ਨ ਸਿੰਘ ਵਾਸੀ ਸੀਗੋ ਨੇ ਪੁਲਸ ਕੋਲ ਦਰਜ ਕਰਵਾਏ ਬਿਆਨ ’ਚ ਦੱਸਿਆ ਕਿ ਉਸ ਦੀ ਲੜਕੀ ਸੁਖਵੀਰ ਕੌਰ ਦਾ ਉਸ ਦੇ ਸਹੁਰਾ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ, ਜਿਸ ਲਈ ਉਸ ਦੀ ਲੜਕੀ ਨੇ ਆਪਣੇ ਪਤੀ ਗੁਰਵਿੰਦਰ ਸਿੰਘ ਤੋਂ ਖਰਚਾ ਲੈਣ ਲਈ ਅਦਾਲਤ ’ਚ ਕੇਸ ਕੀਤਾ ਹੋਇਆ ਹੈ।

ਉਸ ਦੀ ਲੜਕੀ ਆਪਣੇ ਬੱਚਿਆਂ ਨਾਲ ਉਸ ਕੋਲ ਰਹਿ ਰਹੀ ਹੈ। ਪੀੜਤ ਨੇ ਬਿਆਨਾਂ ’ਚ ਦੱਸਿਆ ਕਿ ਬੀਤੀ ਰਾਤ ਗੁਰਵਿੰਦਰ ਸਿੰਘ ਤੇ ਉਸ ਨਾਲ ਆਏ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ਅੱਗੇ ਗਾਲੀ-ਗਲੋਚ ਕੀਤਾ ਅਤੇ ਹਵਾਈ ਫਾਇਰ ਵੀ ਕੀਤੇ, ਜਦੋਂ ਸਵੇਰ ਸਮੇਂ ਦੇਖਿਆਂ ਤਾਂ 2 ਫਾਇਰ ਉਨ੍ਹਾਂ ਦੇ ਘਰ ਦੇ ਮੇਨ ਗੇਟ ’ਚ ਲੱਗੇ ਹੋਏ ਸਨ। ਪੀੜਤ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਉਹ ਧੱਕੇ ਨਾਲ ਵਸਾਉਣਾ ਚਾਹੁੰਦਾ ਹੈ ਤੇ ਸਾਨੂੰ ਡਰਾਉਣ-ਧਮਕਾਉਣ ਲਈ ਘਟਨਾ ਨੂੰ ਅੰਜਾਮ ਦਿੱਤਾ।

ਤਲਵੰਡੀ ਸਾਬੋ ਪੁਲਸ ਨੇ ਦਰਸ਼ਨ ਸਿੰਘ ਵਾਸੀ ਸੀਗੋ ਦੇ ਬਿਆਨ ’ਤੇ ਗੁਰਵਿੰਦਰ ਸਿੰਘ ਤੇ ਕਰਨੈਲ ਸਿੰਘ ਵਾਸੀ ਪੱਕਾ ਕਲਾਂ, ਤਲਵਿੰਦਰ ਸਿੰਘ ਵਾਸੀ ਬੁਰਜ ਤੇ 3 ਅਣਪਛਾਤੇ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਐੱਸ.ਆਈ. ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News