ਪੁੱਤਰ ਤੋਂ ਬਾਅਦ ਪਿਉ ਨੇ ਵੀ ਕੀਤੀ ਸੀ ਖ਼ੁਦਕੁਸ਼ੀ, ਜਾਣੋ ਕੀ ਹੈ ਪੂਰਾ ਮਾਮਲਾ

Saturday, Jun 24, 2023 - 04:45 PM (IST)

ਬਾਘਾ ਪੁਰਾਣਾ (ਅੰਕੁਸ਼) : ਬੀਤੇ ਦਿਨੀਂ ਸਥਾਨਕ ਸ਼ਹਿਰ ਬਾਘਾ ਪੁਰਾਣਾ ਦੇ ਮੁੱਦਕੀ ਰੋਡ ਉਪਰ ਬਾਬਾ ਫਰੀਦ ਜਿਊਲਰ ਦੇ ਬਜ਼ੁਰਗ ਮਾਲਕ ਸਵਰਨਕਾਰ ਗੁਰਪਾਲ ਸਿੰਘ ਵੱਲੋਂ ਆਪਣੀ ਦੁਕਾਨ ਅੰਦਰ ਹੀ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਿੱਥੇ ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਆਪਣੀ ਟੀਮ ਨਾਲ ਪੀੜਤ ਪਰਿਵਾਰ ਦੇ ਘਰ ਜਾ ਕੇ ਦੁੱਖ ਪ੍ਰਗਟ ਕੀਤਾ, ਉਥੇ ਇਸ ਵਾਪਰੀ ਮਾੜੀ ਘਟਨਾ ਦੀ ਨਿੰਦਾ ਕੀਤੀ।

ਇਸ ਮੌਕੇ ਜਥੇ. ਮਾਹਲਾ ਨੇ ਪੀੜਤ ਪਰਿਵਾਰ ਦੇ ਹੱਕ ਵਿਚ ਖੜ੍ਹਦਿਆਂ ਪ੍ਰੈੱਸ ਕਾਨਫਰੰਸ ਕਰਦਿਆਂ ਆਦਮੀ ਪਾਰਟੀ ਦੇ ਵਲੰਟੀਅਰ ’ਤੇ ਕਥਿਤ ਤੌਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪਹਿਲਾਂ ਗੱਜਣ ਸਿੰਘ ਅਤੇ ਹੁਣ ਗੱਜਣ ਸਿੰਘ ਦੇ ਪਿਤਾ ਗੁਰਪਾਲ ਸਿੰਘ ਨੇ ਜੋ ਖ਼ੁਦਕੁਸ਼ੀ ਕੀਤੀ ਹੈ, ਉਸ ਲਈ ਆਮ ਆਦਮੀ ਪਾਰਟੀ ਦਾ ਵਾਲੰਟੀਅਰ ਜ਼ਿੰਮੇਵਾਰ ਹੈ, ਕਿਉਂਕਿ ਜਿੱਥੇ ਉਹ ਗੁਰਪਾਲ ਸਿੰਘ ਦੇ ਪਰਿਵਾਰ ਨੂੰ ਪੈਸਿਆਂ ਲਈ ਤੰਗ ਪ੍ਰੇਸ਼ਾਨ ਕਰਦਾ ਸੀ, ਉਥੇ ਹੀ ਉਹ ਧਮਕੀਆਂ ਵੀ ਦਿੰਦਾ ਸੀ, ਜਿਸ ਤੋਂ ਦੁਖੀ ਹੋ ਕੇ ਜਿੱਥੇ ਪਹਿਲਾਂ ਗੁਰਪਾਲ ਸਿੰਘ ਦੇ ਪੁੱਤਰ ਗੱਜਣ ਸਿੰਘ ਨੇ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ, ਉਥੇ ਹੀ ਹੁਣ ਗੁਰਪਾਲ ਸਿੰਘ ਨੇ ਵੀ ਆਪਣੀ ਦੁਕਾਨ ਅੰਦਰ ਲੱਗੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੀ ਹੈ।

ਜਥੇਦਾਰ ਮਾਹਲਾ ਨੇ ਅੱਗੇ ਦੱਸਿਆ ਕਿ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਅਤੇ ਹੋਰ ਕਥਿਤ ਦੋਸ਼ੀਆਂ ਵੱਲੋਂ ਧਮਕੀਆਂ ਅਤੇ ਹਰਾਸਮੈਂਟ ਕਰਨ ਦੇ ਦੋਸ਼ ਲਗਾਏ ਹਨ ਅਤੇ ਇਸ ਦੀ ਸ਼ਿਕਾਇਤ ਪਰਿਵਾਰ ਵੱਲੋਂ ਜਿੱਥੇ ਫਰੀਦਕੋਟ ਰੇਂਜ ਦੇ ਆਈ. ਜੀ. ਅਤੇ ਜ਼ਿਲ੍ਹਾ ਮੁਖੀ ਮੋਗਾ ਦੇ ਇਲਾਵਾ ਸਥਾਨਕ ਥਾਣਾ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਕੋਈ ਇਨਸਾਫ਼ ਨਾ ਮਿਲਿਆ, ਜਿਸ ਕਰਕੇ ਕਥਿਤ ਦੋਸ਼ੀਆਂ ਵੱਲੋਂ ਡਰਾਉਣਾ ਧਮਕਾਉਣਾ ਜਾਰੀ ਰੱਖਿਆ ਗਿਆ ਅਤੇ ਮਜ਼ਬੂਰ ਹੋ ਕੇ ਗੁਰਪਾਲ ਸਿੰਘ ਨੇ ਬੀਤੇ ਕੱਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਅਤੇ ਹੁਣ ਗੁਰਪਾਲ ਸਿੰਘ ਦੇ ਪੋਤਰੇ ਜਸਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਉਸ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਆਈ. ਜੀ. ਰੇਂਜ ਫਰੀਦਕੋਟ, ਜ਼ਿਲ੍ਹਾ ਪੁਲਸ ਮੁਖੀ ਮੋਗਾ ਅਤੇ ਥਾਣਾ ਬਾਘਾ ਪੁਰਾਣਾ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਤੇ ਕਥਿਤ ਦੋਸ਼ੀਆਂ ਨੂੰ ਫੜ੍ਹ ਕੇ ਜਲਦੀ ਤੋਂ ਜਲਦੀ ਹਵਾਲਾਤ ਵਿਚ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੂਰਾ ਸ਼ਹਿਰ ਅਤੇ ਸ਼੍ਰੋਮਣੀ ਅਕਾਲੀ ਦਲ ਪੀੜਤ ਪਰਿਵਾਰ ਨਾਲ ਖੜ੍ਹਾ ਹੈ। ਇਸ ਮੌਕੇ ਪਵਨ ਢੰਡ , ਸੁਰਿੰਦਰ ਬਾਂਸਲ ਡੀ. ਐੱਮ., ਤ੍ਰਿਲੋਚਨ ਸਿੰਘ ਕਾਲੇਕੇ, ਬ੍ਰਿਜ ਲਾਲ ਮੋਰੀਆ, ਜਸਪ੍ਰੀਤ ਸਿੰਘ ਮਾਹਲਾ, ਚੈਰੀ ਭਾਟੀਆ, ਹਰਿੰਦਰਪਾਲ ਸਿੰਘ ਪਾਲੀ ਅਤੇ ਹੋਰ ਸ਼ਾਮਲ ਸਨ।


Gurminder Singh

Content Editor

Related News