ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਨੂੰ ਟਿਕਟ ਨਾ ਮਿਲਣ ਕਾਰਨ ਦਫ਼ਤਰ ਨੂੰ ਲੱਗੇ ''ਤਾਲੇ''

Thursday, Apr 25, 2019 - 02:09 PM (IST)

ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਨੂੰ ਟਿਕਟ ਨਾ ਮਿਲਣ ਕਾਰਨ ਦਫ਼ਤਰ ਨੂੰ ਲੱਗੇ ''ਤਾਲੇ''

ਫਗਵਾੜਾ (ਹਰਜੋਤ) : ਪਿਛਲੇ ਲੰਬੇ ਸਮੇਂ ਤੋਂ ਇਕ ਕੇਂਦਰੀ ਰਾਜ ਮੰਤਰੀ ਅਤੇ ਇਥੋਂ ਦੇ ਵਿਧਾਇਕ ਸੋਮ ਪ੍ਰਕਾਸ਼ ਦੀ ਚੱਲ ਰਹੀ ਸਿਆਸੀ ਜੰਗ 'ਚ ਕੇਂਦਰੀ ਮੰਤਰੀ ਉਸ ਵੇਲੇ ਇਹ ਜੰਗ ਹਾਰ ਗਏ, ਜਦੋਂ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਹੁਸ਼ਿਆਰਪੁਰ ਲੋਕ ਸਭਾ ਦੀ ਟਿਕਟ ਲੈਣ 'ਚ ਸਫ਼ਲ ਹੋ ਗਏ। ਇਸ ਉਪਰੰਤ ਕੇਂਦਰੀ ਮੰਤਰੀ ਵਲੋਂ 2 ਮਹੀਨੇ ਪਹਿਲਾਂ ਸ਼੍ਰੀ ਹਰਗੋਬਿੰਦ ਨਗਰ 'ਚ ਖੋਲ੍ਹੇ ਦਫ਼ਤਰ ਨੂੰ ਵੀ 'ਤਾਲੇ' ਲੱਗ ਗਏ ਹਨ। ਕੇਂਦਰੀ ਰਾਜ ਮੰਤਰੀ ਇਥੋਂ ਦੇ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ ਦੇ ਖੇਮੇ ਨਾਲ ਸਬੰਧਿਤ ਸਨ, ਇਨ੍ਹਾਂ ਦੀ ਸਿਆਸੀ ਜੰਗ ਉਸ ਸਮੇਂ ਤੇਜ਼ ਹੋਈ ਸੀ, ਜਦੋਂ ਇਥੇ ਜੀ. ਟੀ. ਰੋਡ 'ਤੇ ਬਣਨ ਜਾ ਰਹੇ ਪੁਲ ਨੂੰ ਉਸ ਸਮੇਂ ਦੇ ਮੁੱਖ ਪਾਰਲੀਮਾਨੀ ਸਕੱਤਰ ਸੋਮ ਪ੍ਰਕਾਸ਼ ਨੇ ਇਸ ਨੂੰ ਸੌਲਡ (ਮਿੱਟੀ ਵਾਲਾ ਪੁਲ) ਬਣਾਉਣ ਦੀ ਇੱਛਾ ਰੱਖੀ ਪਰ ਕੁਝ ਸੰਸਥਾਵਾਂ ਅਤੇ ਸਿਆਸੀ ਆਗੂਆਂ ਨੇ ਇਸ ਦੇ ਖਿਲਾਫ਼ ਸੰਘਰਸ਼ ਛੇੜ ਦਿੱਤਾ ਅਤੇ ਕੇਂਦਰੀ ਮੰਤਰੀ ਨੇ ਸੰਸਥਾਵਾਂ ਨੂੰ ਆਸ਼ੀਰਵਾਦ ਦੇ ਦਿੱਤਾ ਅਤੇ ਇਸ ਪੁਲ ਦਾ ਕੰਮ ਖਟਾਈ 'ਚ ਪੈ ਗਿਆ।

ਲੰਬਾ ਸਮਾਂ ਇਹ ਕੰਮ ਲੱਟਕ ਗਿਆ ਲੋਕਾਂ ਦੀ ਪ੍ਰੇਸ਼ਾਨੀ ਵੱਧਦੀ ਗਈ ਅਤੇ ਅਕਾਲੀ-ਭਾਜਪਾ ਸਰਕਾਰ ਬਦਲਣ ਮਗਰੋਂ ਇਸ ਦਾ ਸਾਰਾ ਉਲਾਂਭਾ ਕੇਂਦਰੀ ਮੰਤਰੀ ਸਿਰ ਮੜ੍ਹਿਆ ਗਿਆ ਅਤੇ ਫ਼ਿਰ ਕੇਂਦਰੀ ਮੰਤਰੀ ਨੇ ਬੜੀ ਮੁਸ਼ਕਿਲ ਨਾਲ ਇਨ੍ਹਾਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਸੱਦ ਕੇ ਇਸ ਦਾ ਨੀਂਹ ਪੱਥਰ ਰੱਖਵਾ ਦਿੱਤਾ। ਇਸ ਦੌਰਾਨ ਵੀ ਸੋਮ ਪ੍ਰਕਾਸ਼ ਹਾਜ਼ਰ ਨਹੀਂ ਸਨ। ਪਿਛਲੀਆਂ ਵਿਧਾਨ ਸਭਾ ਦੀਆਂ ਟਿਕਟਾਂ ਮੌਕੇ ਵੀ ਕੇਂਦਰੀ ਮੰਤਰੀ ਨੇ ਸੋਮ ਪ੍ਰਕਾਸ਼ ਦਾ ਟਿਕਟ 'ਤੇ ਤਿੱਖਾ ਵਿਰੋਧ ਕੀਤਾ ਸੀ ਪਰ ਸੋਮ ਪ੍ਰਕਾਸ਼ ਵੱਲੋਂ ਇਸ ਸ਼ਹਿਰ ਦੇ ਕੀਤੇ ਵਿਕਾਸ ਕਾਰਨ ਉਹ ਜਿੱਤ ਗਏ ਅਤੇ ਸੋਮ ਪ੍ਰਕਾਸ਼ ਧੜੇ ਦੀ ਲੜਾਈ ਹੋਰ ਤੇਜ਼ ਹੋ ਗਈ, ਕੇਂਦਰੀ ਮੰਤਰੀ ਦੇ ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ਅਤੇ ਰਾਜ ਮੰਤਰੀ ਦੇ ਦੋਨੋਂ ਅਹੁਦੇ ਹੋਣ ਕਾਰਨ ਉਹ ਹਲਕੇ ਦੇ ਲੋਕਾਂ ਦੀਆਂ ਇੱਛਾਵਾਂ 'ਤੇ ਪੂਰਾ ਨਹੀਂ ਉੱਤਰੇ ਅਤੇ ਮੰਨ ਜਿੱਤਣ 'ਚ ਅਸਫ਼ਲ ਨਹੀਂ ਹੋ ਸਕੇ। ਜਿਸ ਕਾਰਨ 'ਧੋਬੀ ਪਟਕਾ ਮਾਰ' ਕੇ ਸੋਮ ਪ੍ਰਕਾਸ਼ ਟਿਕਟ ਲੈ ਗਏ ਅਤੇ ਹੁਣ ਕੇਂਦਰੀ ਮੰਤਰੀ ਧੜੇ 'ਚ ਵਿਰਾਨਤਾ ਛਾਂ ਗਈ ਹੈ ਅਤੇ ਹੁਣ ਕਾਂਗਰਸ ਉਮੀਦਵਾਰ ਦੌਰਾਨ ਸਖ਼ਤ ਟੱਕਰ ਦੇ ਆਸਾਰ ਬਣ ਗਏ ਹਨ।


author

Anuradha

Content Editor

Related News