ਪਟਾਕਾ ਗੋਦਾਮ 'ਚ ਮਾਰੇ ਗਏ ਮ੍ਰਿਤਕਾਂ ਦੇ ਪਾਠ ਦੇ ਭੋਗ 'ਚ ਅਕਾਲੀ ਦਲ ਤੇ 'ਆਪ' ਆਗੂ ਮੌਜੂਦ, ਕਾਂਗਰਸੀ ਗਾਇਬ

Thursday, Sep 28, 2017 - 03:55 PM (IST)

ਪਟਾਕਾ ਗੋਦਾਮ 'ਚ ਮਾਰੇ ਗਏ ਮ੍ਰਿਤਕਾਂ ਦੇ ਪਾਠ ਦੇ ਭੋਗ 'ਚ ਅਕਾਲੀ ਦਲ ਤੇ 'ਆਪ' ਆਗੂ ਮੌਜੂਦ, ਕਾਂਗਰਸੀ ਗਾਇਬ

ਸੰਗਰੂਰ (ਰਾਜੇਸ਼ ਕੋਹਲੀ) — 19 ਸੰਤਬਰ ਨੂੰ ਜ਼ਿਲਾ ਸੰਗਰੂਰ ਦੇ ਪਿੰਡ ਸੋਲਰ ਘਰਾਟ 'ਚ ਇਕ ਪਟਾਕਾ ਗੋਦਾਮ 'ਚ ਵਿਸਫੋਟ ਤੋਂ ਬਾਅਦ ਭਿਆਨਕ ਅੱਗ ਲੱਗ ਗਈ ਸੀ, ਜਿਸ 'ਚ ਹੁਣ ਤਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਅੱਜ (ਵੀਰਵਾਰ) 7 'ਚੋਂ 5 ਮ੍ਰਿਤਕਾਂ ਦੇ ਪਾਠ ਦਾ ਸਾਮੂਹਿਕ ਭੋਗ ਪਿੰਡ ਢੰਡੋਲੀ ਕਲਾਂ 'ਚ ਪਾਇਆ ਗਿਆ, ਜਿਥੇ ਹਜ਼ਾਰਾਂ ਲੋਕਾਂ ਨੇ ਪਹੁੰਚ ਕੇ ਬਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਮਾਹੌਲ ਬਹੁਤ ਹੀ ਗਮਗੀਨ ਸੀ, ਹਰ ਵਿਅਕਤੀ ਦੀ ਅੱਖ ਨਮ ਸੀ। ਸ਼ਰਧਾਂਜਲੀ ਦੇਣ ਲਈ ਵਿਰੋਧੀ ਦਲਾਂ ਦੇ ਆਗੂਆਂ 'ਚ ਸਾਬਕਾ ਵਿੱਤ ਮੰਤਰੀ ਤੇ ਅਕਾਲੀ ਦਲ ਆਗੂ ਪਰਮਿੰਦਰ ਸਿੰਘ ਢੀਂਡਸਾ, ਦਿੜਬਾ ਤੋਂ 'ਆਪ' ਵਿਧਾਇਕ ਹਰਪਾਲ ਚੀਮਾ ਤੇ ਮ੍ਰਿਤਕ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਦੇ ਪ੍ਰਤੀਨਿਧੀ ਪ੍ਰਸ਼ੋਤਮ ਫੱਗੁਵਾਲਾ ਵੀ ਮੌਜੂਦ ਸਨ ਪਰ ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਰਹੀ ਕਿ ਜ਼ਿਲੇ 'ਚ ਇੰਨੇ ਵੱਡੇ ਹਾਦਸੇ ਦੇ ਬਾਵਜੂਦ ਸੱਤਾ ਪੱਖ ਦਾ ਕੋਈ ਵੀ ਆਗੂ ਇਸ ਸ਼ਰਧਾਂਜਲੀ ਸਮਾਗਮ 'ਚ ਨਹੀਂ ਪਹੁੰਚਿਆ।
ਬੇਸ਼ੱਕ ਇਸ ਸ਼ਰਧਾਂਜਲੀ ਸਮਾਗਮ 'ਚ ਕਿਸੇ ਵੀ ਵਿਅਕਤੀ ਨੂੰ ਸਟੇਜ 'ਤੇ ਸ਼ਰਧਾਂਜਲੀ ਨਹੀਂ ਦੇਣ ਦਿੱਤੀ ਗਈ ਪਰ ਸ਼ਰਧਾਂਜਲੀ ਸਮਾਗਮ 'ਚ ਪਹੁੰਚੇ ਸਾਰੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਸ ਘਟਨਾ ਨੂੰ ਜਿਥੇ ਦੁੱਖਦਾਈ ਕਰਾਰ ਦਿੱਤਾ, ਉਥੇ ਹੀ ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ ਸਿਰਫ ਇਕ-ਇਕ ਲੱਖ ਦੇ ਮੁਆਵਜ਼ੇ ਦੇਣ ਦੇ ਐਲਾਨ 'ਤੇ ਇਤਰਾਜ ਜਤਾਉਂਦੇ ਹੋਏ ਵੱਧ ਆਰਥਿਕ ਸਹਾਇਤਾ ਕਰਨ ਦੀ ਮੰਗ ਵੀ ਕੀਤੀ ਤੇ ਇਸ ਕਾਂਡ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ। ਉਥੇ ਹੀ ਸਿਆਸੀ ਆਗੂਆਂ ਨੇ ਇਸ ਹਾਦਸੇ ਪਿੱਛੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ।


Related News