ਨਹੀਂ ਮਿਲ ਰਹੀ ਸੋਲਰ ਸਿਸਟਮ ਲਗਵਾਉਣ ਵਾਲਿਆਂ ਨੂੰ ਸਬਸਿਡੀ

07/17/2019 3:00:22 PM

ਸੰਗਰੂਰ (ਯਾਦਵਿੰਦਰ) : ਇਕ ਪਾਸੇ ਕੇਂਦਰ ਸਰਕਾਰ ਘਰਾਂ, ਖੇਤਾਂ ਦੀਆਂ ਮੋਟਰਾਂ 'ਤੇ, ਸਕੂਲਾਂ 'ਚ ਅਤੇ ਹੋਰ ਸਨਅਤੀ ਅਦਾਰਿਆਂ 'ਚ ਸੋਲਰ ਸਿਸਟਮ ਲਗਵਾ ਕੇ ਬਿਜਲੀ ਪੈਦਾ ਕਰਨ ਲਈ ਕਹਿ ਰਹੀ ਹੈ। ਪਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ 40% ਤੱਕ ਦੀ ਸਬਸਿਡੀ ਵੀ ਨਹੀਂ ਦਿੱਤੀ ਜਾ ਰਹੀ। ਤਰਕਸ਼ੀਲ ਸੁਸਾਇਟੀ ਸੰਗਰੂਰ ਦੇ ਪ੍ਰਧਾਨ ਮਾਸਟਰ ਪਰਮਵੇਦ, ਇਨਕਲਾਬੀ ਲੋਕ ਮੋਰਚਾ ਦੇ ਪ੍ਰੈੱਸ ਸੱਕਤਰ ਸਵਰਨਜੀਤ ਸਿੰਘ ਤੇ ਸੱਕਤਰ ਸਤਵੰਤ ਸਿੰਘ(ਲਵਲੀ ) ਵਜੀਦਪੁਰ, ਡੀ. ਟੀ. ਐੱਫ ਦੇ ਜ਼ਿਲਾ ਪ੍ਰਧਾਨ ਬਲਵੀਰ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਦੀ ਜ਼ਿਲਾ ਆਗੂ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ 2019 ਦੀ ਸਬਸਿਡੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਲੋਕ ਚਾਰ ਮਹੀਨਿਆਂ ਤੋਂ ਖਜਲ-ਖੁਆਰ ਹੋ ਰਹੇ ਹਨ। ਸੋਲਰ ਲਾਉਣ ਵਾਲੀਆਂ ਕੰਪਨੀਆਂ ਇਹ ਕਹਿ ਕੇ ਪੱਲਾ ਝਾੜ ਰਹੀਆਂ ਹਨ ਕਿ ਸਾਡੇ ਵਲੋਂ ਫਾਈਲਾਂ ਤਾਂ ਤਿਆਰ ਹਨ ਹਾਲੇ ਪੇਡਾ (ਵਿਭਾਗ) ਨੇ ਲੈਣੀਆਂ ਸ਼ੁਰੂ ਨਹੀਂ ਕੀਤੀਆਂ ਹਨ। ਇਕ ਪਾਸੇ ਸਰਕਾਰ ਪ੍ਰਦੂਸ਼ਣ ਰਹਿਤ ਬਿਜਲੀ ਪੈਦਾ ਕਰਨ ਲਈ ਵਿੰਡ ਐਨਰਜੀ ਅਤੇ ਸੋਲਰ ਐਨਰਜੀ ਪੈਦਾ ਕਰਨ ਲਈ ਜ਼ੋਰ ਦੇ ਰਹੀ ਹੈ ਪਰ ਇਹ ਪੈਨਲ ਇੰਨੇ ਮਹਿੰਗੇ ਹਨ ਕਿ ਆਮ ਪਰਿਵਾਰ/ਖਪਤਕਾਰ ਇਸ ਨੂੰ ਲਗਵਾ ਨਹੀਂ ਸਕਦਾ। ਦੂਜੇ ਪਾਸੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਥੋਕ 'ਚ ਰਿਆਇਤਾਂ ਦੇ ਕੇ ਉਨ੍ਹਾਂ ਤੋਂ ਮਹਿੰਗੇ ਭਾਅ 'ਚ ਬਿਜਲੀ ਖਰੀਦੀ ਜਾਂਦੀ ਹੈ। ਇਸ ਕਰਕੇ ਕੇਂਦਰ ਸਰਕਾਰ ਇਸ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਜਾਰੀ ਕਰਦੀ ਹੈ ਅਤੇ ਸੂਬਿਆਂ ਨੂੰ ਵੀ ਖਪਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਇਸ 'ਚ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ ਪਰ 2019 ਦੀ ਸਬਸਿਡੀ ਸਕੀਮ ਕੇਂਦਰ ਸਰਕਾਰ ਨੇ ਤਾਂ ਜਾਰੀ ਕਰ ਦਿੱਤੀ ਹੈ ਪਰ ਪੰਜਾਬ ਸਰਕਾਰ ਨੇ ਚਾਰ ਮਹੀਨੇ ਬੀਤ ਜਾਣ 'ਤੇ ਵੀ ਅਜੇ ਤੱਕ ਸਬਸਿਡੀ ਸਕੀਮ ਜਾਰੀ ਨਹੀਂ ਕੀਤੀ ਅਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਸਬਸਿਡੀ ਦਿੱਤੀ ਜਾ ਰਹੀ ਹੈ। ਇਨ੍ਹਾਂ ਜੱਥੇਬੰਦੀਆਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਉਹ ਲੋਕ ਜਿਹੜੇ ਮਹਿੰਗੇ ਭਾਅ ਦੇ ਸੋਲਰ ਲਗਵਾ ਰਹੇ ਹਨ, ਪੰਜਾਬ ਸਰਕਾਰ ਆਪਣੇ ਹਿੱਸੇ ਦੀ ਸਬਸਿਡੀ ਦਾ ਐਲਾਨ ਕਰਕੇ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਜਲਦੀ ਤੋਂ ਜਲਦੀ ਜਾਰੀ ਕਰੇ, ਨਹੀਂ ਤਾਂ ਇਹ ਜਥੇਬੰਦੀਆਂ ਸੰਘਰਸ਼ ਦਾ ਰਾਹ ਅਖਤਿਆਰ ਕਰਨਗੀਆਂ।


Anuradha

Content Editor

Related News