ਇਨਸਾਨੀਅਤ ਜਾਂ ਹੈਵਾਨੀਅਤ! ਸੋਢਲ ਫਾਟਕ ਰੋਡ ’ਤੇ ਮਿਲੀ ਸੀ ਲਾਸ਼ ਦੇ ਮਾਮਲੇ ''ਚ ਨਵਾਂ ਮੋੜ, ਕੁਆਰਟਰ ਮਾਲਕ ਨੇ...
Sunday, Apr 20, 2025 - 07:57 PM (IST)

ਜਲੰਧਰ, (ਵਰੁਣ)- ਟਾਂਡਾ ਫਾਟਕ ਤੋਂ ਸੋਢਲ ਫਾਟਕ ਜਾਣ ਵਾਲੀ ਸੜਕ ’ਤੇ ਰੇਲਵੇ ਟਰੈਕ ਦੇ ਨੇੜੇ ਕੂੜੇ ਦੇ ਢੇਰ ’ਚੋਂ ਮਿਲੀ ਇਕ ਗਲੀ ਸੜੀ ਲਾਸ਼ ਦੇ ਮਾਮਲੇ ਨੇ ਇਨਸਾਨੀਅਤ ਅਤੇ ਹੈਵਾਨੀਅਤ ਨੂੰ ਇਕੋ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ।
ਪੁਲਸ ਨੇ ਲਾਸ਼ ਸੁੱਟਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਤਾਂ ਪਤਾ ਲੱਗਾ ਕਿ ਮ੍ਰਿਤਕ ਕੋਟ ਬਾਬਾ ਦੀਪ ਸਿੰਘ ਦੇ 40 ਨੰਬਰ ਕੁਆਰਟਰਾਂ ਵਿਚ ਰਹਿੰਦਾ ਸੀ ਅਤੇ ਉਸ ਦੀ ਮੌਤ ਬੀਮਾਰੀ ਕਾਰਨ ਹੋਈ ਸੀ ਤੇ ਉਸ ਦਾ ਕੋਈ ਰਿਸ਼ਤੇਦਾਰ ਨਹੀਂ ਸੀ। ਇਸ ਲਈ ਉਨ੍ਹਾਂ ਨੇ ਲਾਸ਼ ਨੂੰ ਰੇਲਵੇ ਟਰੈਕ ਦੇ ਨੇੜੇ ਕੂੜੇ ’ਚ ਸੁੱਟ ਦਿੱਤਾ ਸੀ।
ਇਸ ਮਾਮਲੇ ’ਤੇ ਏ. ਐੱਸ. ਪੀ. ਉੱਤਰੀ ਆਤਿਸ਼ ਭਾਟੀਆ ਨਜ਼ਰ ਰੱਖ ਰਹੇ ਸਨ। ਉਨ੍ਹਾਂ ਕੋਲ ਕੁਝ ਜਾਣਕਾਰੀ ਸੀ ਤੇ ਜਦੋਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਚਿੱਟੀ ਐਕਟਿਵਾ ਕੈਦ ਹੋ ਗਈ।
ਰਾਤੋ-ਰਾਤ ਪੁਲਸ ਨੇ ਐਕਟਿਵਾ ਨੰਬਰ ਟਰੇਸ ਕਰ ਕੇ ਨਵਾਬ ਕਪੂਰ ਸਿੰਘ ਪੁੱਤਰ ਸੰਪੂਰਨ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਲਾਲ ਬਾਬੂ ਉਰਫ ਮੁਖੀਆ ਦੋਵੇਂ ਕੋਟ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੋਵਾਂ ਤੋਂ ਪੁੱਛਗਿੱਛ ਕੀਤੀ ਤਾਂ ਵੱਡਾ ਖੁਲਾਸਾ ਹੋਇਆ। ਨਵਾਬ ਨੇ ਕਬੂਲ ਕੀਤਾ ਕਿ ਮ੍ਰਿਤਕ ਦਾ ਨਾਮ ਜੀਤੂ ਹੈ, ਜੋ ਆਸਾਮ ਦਾ ਰਹਿਣ ਵਾਲਾ ਹੈ।
ਉਹ ਉਨ੍ਹਾਂ ਨਾਲ ਕੁਆਰਟਰਾਂ ਵਿਚ ਰਹਿੰਦਾ ਸੀ। ਜੀਤੂ ਕੁਝ ਦਿਨਾਂ ਤੋਂ ਬੀਮਾਰ ਸੀ ਪਰ ਪਿਛਲੇ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ। ਉਸਦਾ ਇੱਥੇ ਕੋਈ ਰਿਸ਼ਤੇਦਾਰ ਨਹੀਂ ਸੀ, ਜਿਸ ਕਾਰਨ, ਉਸਦੇ ਮਾਲਕ ਦੇ ਕਹਿਣ ’ਤੇ ਉਨ੍ਹਾਂ ਨੇ ਲਾਸ਼ ਨੂੰ ਰਜਾਈ ’ਚ ਲਪੇਟ ਕੇ ਰੇਲਵੇ ਟਰੈਕ ’ਤੇ ਕੂੜੇ ਦੇ ਢੇਰ ’ਚ ਸੁੱਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਗ ਉਨ੍ਹਾਂ ਨੇ ਨਹੀਂ ਲਾਈ ਸਿਰਫ ਲਾਸ਼ ਨੂੰ ਸੁੱਟਿਆ ਸੀ।
ਪੁਲਸ ਜੀਤੂ ਦੇ ਕੁਆਰਟਰ ’ਤੇ ਵੀ ਪਹੁੰਚੀ, ਜਿੱਥੇ ਸਿਰਫ ਇਕ ਡਾਇਰੀ ਮਿਲੀ। ਪੁਲਸ ਨੂੰ ਡਾਇਰੀ ’ਚੋਂ ਕੁਝ ਮੋਬਾਈਲ ਨੰਬਰ ਮਿਲੇ ਪਰ ਜਦੋਂ ਉਨ੍ਹਾਂ ਨੇ ਸਾਰਿਆਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਜੀਤੂ ਦੀ ਪਛਾਣ ਕਰਨ ਤੋਂ ਇਨਕਾਰ ਕਰ ਦਿੱਤਾ।
ਦੂਜੇ ਪਾਸੇ, ਪੁਲਸ ਅਨੁਸਾਰ ਨਵਾਬ ਅਤੇ ਲਾਲ ਬਾਬੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਦਿਖਾਉਣ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਸ ਫਿਲਹਾਲ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਜੇਕਰ ਕਤਲ ਦੇ ਤੱਥ ਸਾਹਮਣੇ ਆਉਂਦੇ ਹਨ, ਤਾਂ ਕਤਲ ਦੀ ਧਾਰਾ ਨੂੰ ਜੋੜਿਆ ਜਾਵੇਗਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਦੱਸ ਦੇਈਏ ਕਿ ਵੀਰਵਾਰ ਸਵੇਰੇ ਟਾਂਡਾ ਫਾਟਕ ਤੋਂ ਸੋਢਲ ਫਾਟਕ ਦੇ ਵਿਚਕਾਰ ਰੇਲਵੇ ਟਰੈਕ ’ਤੇ ਇਕ ਲਾਸ਼ ਮਿਲੀ ਸੀ। ਲਾਸ਼ ਸੜੀ ਹੋਈ ਸੀ ਅਤੇ ਬੁਰੀ ਤਰ੍ਹਾਂ ਗਲ ਚੁੱਕੀ ਸੀ। ਲਾਸ਼ ’ਤੇ ਕੀੜੇ-ਮਕੌੜੇ ਰੀਂਗਦੇ ਦੇਖੇ ਗਏ, ਜਿਸਦੀ ਜਾਂਚ ਥਾਣਾ 8 ਦੀ ਪੁਲਸ ਨੇ ਸ਼ੁਰੂ ਕੀਤੀ ਸੂ ਪਰ ਏ. ਸੀ. ਪੀ. ਉੱਤਰੀ ਆਤਿਸ਼ ਭਾਟੀਆ ਦੇ ਇਨਪੁਟ ਦੇ ਬਾਅਦ ਮਾਮਲਾ 12 ਘੰਟਿਆਂ ਦੇ ਅੰਦਰ ਹੀ ਟਰੇਸ ਹੋ ਗਿਆ।