ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਹੈ ਸ੍ਰੀ ਮੁਕਤਸਰ ਸਾਹਿਬ ਦੇ ਕੋਵਿਡ-19 ਸੈਂਟਰ ਦੀ ਇਹ ਵੀਡੀਓ
Saturday, Aug 01, 2020 - 06:18 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਜ਼ਿਲ੍ਹੇ ਦੇ ਪਿੰਡ ਥੇਹੜੀ ਵਿਖੇ ਬਣਿਆ ਕੋਵਿਡ-19 ਸੈਂਟਰ, ਜੋ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਲਗਾਤਾਰ ਡੱਟਿਆ ਹੋਇਆ ਹੈ, ਵਿਖੇ ਕੰਮ ਕਰਦੇ ਅਧਿਕਾਰੀ ਤੇ ਕਰਮਚਾਰੀਆਂ ਨੇ ਹੁਣ ਖੁਦ ਦੀ ਤੰਦਰੁਸਤੀ ਲਈ ਯੋਗ ਅਪਨਾਉਣਾ ਸ਼ੁਰੂ ਕਰ ਦਿੱਤਾ ਹੈ। ਅਗਸਤ ਮਹੀਨੇ ਦੇ ਪਹਿਲੇ ਦਿਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਕਰੀਬ ਦੋ ਕੁ ਮਿੰਟ ਦੀ ਵੀਡੀਓ 'ਚ ਕੋਵਿਡ-19 ਸੈਂਟਰ ਦੇ ਲਗਭਗ 17 ਅਧਿਕਾਰੀ ਤੇ ਕਰਮਚਾਰੀ ਯੋਗ ਕਿਰਿਆਵਾਂ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਦੀਆਂ ਟਿੱਪਣੀਆਂ 'ਚ ਲੋਕ ਕਿਤੇ ਹਸਪਤਾਲ ਦੀ ਟੀਮ ਨੂੰ ਸੁਚੇਤ ਹੋਣਾ ਦੱਸ ਰਹੇ ਹਨ ਜਾਂ ਫ਼ਿਰ ਕਿਤੇ ਇਸ ਸਭ ਨੂੰ ਕੋਰੋਨਾ ਦੇ ਡਰ ਨਾਲ ਵੀ ਜੋੜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ
ਵਾਇਰਲ ਹੋਈ ਵੀਡੀਓ 'ਚ ਕੋਵਿਡ-19 ਸੈਂਟਰ ਦੇ ਅਧਿਕਾਰੀ ਤੇ ਕਰਮਚਾਰੀ ਸਮਾਜਿਕ ਦੂਰੀ ਬਣਾ ਕੇ ਕਈ ਤਰ੍ਹਾਂ ਦੀਆਂ ਯੋਗ ਕਿਰਿਆਵਾਂ ਕਰ ਰਹੇ ਹਨ, ਜਿਸ ਦੀ ਅਗਵਾਈ ਇਕ ਮਹਿਲਾ ਟ੍ਰੇਨਰ ਵਜੋਂ ਕੀਤੀ ਜਾ ਰਹੀ ਹੈ। ਕੋਵਿਡ-19 ਸੈਂਟਰ ਦੇ ਸਿਹਤ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਕੋਵਿਡ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ ਤੇ ਅਜਿਹੇ 'ਚ ਉਨ੍ਹਾਂ ਦੀ ਟੀਮ ਵਲੋਂ ਖੁਦ ਨੂੰ ਤੰਦਰੁਸਤ ਰੱਖਣ ਲਈ ਇਹ ਫਾਰਮੂਲਾ ਅਪਣਾਇਆ ਜਾ ਰਿਹਾ ਹੈ। ਸਵੇਰ ਵੇਲੇ ਹਸਪਤਾਲ ਕੰਮਕਾਜ ਦੀ ਸ਼ੁਰੂਆਤ ਤੋਂ ਪਹਿਲਾਂ ਅਜਿਹੀ ਗਤੀਵਿਧੀ ਹਸਪਤਾਲ 'ਚ ਰੋਜ਼ਾਨਾ ਕਰਾਈ ਜਾਵੇਗੀ। ਵਰਣਨਯੋਗ ਹੈ ਕਿ ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂਕਿ ਪਿੰਡ ਥੇਹੜੀ ਵਿਖੇ ਬਣੇ ਕੋਵਿਡ-19 ਸੈਂਟਰ ਦੀ ਟੀਮ ਦੀ ਅਜਿਹੀ ਵੀਡੀਓ ਵਾਇਰਲ ਹੋਈ ਹੈ। ਇਸ ਤੋਂ ਪਹਿਲਾਂ ਸੈਂਟਰ 'ਚੋਂ ਠੀਕ ਹੋਏ ਮਰੀਜ਼ਾਂ ਨੂੰ ਘਰ ਭੇਜਣ ਵੇਲੇ ਹਸਪਤਾਲ ਸਟਾਫ਼ ਵਲੋਂ ਪੰਜਾਬੀ ਗੀਤਾਂ 'ਤੇ ਨੱਚ ਟੱਪ ਕੇ ਅਜਿਹੀ ਹੀ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ।
ਇਹ ਵੀ ਪੜ੍ਹੋ: ਧਮਕੀਆਂ ਮਿਲਣ ਕਾਰਨ ਵਿਅਕਤੀ ਵਲੋਂ ਖ਼ੁਦਕੁਸ਼ੀ, ਕਹਿ ਰਿਹਾ ਸੀ-'ਬਾਪੂ ਮੈਨੂੰ ਮਰਨਾ ਹੀ ਪਵੇਗਾ'