ਨਤੀਜੇ ’ਚ ਦੇਰੀ ’ਤੇ  ਗੁੱਸਾਏ  ਸੋਈ ਵਰਕਰਾਂ ਨੇ ਘੇਰਿਅਾ ਐਡਮਨਿਸਟ੍ਰੇਸ਼ਨ ਬਲਾਕ

Wednesday, Jul 25, 2018 - 06:31 AM (IST)

ਨਤੀਜੇ ’ਚ ਦੇਰੀ ’ਤੇ  ਗੁੱਸਾਏ  ਸੋਈ ਵਰਕਰਾਂ ਨੇ ਘੇਰਿਅਾ ਐਡਮਨਿਸਟ੍ਰੇਸ਼ਨ ਬਲਾਕ

ਚੰਡੀਗਡ਼੍ਹ,(ਰਸ਼ਮੀ ਹੰਸ)- ਗਣਿਤ ਤੇ ਸਟੈਟਟਿਕਸ ਵਿਸ਼ਿਅਾਂ ਦੇ ਨਤੀਜੇ ਆਉਣ ’ਚ ਦੇਰੀ ਹੋਣ ਕਾਰਨ ਸੋਈ ਨੇ ਪੰਜਾਬ ਯੂਨੀਵਰਸਿਟੀ ਦੇ ਐਡਮਨਿਸਟ੍ਰੇਸ਼ਨ ਬਲਾਕ ਨੂੰ ਘੇਰ ਕੇ ਸਾਢੇ ਤਿੰਨ ਵਜੇ ਬੰਦ ਕਰ ਦਿੱਤਾ। ਇਸ ਦੌਰਾਨ ਪੁਲਸ ਤੇ ਸਕਿਓਰਿਟੀ ਦੀ ਵਿਦਿਆਰਥੀਆਂ ਨਾਲ ਧੱਕਾ-ਮੁੱਕੀ ਵੀ ਹੋਈ। ਅੱਧਾ ਘੰਟਾ ਗੇਟ ਬੰਦ ਕਰਨ ਤੋਂ ਬਾਅਦ ਜਦੋਂ ਪੀ. ਯੂ. ਅਥਾਰਟੀ ਵਲੋਂ ਵਿਦਿਆਰਥੀਆਂ ਨੂੰ ਕੋਈ ਮਿਲਣ ਨਹੀਂ ਆਇਆ  ਤਾਂ ਸੋਈ ਨੇ ਕੰਟਰੋਲ ਆਫ ਐਗਾਜ਼ਮੀਨੇਸ਼ਨ ਪ੍ਰੋ. ਪਰਵਿੰਦਰ ਸਿੰਘ ਦੀ ਅਰਥੀ ਕੱਢੀ। ਵਿਦਿਆਰਥੀਆਂ ਨੇ ਇਹ ਅਰਥੀ ਐਡਮਨਿਸਟ੍ਰੇਸ਼ਨ ਬਲਾਕ ਤੋਂ ਲੈ ਕੇ ਵੀ. ਸੀ. ਦਫਤਰ ਤਕ ਕੱਢੀ। 
 ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਦਾ ਨਤੀਜਾ ਨਾ ਕੱਢਿਆ ਗਿਆ ਤਾਂ ਅਸੀਂ ਵੀ. ਸੀ. ਦਫ਼ਤਰ ਦੇ ਅੰਦਰ ਜਾਵਾਂਗੇ। ਇਸ ਦੌਰਾਨ ਕੰਟਰੋਲ ਆਫ ਐਗਜ਼ਾਮੀਨੇਸ਼ਨ ਪ੍ਰੋ. ਪਰਵਿੰਦਰ ਸਿੰਘ ਵੀ. ਸੀ. ਦਫਤਰ ਪਹੁੰਚੇ। ਵਿਦਿਆਰਥੀਆਂ ਦੇ ਅਾਗੂ ਗੁਰਪਾਲ ਨੇ ਕਿਹਾ ਕਿ ਸਾਨੂੰ ਕੰਟਰੋਲ ਆਫ ਐਗਜ਼ਾਮੀਨੇਸ਼ਨ ਪ੍ਰੋ. ਪਰਵਿੰਦਰ ਨੇ ਭਰੋਸਾ ਦਿੱਤਾ ਹੈ ਕਿ  ਉਨ੍ਹਾਂ ਵਲੋਂ ਬੁੱਧਵਾਰ ਸ਼ਾਮ ਤਕ ਸਾਰੇ ਨਤੀਜੇ ਐਲਾਨ ਦਿੱਤੇ ਜਾਣਗੇ।  ਨਾਲ ਹੀ  ਜਿਹੜੇ ਵਿਦਿਆਰਥੀਆਂ ਦੇ ਨਤੀਜੇ ਨਿਕਲਣ ’ਚ ਦੇਰੀ ਹੋਈ ਹੈ, ਉਨ੍ਹਾਂ ਵਿਦਿਆਰਥੀਆਂ ਦੀ ਕਾਨਫੀਡੈਂਸ਼ੀਅਲ ਨਤੀਜਾ  ਫੀਸ ਵਾਪਸ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੈਥ ਤੇ ਸਟੈਟਿਕਸ ਦੇ ਵਿਸ਼ਿਅਾਂ  ਦੇ ਨਤੀਜੇ ਡਿਕਲੇਅਰ ਨਾ ਹੋਣ ਕਾਰਨ ਵਿਦਿਆਰਥੀਆਂ ਦੀ ਕਾਊਂਸਲਿੰਗ ਨਹੀਂ ਹੋ ਰਹੀ ਹੈ। ਅਜਿਹੇ ’ਚ  ਵਿਦਿਆਰਥੀ ਜਥੇਬੰਦੀਆਂ ਲਗਾਤਾਰ ਇਸ ਮੁੱਦੇ ਨੁੰ ਚੁੱਕ ਰਹੀਆਂ ਹਨ।  
ਐੱਸ. ਐੱਫ. ਐੱਸ. ਨੇ ਵੀ. ਸੀ. ਨੂੰ ਸੰਘੀ ਸਰਕਾਰ ਦਾ ਵੀ. ਸੀ. ਕਿਹਾ 
 ਐੱਸ. ਐੱਫ. ਐੱਸ. ਵਲੋਂ ਇਕ ਪੁਤਲਾ ਬਣਾ ਕੇ ਵਿਦਿਆਰਥੀ ਕੇਂਦਰ ’ਤੇ ਲਟਕਾਇਆ ਗਿਆ, ਜਿਸਨੂੰ ਭਗਵਾ ਰੰਗ ਦੀ ਰੱਸੀ ਨਾਲ ਫਾਂਸੀ ਲਾਈ ਗਈ ਸੀ। ਇਸ ਪੁਤਲੇ ’ਤੇ ਐਜੂਕੇਸ਼ਨ ਫਰੀਡਮ ਡਾਇਸ ਆਦਿ ਲਿਖਿਅਾ ਸੀ। ਐੱਸ. ਐੱਫ. ਐੱਸ.  ਦੇ ਹਰਮਨ ਨੇ ਕਿਹਾ ਕਿ ਪੀ. ਯੂ. ਦੇ ਨਵੇਂ ਵੀ. ਸੀ. ਸੰਘੀ ਸਰਕਾਰ ਦੇ ਵੀ. ਸੀ. ਹਨ। ਆਉਣ ਵਾਲੇ ਦਿਨਾਂ ’ਚ  ਪੀ. ਯੂ. ’ਚ ਸੰਘ ਦਾ ਝੰਡਾ ਲਹਿਰਾਏਗਾ।  ਐੱਸ. ਐੱਫ. ਐੱਸ. ਵਲੋਂ ਵੀ. ਸੀ. ਪ੍ਰੋ.  ਰਾਜਕੁਮਾਰ ਨੂੰ ਇਕ ਵਾਰਨਿੰਗ  ਵੀ ਦਿੱਤੀ ਗਈ  ਕਿ ਉਹ ਕੈਂਪਸ ’ਚ ਸੰਘ ਦੀਅਾਂ  ਨੀਤੀਅਾਂ ਨਾ ਲਾਗੂ ਕਰਨ, ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐੱਸ. ਐੱਫ. ਐੱਸ. ਨੇ 15 ਤੋਂ 20 ਮਿੰਟ ਤਕ ਰੋਸ ਪ੍ਰਦਰਸ਼ਨ ਕੀਤਾ।  
ਚਾਂਸਲਰ ਕੋਲ ਭੇਜੀ ਜਾਵੇਗੀ ਐੱਨ. ਐੱਸ. ਯੂ. ਆਈ. ਦੀ ਮੰਗ, ਚਾਰ ਦਿਨਾਂ ਤੋਂ ਚੱਲ ਰਹੀ  ਭੁੱਖ ਹਡ਼ਤਾਲ ਖਤਮ 
 ਪੰਜਾਬ ਯੂਨੀਵਰਸਿਟੀ  ਦੇ ਨਵੇਂ ਵੀ. ਸੀ. ਪ੍ਰੋ. ਰਾਜਕੁਮਾਰ ਦੇ ਵਿਰੋਧ ’ਚ ਐੱਨ. ਐੱਸ. ਯੂ. ਆਈ. ਦੇ ਗੁਰਜੋਤ ਸੰਧੂ ਤੇ ਕਾਤਿਆਨ ਰਨੌਤ ਵਲੋਂ  ਚਾਰ ਦਿਨਾਂ ਤੋਂ ਕੀਤੀ ਜਾ ਰਹੀ ਭੁੱਖ ਹਡ਼ਤਾਲ ਅੱਜ ਖਤਮ ਕਰ ਦਿੱਤੀ ਗਈ।  ਇਸ ਮੌਕੇ ਡੀ. ਐੱਸ. ਡਬਲਯੂ. ਪ੍ਰੋ. ਇਮੈਨੂਅਲ  ਨਾਹਰ  ਨੇ ਸਟੂਡੈਂਟਸ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਐੱਨ. ਐੱਸ. ਯੂ. ਆਈ. ਦੀਆਂ ਜੋ ਵੀ ਮੰਗਾਂ ਹਨ, ਉਹ ਅਗਲੀ ਸੈਨੇਟ ਤੇ ਸਿੰਡੀਕੇਟ ਦੀ ਬੈਠਕ ’ਚ ਰੱਖੀਆਂ ਜਾਣਗੀਆਂ  ਤੇ ਇਨ੍ਹਾਂ ’ਤੇ ਚਰਚਾ ਕੀਤੀ ਜਾਵੇਗੀ।
 ਗੁਰਜੋਤ ਨੇ ਕਿਹਾ ਕਿ  ਵੀ. ਸੀ.  ਦੀ ਚੋਣ ਲਈ ਜੋ ਕ੍ਰਾਈਟੀਰੀਆ  ਅਪਣਾਇਆ ਗਿਆ ਹੈ ਉਹ ਸਾਡੇ ਸਾਹਮਣੇ ਰੱਖਿਆ ਜਾਵੇ। ਗੁਰਜੋਤ ਨੇ ਕਿਹਾ ਕਿ ਕਮੇਟੀ ਨੇ ਜਿਹੜੇ  10 ਵੀ. ਸੀ. ਨੂੰ ਸ਼ਾਰਟ ਲਿਸਟ ਕੀਤਾ ਸੀ,  ਉਨ੍ਹਾਂ ’ਚ ਪ੍ਰੋ. ਰਾਜਕੁਮਾਰ ਦਾ ਨਾਂ ਨਹੀਂ ਸੀ। ਇਸ ਦੌਰਾਨ ਐੱਨ. ਐੱਸ. ਯੂ. ਆਈ. ਦੇ ਗੁਰਜੋਤ ਸੰਧੂ ਤੇ ਕਾਤਿਆਨ ਰਨੌਤ ਨੂੰ ਡੀ. ਐੱਸ. ਡਬਲਯੂ. ਪ੍ਰੋ. ਨਾਹਰ ਨੇ ਜੂਸ ਪਿਲਾ ਕੇ ਉਨ੍ਹਾਂ ਦੀ ਭੁੱਖ ਹਡ਼ਤਾਲ ਖਤਮ ਕਰਵਾਈ। 
 


Related News