ਬਰਫੀਲੀ ਹਵਾਵਾਂ ਕਾਰਣ ਠਰੇ ਲੋਕ, ਸੀਤ ਲਹਿਰ ਦਾ ਪ੍ਰਕੋਪ ਵੀ ਜਾਰੀ

1/15/2021 2:01:49 PM

ਨਵਾਂਸ਼ਹਿਰ (ਤ੍ਰਿਪਾਠੀ) - ਪਹਾੜਾ ਵੱਲੋਂ ਆਉਣ ਵਾਲੀਆਂ ਠੰਡੀਆਂ ਬਰਫ਼ੀਲੀਆਂ ਹਵਾਵਾਂ ਦੇ ਚੱਲਦੇ ਸੀਤ ਲਹਿਰ ਦਾ ਪ੍ਰਕੋਪ ਹੁਣ ਵੀ ਜਾਰੀ ਹੈ। 10 ਮੀਟਰ ਤੋਂ ਘੱਟ ਵਿਜੀਬਿਲਟੀ ਅਤੇ ਪਈ ਸੰਘਣੀ ਧੁੰਦ ਨੇ ਨਾ ਸਿਰਫ਼ ਲੋਕਾਂ ਦੇ ਵਾਹਨਾਂ ਦੀ ਰਫ਼ਤਾਰ ਨੂੰ ਬ੍ਰੇਕ ਲਗਾ ਦਿੱਤੀ ਸਗੋਂ ਸਾਰੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਲਈ ਵੀ ਮਜ਼ਬੂਰ ਕਰ ਦਿੱਤਾ। ਅੱਜ ਕਰੀਬ 7 ਕਿਲੋਮੀਟਰ ਪ੍ਰਤੀ ਘੰਟੇ ਰਫਤਾਰ ਵਾਲੀਆਂ ਠੰਡੀਆਂ ਹਵਾਵਾਂ ਅਤੇ ਆਕਾਸ਼ ’ਤੇ ਛਾਏ ਬੱਦਲਾਂ ਦੇ ਚੱਲਦੇ ਲੋਕ ਠੰਡ ਨਾਲ ਠਰਣ ਲਈ ਮਜ਼ਬੂਰ ਹੋਏ। ਸ਼ਹਿਰ ਦੇ ਆਲੇ-ਦੁਆਲੇ ਸੰਘਣੀ ਧੁੰਦ ਦੀ ਪਰਤ ਛਾਈ ਰਹਿਣ ਨਾਲ ਏਅਰ ਕੁਆਲਟੀ ਵੀ 165 ਦੇ ਆਸਪਾਸ ਖ਼ਰਾਬ ਪੱਧਰ ’ਤੇ ਪੁੱਜ ਗਿਆ। 

ਮੌਸਮ ਵਿਭਾਗ ਅਨੁਸਾਰ ਅੱਜ ਦਿਨ ਦਾ ਘੱਟ ਤੋਂ ਘੱਟ ਤਾਪਮਾਨ 5 ਅਤੇ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਦੇ ਆਲੇ-ਦੁਆਲੇ ਨੋਟ ਕੀਤਾ ਗਿਆ। ਅਗਲੇ ਕਈ ਦਿਨਾਂ ’ਚ ਅਜੇ ਵੀ ਇਸੇ ਤਰ੍ਹਾਂ ਠੰਡ ਦਾ ਪ੍ਰਕੋਪ ਬਣੇ ਰਹਿਣ ਦੀ ਸੰਭਾਵਨਾ ਹੈ। ਕੰਮਕਾਰ ਲਈ ਘਰ ਤੋਂ ਬਾਹਰ ਆਉਣ ਵਾਲੇ ਦੁਕਾਨਦਾਰ ਕਮਲ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਸੰਘਣੀ ਧੁੰਦ ਦੇ ਚੱਲਦੇ ਸੜਕ ਦੇ ਇਕ ਤੋਂ ਦੂਜੇ ਪਾਸੇ ਕੁਝ ਵੀ ਦੇਖ ਪਾਉਣਾ ਮੁਸ਼ਕਲ ਲੱਗ ਰਿਹਾ ਸੀ, ਜਿਸ ਕਾਰਨ ਵਾਹਨਾਂ ਦੀਆਂ ਲਾਈਟਾਂ ਦਿਨ ਦੇ ਵੇਲੇ ਹੀ ਜਗਾਉਣੀਆਂ ਪਈਆਂ।

PunjabKesari

ਸਾਹ ਦੇ ਮਰੀਜ਼ਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ
ਆਈ.ਵੀ.ਵਾਈ.ਹਸਪਤਾਲ ਦੇ ਡਾ. ਵਿਕਾਸ ਦਾ ਕਹਿਣਾ ਹੈ ਕਿ ਖ਼ਰਾਬ ਏਅਰ ਕੁਆਲਟੀ ਸਾਹ ਦੇ ਮਰੀਜ਼ਾਂ ਲਈ ਖ਼ਤਰਨਾਕ ਹੈ। ਬਜ਼ੁਰਗਾਂ ਅਤੇ ਬੱਚਿਆਂ ਨੂੰ ਬਿਨਾਂ ਠੋਸ ਕਾਰਣ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਘਰ ਦੇ ਦਰਵਾਜੇ ਅਤੇ ਖਿੜਕੀਆਂ ਵੀ ਬੰਦ ਰੱਖਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਨਾਲ ਡਾ. ਰੰਜੀਵ ਨੇ ਕਿਹਾ ਕਿ ਵੱਧ ਠੰਡ ਕੋਰੋਨਾ ਅਜਿਹੇ ਵਾਇਰਸ ਲਈ ਫ਼ਾਇਦੇਮੰਦ ਹੈ, ਜਿਸਦੇ ਚੱਲਦੇ ਨਾ ਕੇਵਲ ਮਾਸਕ ਦਾ ਪ੍ਰਯੋਗ ਕਰਨਾ ਚਾਹੀਦਾ ਸਗੋਂ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਦੇ ਹੋਏ ਸੈਨੀਟਾਈਜ਼ਰ ਜਿਹੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੌਰਾਨ ਲੋਕ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਂਦੇ ਦੇਖੇ ਗਏ।

PunjabKesari

ਕਣਕ ਦੀ ਫ਼ਸਲ ਲਈ ਮੌਸਮ ਉਪਯੋਗੀ
ਖੇਤੀਬਾੜੀ ਅਫ਼ਸਰ ਡਾ.ਰਾਜਕੁਮਾਰ ਨੇ ਦੱਸਿਆ ਵੱਧ ਠੰਢ ਕਣਕ ਦੀ ਫ਼ਸਲ ਲਈ ਉਪਯੋਗੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਵੱਧ ਠੰਡ ਪਵੇਗੀ ਉਨ੍ਹਾਂ ਹੀ ਝਾੜ ਵੱਧ ਮਿਲਣ ਦੀ ਸੰਭਾਨਵਾ ਹੈ।


rajwinder kaur

Content Editor rajwinder kaur