ਭਾਰਤ ’ਚ ਸੱਪਾਂ ਦੇ ਡੰਗਣ ਨਾਲ ਹਰ ਸਾਲ ਹੁੰਦੀਆਂ ਹਨ ਹਜ਼ਾਰਾਂ ਮੌਤਾਂ, ਇੰਝ ਬਚਾਈ ਜਾ ਸਕਦੀ ਹੈ ਜਾਨ

07/08/2022 6:55:17 PM

ਕਪੂਰਥਲਾ (ਮਹਾਜਨ, ਮਲਹੋਤਰਾ)- ਸੱਪ ਦਾ ਨਾਂ ਸੁਣਦਿਆਂ ਜਾਂ ਫੋਟੋ ਵੇਖਦਿਆਂ ਹੀ ਸਰੀਰ ’ਚ ਝੁਣਝੂਣੀ ਜਿਹੀ ਆ ਜਾਂਦੀ ਹੈ। ਭਾਰਤ ’ਚ ਸੱਪਾਂ ਦੇ ਡੰਗਣ ਨਾਲ ਹਰ ਸਾਲ ਹਜ਼ਾਰਾਂ ਮੌਤਾਂ ਹੁੰਦੀਆਂ ਹਨ। ਦੁਨੀਆ ਵਿਚ ਸੱਪਾਂ ਦੀਆਂ 2500 ਦੇ ਕਰੀਬ ਕਿਸਮਾਂ ਹਨ, ਜਿਨ੍ਹਾਂ ’ਚੋਂ ਤਕਰੀਬਨ 200 ਤੋਂ ਵੱਧ ਭਾਰਤ ਵਿਚ ਹੀ ਹਨ। ਇਨ੍ਹਾਂ ਵਿਚੋਂ 50 ਕਿਸਮਾਂ ਜ਼ਹਿਰੀਲੇ ਸੱਪਾਂ ਦੀਆਂ ਹਨ। ਜ਼ਹਿਰੀਲੇ ਸੱਪਾਂ ਦੀਆਂ ਤਿੰਨ ਨਸਲਾਂ ਭਾਰਤ ’ਚ ਆਮ ਹਨ, ਕੋਬਰਾ (ਫਨੀਅਰ ਸੱਪ), ਰੱਸਲ ਵਾਈਪਰ, ਕਰੇਟ ਜਿਨ੍ਹਾਂ ਦੇ ਡੰਗ ’ਤੇ ਮੌਤ ਵੀ ਹੋ ਸਕਦੀ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਕਪੂਰਥਲਾ ਜ਼ਿਲ੍ਹੇ ਵਿਚ ਅਪ੍ਰੈਲ ਮਹੀਨੇ 'ਚ ਸੱਪ ਦੇ ਡੰਗਣ ਦੇ 130 ਮਾਮਲੇ ਸਾਹਮਣੇ ਆਏ ਹਨ। ਅਪ੍ਰੈਲ ਵਿੱਚ 130 ਅਤੇ ਮਈ ਵਿੱਚ 72 ਕੇਸਾਂ ਦੇ ਨਾਲ, ਇਸ ਸਾਲ ਹੁਣ ਤੱਕ ਸੱਪ ਦੇ ਡੰਗਣ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।

ਪਿਛਲੇ ਸਾਲ ਕਪੂਰਥਲਾ ਵਿੱਚ ਸੱਪ ਦੇ ਡੰਗਣ ਦੇ 509 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਇਸ ਸਾਲ ਮਈ ਤੱਕ 282 ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ, ਮਾਰਚ ਵਿਚ (60) ਸਭ ਤੋਂ ਵੱਧ ਸੱਪ ਦੇ ਡੰਗਣ ਦੀ ਰਿਪੋਰਟ ਕੀਤੀ ਗਈ ਸੀ, ਇਸ ਤੋਂ ਬਾਅਦ ਫਰਵਰੀ ਵਿਚ (56) ਅਤੇ ਜੂਨ ਵਿਚ (54) ਸਨ। ਇਸ ਸਾਲ ਹੁਣ ਤੱਕ ਕੁੱਲ 282 ਕੇਸਾਂ ਵਿੱਚੋਂ ਸਭ ਤੋਂ ਵੱਧ ਅਪ੍ਰੈਲ ਵਿੱਚ 130, ਮਈ ਵਿੱਚ 72,  ਮਾਰਚ ਵਿੱਚ 42 ਅਤੇ ਫਰਵਰੀ ਵਿੱਚ 21 ਕੇਸਾ ਸਾਹਮਣੇ ਆਏ। ਪਿਛਲੇ ਸਾਲ ਦੋ ਮੌਤਾਂ ਵੀ ਹੋਈਆਂ ਸਨ ਅਤੇ 161 ਪੀੜਤਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਸਾਲ ਹੁਣ ਤੱਕ 62 ਹਸਪਤਾਲ ਦਾਖ਼ਲ ਹੋ ਚੁੱਕੇ ਹਨ ਪਰ ਕੋਈ ਮੌਤ ਨਹੀਂ ਹੋਈ।

PunjabKesari

ਕਪੂਰਥਲਾ ਦੇ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਨੇ ਸ਼ਹਿਰ ਵਾਸੀਆਂ ਨੂੰ ਸੱਪਾਂ ਦੇ ਡੰਗਣ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਲਈ ਕਿਹਾ ਹੈ। ਇਕ ਵਿਚਾਲੇ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਸੱਪ ਦੇ ਡੰਗਣ ਦੀ ਸਥਿਤੀ ਵਿੱਚ ਮਿਥਿਹਾਸ ਦਾ ਸਹਾਰਾ ਨਾ ਲੈਣ ਜਾਂ ਟੋਣੇ- ਟੋਟਕੇ ਕਰਨ ਵਾਲਿਆਂ ਤੋਂ ਸਲਾਹ ਨਾ ਲੈਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਰਫ਼ ਡਾਕਟਰੀ ਸਹਾਇਤਾ 'ਤੇ ਭਰੋਸਾ ਕਰਨ ਲਈ ਕਿਹਾ।

ਸੱਪ ਦੇ ਡੰਗਣ ’ਤੇ ਫਸਟ ਏਡ
ਜਿਸ ਲੱਤ ਜਾਂ ਬਾਂਹ ’ਤੇ ਡੰਗ ਵੱਜਾ ਹੋਵੇ, ਉਹ ਅੰਗ ਹਿਲਾਉਣ ਦੀ ਕੋਸ਼ਿਸ਼ ਨਾ ਕਰੋ ਅਤੇ ਉਸ ਥਾਂ ’ਤੇ ਇਕ ਸਪਲਿੰਟ ਲਗਾ ਦਿਓ।
ਜਿਹਡ਼ੀ ਬਾਂਹ ਜਾਂ ਲੱਤ ’ਤੇ ਸੱਪ ਲਡ਼ਿਆ ਹੋਵੇ, ਉਸ ਤੋਂ ਕਡ਼ਾ, ਚੂਡ਼ੀਆਂ, ਘਡ਼ੀ, ਬ੍ਰੇਸਲੈਟ, ਜੁਰਾਬਾਂ, ਬੂਟ ਆਦਿ ਲਾਹ ਦਿਓ।
ਜ਼ਹਿਰ ਚੂਸਣ ਵਾਲਾ ਕੰਮ ਕਦੀ ਨਾ ਕਰੋ।
ਜ਼ਖ਼ਮ ਵਿਚੋਂ ਖੂਨ ਨਾ ਕੱਢੋ, ਬਰਫ ਅਤੇ ਜਡ਼ੀ ਬੂਟੀਆਂ ਨਾ ਰਗਡ਼ੋ।
ਵਿਅਕਤੀ ਨੂੰ ਖਾਣ ਪੀਣ ਵਾਸਤੇ ਕੁਝ ਨਾ ਦਿਓ, ਇਸਦੇ ਨਾਲ ਜ਼ਹਿਰ ਬਡ਼ੀ ਜਲਦੀ ਜਜਬ ਹੁੰਦਾ ਹੈ।
ਜਲਦੀ ਤੋਂ ਜਲਦੀ ਨੇਡ਼ੇ ਤੇਡ਼ੇ ਦੇ ਹਸਪਤਾਲ ਲੈ ਜਾਵੋ, ਜਿੱਥੇ ‘ਸੱਪ-ਕੱਟਣ ਦੇ ਟੀਕੇ’ ਉਪਲੱਬਧ ਹੋਣ।
ਘਬਰਾਉਣ ਦੀ ਬਜਾਏ ਹੌਸਲਾ ਬਣਾ ਕੇ ਰੱਖੋ ਅਤੇ ਉਸ ਵਿਅਕਤੀ ਨੂੰ ਡਰਾਵੋ ਨਾ, ਜਿਸ ਨੂੰ ਸੱਪ ਨੇ ਡੰਗਿਆ ਹੋਵੇ।
ਬਿਨਾਂ ਸਮਾਂ ਬਰਬਾਦ ਕੀਤੀਆਂ ਮਰੀਜ਼ ਨੂੰ ਹਸਪਤਾਲ ਪਹੁੰਚਾਵੋ।

ਇਹ ਵੀ ਪੜ੍ਹੋ: ਉੱਤਰਾਖੰਡ ’ਚ ਵਾਪਰੇ ਭਿਆਨਕ ਹਾਦਸੇ ’ਤੇ CM ਭਗਵੰਤ ਮਾਨ ਨੇ ਜਤਾਇਆ ਦੁੱਖ਼

PunjabKesari

ਲੱਛਣ
ਸੱਪ ਦੇ ਡੰਗਣ ਵਾਲੀ ਥਾਂ ’ਤੇ ਲਾਲਗੀ, ਪੀੜ ਅਤੇ ਸੋਜ, ਜ਼ਖ਼ਮ ’ਚੋਂ ਲਹੂ ਵਗਣਾ, ਸਾੜ ਪੈਣਾ, ਵਧੇਰੇ ਮੁੜ੍ਹਕਾ, ਦਸਤ, ਨਜ਼ਰ ਧੁੰਦਲੀ ਹੋ ਜਾਣਾ, ਹੱਥ ਪੈਰ ਸੌਂ ਜਾਣੇ, ਕੀੜ੍ਹੀਆਂ ਤੁਰਨੀਆਂ, ਜ਼ਿਆਦਾ ਤੇਹ ਲੱਗਣਾ, ਉਲਟੀਆਂ, ਬੁਖਾਰ, ਪੱਠਿਆਂ ਦੀ ਕਮਜੋਰੀ, ਦੌਰੇ ਪੈਣੇ, ਦਿਲ ਦੇ ਤੇਜ਼ ਧੜਕਣ ਨਾਲ ਤੇਜ਼ ਨਬਜ਼, ਕਮਜ਼ੋਰੀ, ਦਿਲ ਘਬਰਾਉਣਾ, ਬੇਹੋਸ਼ੀ ਹੋਣਾ ਆਦਿ। ਪੰਜਾਬ ਤੇ ਇਸ ਦੇ ਨੇਡ਼ਲੇ ਇਲਾਕਿਆਂ ਵਿਚ ਬਰਸਾਤਾਂ ਤੇ ਹੁੰਮਸ ਦੌਰਾਨ ਸੱਪ ਲਡ਼ਨ ਦੇ ਕਾਫ਼ੀ ਕੇਸ ਆਉਂਦੇ।
ਸੱਪ ਦੇ ਕੱਟੇ ਦਾ ਟੀਕਾ ਸਰੀਰ ’ਚ ਪੁੱਜੇ ਜ਼ਹਿਰ ਨੂੰ ਨਕਾਰਾ ਕਰ ਦਿੰਦੀ ਹੈ। ਇਹ ਟੀਕਾ ਖੂਨ ਦੀ ਨਾਡ਼ ਵਿਚ ਲਾਇਆ ਜਾਂਦਾ ਹੈ। ਇਹ ਟੀਕਾ ਮਾਹਿਰ ਡਾਕਟਰਾਂ ਦੀ ਦੇਖ-ਰੇਖ ਵਿਚ ਹੀ ਲਗਾਇਆ ਜਾਂਦਾ ਹੈ। ਸੱਪ ਦੇ ਕੱਟਣ ’ਤੇ ਟੋਣੇ-ਟੋਟਕੇ ਕਰਨ ਦੀ ਬਜਾਏ, ਤੁਰੰਤ ਹਸਪਤਾਲ ਪਹੁੰਚ ਕੇ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਨਵਾਂਸ਼ਹਿਰ: ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਨੌਜਵਾਨ ਦੀ ਲਾਸ਼ ਕੋਲੋਂ ਮਿਲੀ ਸਰਿੰਜ

ਸਾਵਧਾਨੀਆਂ
ਆਪਣਾ ਆਲਾ-ਦੁਆਲਾ ਸਾਫ ਰੱਖੋ।
ਰੁੱਖਾਂ ਅਤੇ ਟਾਹਣੀਆਂ ਨੂੰ ਆਪਣੀਆਂ ਕੰਧਾਂ ਤੇ ਖਿੜਕੀਆਂ ਨੂੰ ਛੂਹਣ ਨਾ ਦਿਓ।
ਆਪਣੇ ਘਰ ਨੂੰ ਚੂਹਿਆਂ, ਡੱਡੂਆਂ ਤੋਂ ਮੁਕਤ ਰੱਖੋ।
ਦਰਵਾਜ਼ਿਆਂ, ਖਿਡ਼ਕੀਆਂ ਅਤੇ ਕੰਧਾਂ ’ਚ ਕਿਸੇ ਵੀ ਤਰ੍ਹਾਂ ਦੇ ਛੇਕ ਆਦਿ ਨੂੰ ਖੁੱਲਾ ਨਾ ਛੱਡੋ।
ਖੇਤਾਂ ’ਚ ਕੰਮ ਕਰਦੇ ਸਮੇਂ ਸੁਚੇਤ ਰਹੋ।
ਰਾਤ ਨੂੰ ਬਾਹਰ ਜਾਣ ਸਮੇਂ ਟਾਰਚ-ਸੋਟੀ ਨਾਲ ਲੈ ਕੇ ਜਾਣਾ ਨਾ ਭੁੱਲੋ।
ਫਰਸ਼ ’ਤੇ ਨਾ ਸੌਂਵੋ, ਮੰਜੇ ’ਤੇ ਸੌਂਵੋ।
ਕਦੇ ਵੀ ਸੱਪ ਨੂੰ ਫੜਨ ਦੀ ਕੋਸ਼ਿਸ਼ ਨਾ ਕਰੋ।
ਖਿੜਕੀਆਂ ਤੇ ਪੋਲਟਰੀ ਫਰਮਾਂ ’ਚ ਜਾਲੀਆਂ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ: ਅੱਜ ਮਹਾਨਗਰ ਜਲੰਧਰ ’ਚ ਖੁੱਲ੍ਹਣਗੇ 53 ਨਵੇਂ ਸ਼ਰਾਬ ਦੇ ਠੇਕੇ, 15 ਫ਼ੀਸਦੀ ਕੀਮਤਾਂ ਘਟੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News