ਸੱਪ ਦੇ ਡੰਗਣ ਦੀ ਸੂਰਤ ''ਚ ਘਬਰਾਉਣ ਦੀ ਲੋੜ ਨਹੀਂ, ਇਲਾਜ ਸੰਭਵ : ਸਿਵਲ ਸਰਜਨ
Thursday, Jul 25, 2024 - 03:25 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਸਿਹਤ ਵਿਭਾਗ ਵੱਲੋਂ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੇ ਮਾਮਲੇ ਆਮ ਹਨ। ਸੱਪ ਰਿਹਾਇਸ਼ੀ ਸਥਾਨਾਂ ਤੋ ਦੂਰ ਸ਼ਾਂਤ ਏਰੀਏ ਜੰਗਲਾਂ, ਨਹਿਰਾਂ ਦੇ ਕਿਨਾਰਿਆਂ ’ਤੇ ਬਣੀਆਂ ਖੁੱਡਾਂ, ਘਾਹ-ਫੂਸ ਵਾਲੇ ਖੇਤਰ 'ਚ ਰਹਿਣ ਬਸੇਰਾ ਕਰਦੇ ਹਨ।
ਜਦੋਂ ਮੌਸਮ ਤਬਦੀਲ ਹੁੰਦਾ ਹੈ, ਭਾਵ ਬਰਸਾਤਾਂ ਅਤੇ ਗਰਮੀ ਦੇ ਮੌਸਮ 'ਚ ਖੁੱਡਾਂ ਅੰਦਰ ਗੈਸ ਭਰਨ ਕਰਕੇ ਸਾਹ ਲੈਣ 'ਚ ਦਿੱਕਤ ਆਉਣ ’ਤੇ ਇਹ ਬਾਹਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸੱਪਾਂ ਦੀਆਂ ਕਿਸਮਾਂ ਵਿੱਚੋਂ ਸਿਰਫ 30 ਫ਼ੀਸਦੀ ਸੱਪ ਹੀ ਜ਼ਹਿਰੀਲੇ ਹੁੰਦੇ ਹਨ, ਜੋ ਡੰਗ ਮਾਰਨ 'ਤੇ ਜਾਨਲੇਵਾ ਹੋ ਸਕਦੇ ਹਨ। ਕਿਸੇ ਵਿਅਕਤੀ ਨੂੰ ਸੱਪ ਉਸ ਸਮੇਂ ਹੀ ਡੰਗਦਾ ਹੈ, ਜਦੋਂ ਉਸਦੀ ਜਾਨ ਨੂੰ ਖ਼ਤਰਾ ਹੋਵੇ। ਸੱਪ ਦੇ ਜ਼ਹਿਰ ਤੋਂ ਬਚਾਅ ਦੇ ਟੀਕੇ ਸਾਰੇ ਸਰਕਾਰੀ ਹਸਪਤਾਲਾਂ 'ਚ ਉਪਲੱਬਧ ਹਨ। ਮਰੀਜ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਟੀਕੇ ਲਗਾਉਣੇ ਚਾਹੀਦੇ ਹਨ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸਮਿੰਦਰ ਕੌਰ ਨੇ ਦੱਸਿਆ ਕਿ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਗੈਰ-ਸਿੱਖਿਅਤ ਲੋਕਾਂ ਕੋਲ ਜਾਣ ਦੀ ਬਜਾਏ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ।
ਸੱਪ ਦੇ ਡੰਗਣ ਦੀ ਸੂਰਤ 'ਚ ਤੁਰੰਤ ਐਂਬੂਲੈਂਸ ਨੂੰ ਬੁਲਾ ਕੇ ਪੀੜਤ ਨੂੰ ਹਸਪਤਾਲ ਲੈ ਜਾਓ ਅਤੇ ਮਾਹਰ ਡਾਕਟਰ ਕੋਲੋਂ ਹੀ ਇਲਾਜ ਕਰਵਾਓ। ਪੀੜਤ ਨੂੰ ਹੌਂਸਲਾ ਦਿੰਦੇ ਰਹੋ ਅਤੇ ਸਪਲਿੰਟ ਦੀ ਮਦਦ ਨਾਲ ਅੰਗ ਨੂੰ ਸਥਿਰ ਰੱਖੋ। ਸੱਪ ਦੇ ਡੰਗਣ ਦੀ ਸੂਰਤ 'ਚ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸੱਪ ਦੇ ਡੰਗੇ ਦਾ ਇਲਾਜ ਸੰਭਵ ਹੈ। ਜਿਸ ਥਾਂ ’ਤੇ ਸੱਪ ਨੇ ਡੰਗ ਮਾਰਿਆ ਹੈ, ਉਸ ਥਾਂ ਨੂੰ ਨਾ ਤਾਂ ਕੱਟੋ ਤੇ ਨਾ ਹੀ ਮੂੰਹ ਨਾਲ ਜ਼ਹਿਰ ਕੱਢਣ ਦੀ ਕੋਸ਼ਿਸ਼ ਕਰੋ। ਡੰਗ ਵਾਲੀ ਥਾਂ ’ਤੇ ਨਾ ਤਾਂ ਬਰਫ਼ ਲਗਾਓ ਤੇ ਨਾ ਹੀ ਮਾਲਿਸ਼ ਕਰੋ। ਆਪਣੇ-ਆਪ ਕੋਈ ਦਵਾਈ ਨਾ ਲਓ ਅਤੇ ਨਾ ਹੀ ਡੰਗ ਵਾਲੀ ਥਾਂ 'ਤੇ ਕੋਈ ਜੜ੍ਹੀ-ਬੂਟੀ ਲਗਾਓ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਸੰਦੀਪ ਵਾਲੀਆ ਅਤੇ ਨੇਹਾ ਭੰਡਾਰੀ ਨੇ ਸੱਪ ਦੇ ਡੰਗਣ ਤੋਂ ਬਚਾਅ ਲਈ ਸਲਾਹ ਦਿੰਦੇ ਹੋਏ ਦੱਸਿਆ ਕਿ ਹੜ੍ਹਾਂ ਦੇ ਪਾਣੀ 'ਚ ਜਾਣ ਤੋਂ ਪਰਹੇਜ਼ ਕੀਤਾ ਜਾਏ ਅਤੇ ਬਾਹਰ ਜਾਣ ਵੇਲੇ ਸੋਟੀ ਦੀ ਵਰਤੋਂ, ਬੰਦ ਜੁੱਤੀਆਂ ਜਾਂ ਲੰਬੇ ਬੂਟ ਪਾਏ ਜਾਣ। ਰਾਤ ਦੇ ਸਮੇਂ ਹਮੇਸ਼ਾ ਟਾਰਚ ਦੀ ਵਰਤੋਂ ਕੀਤੀ ਜਾਵੇ। ਆਪਣੇ ਘਰ ਅਤੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖੋ।