ਦੁਬਈ ਤੋਂ ਪੰਜਾਬ ''ਚ ਸੋਨੇ ਦੀ ਸਮੱਗਲਿੰਗ ਰੋਕਣ ''ਚ ਡੀ. ਆਰ. ਆਈ. ਅਤੇ ਕਸਟਮ ਵਿਭਾਗ ਫੇਲ

10/09/2019 4:46:54 PM

ਲੁਧਿਆਣਾ (ਜ. ਬ.) : ਕਿਲੋਆਂ ਦੇ ਹਿਸਾਬ ਨਾਲ ਦੁਬਈ ਤੋਂ ਆਉਣ ਵਾਲੇ ਸੋਨੇ ਦੀ ਸਮੱਗਲਿੰਗ ਨੂੰ ਰੋਕਣ 'ਚ ਡਾਇਰੈਕਟਰ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਅਤੇ ਕਸਟਮ ਵਿਭਾਗ ਪੂਰੀ ਤਰ੍ਹਾਂ ਫੇਲ ਹੋ ਗਏ ਹਨ। ਪੰਜਾਬ ਦੇ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਅਤੇ ਮੋਹਾਲੀ ਤੋਂ ਹਰ ਹਫਤੇ ਕਿਲੋਆਂ ਦੇ ਹਿਸਾਬ ਨਾਲ ਸੋਨੇ ਦੀ ਖੇਪ ਪੁੱਜ ਰਹੀ ਹੈ ਪਰ ਦੋਵੇਂ ਵਿਭਾਗ ਇਕਾ-ਦੁੱਕਾ ਕੇਸ ਫੜ ਕੇ ਵਾਹ-ਵਾਹ ਲੁੱਟ ਰਹੇ ਹਨ ਪਰ ਹਰ ਹਫਤੇ 3-4 ਆਦਮੀ ਦੁਬਈ ਲਈ ਲੁਧਿਆਣਾ ਤੋਂ ਜਾਂਦੇ ਹਨ ਅਤੇ ਸੋਨਾ ਲੈ ਕੇ ਮੁੜਦੇ ਹਨ। ਸੂਤਰਾਂ ਤੋ ਪਤਾ ਲੱਗਾ ਹੈ ਕਿ ਏਅਰਪੋਰਟ 'ਤੇ ਸੋਨੇ ਦੀ ਜਾਂਚ ਕਰਨ ਵਾਲੇ ਕਸਟਮ ਦੇ ਅਧਿਕਾਰੀ ਖੁਦ ਇਨ੍ਹਾਂ ਸਮੱਗਲਰਾਂ ਦਾ ਸਾਥ ਦੇ ਕੇ ਏਅਰਪੋਰਟ ਤੋਂ ਬਾਹਰ ਕੱਢਦੇ ਹਨ। ਹਾਲ ਹੀ 'ਚ ਇਕ ਅਧਿਕਾਰੀ ਨੂੰ ਵਿਸ਼ੇਸ਼ ਤੌਰ 'ਤੇ ਲੁਧਿਆਣਾ ਤੋਂ ਟਰਾਂਸਫਰ ਕਰ ਕੇ ਮੋਹਾਲੀ ਏਅਰਪੋਰਟ 'ਤੇ ਲਾਇਆ ਗਿਆ ਹੈ, ਜੋ ਇਸ ਸੋਨਾ ਗੈਂਗ ਦੀ ਸੋਨਾ ਕੱਢਣਵਾਉਣ 'ਚ ਖੁੱਲ੍ਹ ਕੇ ਮਦਦ ਕਰਦਾ ਹੈ। ਦੱਸਿਆ ਜਾਂਦਾ ਹੈ ਕਿ ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਲੁਧਿਆਣਾ ਦੇ ਲਗਭਗ 6 ਲੋਕ ਇਸ ਗੋਰਖ ਧੰਦੇ 'ਚ ਜੁੜੇ ਹੋਏ ਹਨ। ਸੋਨਾ ਲਿਆਉਣ ਲਈ ਸਾਰਾ ਫਾਈਨਾਂਸ ਲੁਧਿਆਣਾ ਦਾ ਇਕ ਸਖਸ਼ ਕਰਦਾ ਹੈ ਅਤੇ ਬਾਕੀ ਲੋਕ ਦੁਬਈ 'ਚ ਬੈਠੇ ਲੋਕਾਂ ਨਾਲ ਫੋਨ 'ਤੇ ਡੀਲ ਕਰਦੇ ਹਨ। ਇਸ ਤੋਂ ਇਲਾਵਾ ਲਗਭਗ 15 ਇਸ ਤਰ੍ਹਾਂ ਦੇ ਨੌਜਵਾਨ ਰੱਖੇ ਗਏ ਹਨ, ਜਿਨ੍ਹਾਂ ਨੂੰ ਮਹੀਨੇ 'ਚ ਇਕ ਵਾਰ ਦੁਬਈ ਦਾ ਚੱਕਰ ਲਵਾ ਕੇ ਉਨ੍ਹਾਂ ਤੋਂ ਸੋਨਾ ਮੰਗਵਾਇਆ ਜਾਂਦਾ ਹੈ। ਮੋਹਾਲੀ ਏਅਰਪੋਰਟ 'ਤੇ ਪੂਰੀ ਸੈਟਿੰਗ ਹੋਣ ਕਾਰਣ ਉਨ੍ਹਾਂ ਨੂੰ ਕੋਈ ਵੀ ਨਹੀਂ ਰੋਕਦਾ।

ਇਸ ਸਬੰਧੀ ਜਦ ਡੀ. ਆਰ. ਆਈ. ਦੇ ਅਧਿਕਾਰੀਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਸਾਡੇ ਕੋਲ ਵੀ ਸੂਚਨਾ ਹੈ ਪਰ ਹੁਣ ਸਹੀ ਵਕਤ ਦੇ ਇੰਤਜ਼ਾਰ 'ਚ ਹਨ।

ਗੈਂਗ ਕਿਥੇ ਵੇਚਦਾ ਹੈ ਸੋਨਾ
ਸੋਨੇ ਦੀ ਸਮੱਗਲਿੰਗ ਕਰਨ ਵਾਲੇ ਸੋਨੇ ਨੂੰ ਬਿਸਕੁਟ ਜਾਂ ਇੱਟ ਦੇ ਰੂਪ 'ਚ ਲੈ ਕੇ ਆਉਂਦੇ ਹਨ। ਉਸ ਨੂੰ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਬਾਜ਼ਾਰ 'ਚ ਨਕਦ ਰੁਪਏ 'ਚ ਵੇਚ ਦਿੱਤਾ ਜਾਂਦਾ ਹੈ। ਵਜ੍ਹਾ ਭਾਰਤੀ ਬਾਜ਼ਾਰ ਅਤੇ ਦੁਬਈ ਦੀ ਮਾਰਕੀਟ 'ਚ ਸੋਨੇ ਦੀ ਕੀਮਤ ਵਿਚ ਘੱਟੋ-ਘੱਟ 5 ਹਜ਼ਾਰ ਪ੍ਰਤੀ ਤੋਲੇ ਦਾ ਅੰਤਰ ਹੈ। ਮਤਲਬ ਦੁਬਈ 'ਚ ਸੋਨਾ ਸਸਤਾ ਹੈ ਅਤੇ ਉਥੇ ਦੀ ਸ਼ੁੱਧਤਾ 'ਤੇ ਪੂਰਾ ਵਿਸ਼ਵ ਵਿਸ਼ਵਾਸ ਕਰਦਾ ਹੈ। ਇਸ ਤੋਂ ਇਲਾਵਾ ਸਮੱਗਲਿੰਗ ਕਰ ਕੇ ਲਿਆਂਦੇ ਗਏ ਸੋਨੇ 'ਤੇ ਕਸਟਮ ਡਿਊਟੀ 12.5 ਫੀਸਦੀ ਹੈ ਜੋ ਪੰਜਾਬ 'ਚ ਸੋਨਾ ਖਰੀਦਣ ਵਾਲਿਆਂ ਨੂੰ ਨਹੀਂ ਦੇਣੀ ਪੈਂਦੀ। ਇਸ ਤੋਂ ਇਲਾਵਾ 3 ਫੀਸਦੀ ਜੀ. ਐੱਸ. ਟੀ. ਦੀ ਵੀ ਬੱਚਤ ਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਸਮੱਗਲਿੰਗ ਕਰਨ ਵਾਲੇ ਲੋਕ ਜਿਸ ਹਿਸਾਬ ਨਾਲ ਸੋਨੇ ਦੀ ਭਾਰੀ ਖੇਪ ਲਿਆਉਂਦੇ ਹਨ, ਉਨ੍ਹਾਂ ਨੂੰ ਇਕ ਡੀਲ 'ਚ ਘੱਟੋ-ਘੱਟ 25 ਤੋਂ 40 ਲੱਖ ਰੁਪਏ ਦਾ ਮੁਨਾਫਾ ਹੁੰਦਾ ਹੈ। ਜੋ ਲੋਕ ਦੁਬਈ ਭੇਜਣ ਲਈ ਰੱਖੇ ਗਏ ਹਨ, ਉਨ੍ਹਾਂ ਦਾ ਸਾਰਾ ਖਰਚ ਉਨ੍ਹਾਂ ਦੇ ਮਲਾਕ ਚੁੱਕਦੇ ਹਨ। ਵੈਸੇ ਤਾਂ ਪੂਰੇ ਦੇਸ਼ 'ਚ ਸੋਨੇ ਦੀ ਸਮੱਗਲਿੰਗ ਜ਼ੋਰਾਂ 'ਤੇ ਹੈ ਪਰ ਪੰਜਾਬ 'ਚ ਸਮੱਗਲਿੰਗ ਦਾ ਧੰਦਾ ਖੂਬ ਫਲ ਰਿਹਾ ਹੈ।

ਸੋਨਾ ਗੈਂਗ ਦਾ ਕਰਿੰਦਾ ਛੇ ਕਿਲੋ ਸੋਨਾ ਲੈ ਕੇ ਫਰਾਰ
ਸੂਤਰਾਂ ਤੋਂ ਪਤਾ ਲੱਗਾ ਕਿ ਪਿਛਲੇ ਹਫਤੇ ਪਹਿਲਾਂ ਸੋਨਾ ਗੈਂਗ ਦਾ ਇਕ ਕਰਿੰਦਾ ਏਅਰਪੋਰਟ 'ਤੇ ਉਤਰਿਆ ਅਤੇ 6 ਕਿਲੋ ਸੋਨਾ ਲੈ ਕੇ ਉਥੋਂ ਗਾਇਬ ਹੋ ਗਿਆ। ਉਸ ਦੇ ਆਕਾ ਉਸ ਨੂੰ ਲੱਭਣ 'ਚ ਦਿਨ-ਰਾਤ ਇਕ ਕਰਦੇ ਰਹੇ। ਡੀ. ਆਰ. ਆਈ. ਆਪਣੇ ਪੱਧਰ 'ਤੇ ਹੀ ਜਾਂਚ ਕਰ ਲੈਣ ਤਾਂ ਪਤਾ ਲੱਗ ਜਾਵੇਗਾ ਕਿ ਕਿਹੜੇ ਸਖਸ਼ ਲਗਾਤਾਰ ਪੰਜਾਬ ਤੋਂ ਦੁਬਈ ਲਈ ਆ ਜਾ ਰਹੇ ਹਨ।


Anuradha

Content Editor

Related News