ਪੁਲਸ ਦੇ ਦਾਅਵਿਆਂ ਦੇ ਬਾਵਜੂਦ ਵੀ ਸਰਗਰਮ ਹਨ ਵੱਡੇ ਡਰੱਗ ਸਮੱਗਲਰ
Tuesday, Sep 19, 2017 - 04:10 AM (IST)
ਕਪੂਰਥਲਾ(ਭੂਸ਼ਣ)-ਦਿੱਲੀ ਪੁਲਸ ਦੇ ਸਪੈਸ਼ਲ ਸਟਾਫ ਸੈੱਲ ਵੱਲੋਂ ਬੀਤੇ ਦਿਨੀਂ ਕਪੂਰਥਲਾ ਜ਼ਿਲੇ ਨਾਲ ਸਬੰਧਿਤ ਪਿੰਡ ਲਾਟੀਆਂਵਾਲ ਵਾਸੀ 2 ਡਰੱਗ ਸਮੱਗਲਰਾਂ ਕੋਲੋਂ 5 ਕਿਲੋ ਹੈਰੋਇਨ ਤੇ 35 ਲੱਖ ਰੁਪਏ ਦੀ ਨਗਦੀ ਸਮੇਤ ਹੋਈ ਗ੍ਰਿਫਤਾਰੀ ਦੇ ਮਾਮਲੇ ਨੇ ਜਿੱਥੇ ਪੁਲਸ ਹਲਕਿਆਂ 'ਚ ਖਲਬਲੀ ਮਚਾ ਦਿੱਤੀ ਹੈ, ਉਥੇ ਹੀ ਜ਼ਿਲੇ ਨਾਲ ਸਬੰਧਿਤ ਇਨ੍ਹਾਂ ਦੋਹਾਂ ਸਮੱਗਲਰਾਂ ਵਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਦਿੱਲੀ ਪੁਲਸ ਨੇ ਛਾਪਾਮਾਰੀ ਕਰਕੇ ਇਨ੍ਹਾਂ ਮੁਲਜ਼ਮਾਂ ਨੂੰ ਹੈਰੋਇਨ ਸਪਲਾਈ ਕਰਨ ਵਾਲੇ ਅਫਰੀਕੀ ਨਾਗਰਿਕ ਨੂੰ ਜਿੱਥੇ ਗ੍ਰਿਫਤਾਰ ਕਰ ਲਿਆ ਹੈ, ਉਥੇ ਹੀ ਇਨ੍ਹਾਂ ਦੇ ਗੈਂਗ ਨਾਲ ਜੁੜੇ ਹੋਰ ਵੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਸ ਵਲੋਂ ਪਿਛਲੇ ਕੁਝ ਦਿਨਾਂ ਤੋਂ ਸਥਾਨਕ ਪੁਲਸ ਨੂੰ ਸੂਚਨਾ ਦਿੱਤੇ ਬਿਨਾਂ ਕਪੂਰਥਲਾ ਜ਼ਿਲੇ ਦੇ ਕਈ ਪਿੰਡਾਂ 'ਚ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਇਸ ਸਨਸਨੀਖੇਜ ਮਾਮਲੇ 'ਚ ਦਿੱਲੀ ਪੁਲਸ ਕਈ ਅਹਿਮ ਗ੍ਰਿਫਤਾਰੀਆਂ ਕਰ ਸਕਦੀ ਹੈ। ਪਿਛਲੇ 6 ਮਹੀਨਿਆਂ ਦੌਰਾਨ ਪੁਲਸ ਵਲੋਂ ਚਲਾਈ ਗਈ ਡਰੱਗ ਵਿਰੋਧੀ ਮੁਹਿੰਮ ਦੌਰਾਨ ਇਕ ਬਰਖਾਸਤ ਪੁਲਸ ਇੰਸਪੈਕਟਰ ਕੋਲੋਂ 4 ਕਿਲੋ ਹੈਰੋਇਨ ਬਰਾਮਦਗੀ ਤੋਂ ਇਲਾਵਾ ਪੰਜਾਬ ਪੁਲਸ ਅਜੇ ਤੱਕ ਦਿੱਲੀ ਪੁਲਸ ਜਿੰਨੀ ਇਕ ਵਾਰ ਵੀ ਹੈਰੋਇਨ ਦੀ ਖੇਪ ਬਰਾਮਦ ਨਹੀਂ ਕਰ ਸਕੀ ਹੈ। ਫਿਲਹਾਲ ਸੂਬੇ ਦੇ ਜ਼ਿਆਦਾਤਰ ਥਾਣਿਆਂ ਦੀ ਪੁਲਸ ਵਲੋਂ ਛੋਟੇ-ਮੋਟੇ ਨਸ਼ੀਲੇ ਪਾਊਡਰ ਤੇ ਕੈਪਸੂਲ ਵਰਗੇ ਨਸ਼ੀਲੇ ਪਦਾਰਥ ਹੀ ਬਰਾਮਦ ਕੀਤੇ ਗਏ ਹਨ। ਜਿਸਦੇ ਸਿੱਟੇ ਵਜੋਂ ਡਰੱਗ ਵਿਰੋਧੀ ਮੁਹਿੰਮ ਫਿਲਹਾਲ ਆਪਣਾ ਰੂਪ ਨਹੀਂ ਦਿਖਾ ਸਕੀ ਹੈ।
ਪਹਿਲਾਂ ਵੀ ਲਾਟੀਆਂਵਾਲ ਤੇ ਤੋਤੀ ਨਾਲ ਸਬੰਧਿਤ ਮੁਲਜ਼ਮਾਂ ਨੂੰ ਫੜ ਚੁੱਕੀ ਹੈ ਦਿੱਲੀ ਪੁਲਸ
ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਦਿੱਲੀ ਪੁਲਸ ਵਲੋਂ ਜ਼ਿਲੇ ਨਾਲ ਸਬੰਧਿਤ ਡਰੱਗ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਦਿੱਲੀ ਪੁਲਸ ਨੇ ਸੁਲਤਾਨਪੁਰ ਸਬ ਡਵੀਜ਼ਨ ਦੇ ਹੀ ਦੋਹਾਂ ਪਿੰਡਾਂ ਲਾਟੀਆਂਵਾਲ ਤੇ ਤੋਤੀ ਨਾਲ ਸਬੰਧਿਤ 3 ਸਮੱਗਲਰਾਂ ਨੂੰ ਇਕ ਅਫਰੀਕੀ ਨਾਗਰਿਕ ਸਮੇਤ ਗ੍ਰਿਫਤਾਰ ਕਰਕੇ 20 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਜੋ ਇਸ ਗੱਲ ਦੀ ਸੱਚਾਈ ਵੱਲ ਇਸ਼ਾਰਾ ਕਰਦੀ ਹੈ ਕਿ ਇਨ੍ਹਾਂ ਪਿੰਡਾਂ ਦੇ ਅਸਲੀ ਡਰੱਗ ਨੈੱਟਵਰਕ ਨੂੰ ਤੋੜਨ 'ਚ ਪੁਲਸ ਕਾਮਯਾਬ ਨਹੀਂ ਹੋ ਸਕੀ ਹੈ।
