ਅਹਿਮ ਖ਼ਬਰ : ਪਾਕਿ ਤੋਂ ਆਈ ਵਿਦੇਸ਼ੀ ਪਿਸਤੌਲਾਂ ਦੀ ਖ਼ੇਪ ਸਣੇ ਗ੍ਰਿਫ਼ਤਾਰ ਤਸਕਰ ਬਾਰੇ DGP ਦੇ ਵੱਡੇ ਖ਼ੁਲਾਸੇ

Saturday, Jun 12, 2021 - 09:15 AM (IST)

ਅਹਿਮ ਖ਼ਬਰ : ਪਾਕਿ ਤੋਂ ਆਈ ਵਿਦੇਸ਼ੀ ਪਿਸਤੌਲਾਂ ਦੀ ਖ਼ੇਪ ਸਣੇ ਗ੍ਰਿਫ਼ਤਾਰ ਤਸਕਰ ਬਾਰੇ DGP ਦੇ ਵੱਡੇ ਖ਼ੁਲਾਸੇ

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਨੇ ਵੀਰਵਾਰ ਰਾਤ ਨੂੰ ਪਾਕਿਸਤਾਨ ਤੋਂ ਆਈ ਵਿਦੇਸ਼ੀ ਪਿਸਤੌਲਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ’ਤੇ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨਾਂ ਅਤੇ ਅਮਰੀਕਾ, ਕੈਨੇਡਾ ਅਤੇ ਯੂ. ਕੇ. ਆਧਾਰਿਤ ਭਾਰਤ ਵਿਰੋਧੀ ਖ਼ਾਲਿਸਤਾਨੀ ਅਨਸਰਾਂ ਨਾਲ ਜੁੜਿਆ ਹੋਇਆ ਸੀ। ਉਹ ਇਕ ਯੂ. ਐੱਸ. ਏ. ਆਧਾਰਿਤ ਹੈਂਡਲਰ ਦੇ ਨਿਰਦੇਸ਼ਾਂ ’ਤੇ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਖ਼ੁਲਾਸਾ ਕੀਤਾ ਕਿ ਇਹ ਹਥਿਆਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਰਤੇ ਜਾਣੇ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿਮਰਜੀਤ ਬੈਂਸ 'ਤੇ ਇਕ ਹੋਰ ਜਨਾਨੀ ਨੇ ਲਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਜਾਣੋ ਪੂਰਾ ਮਾਮਲਾ

ਉਨ੍ਹਾਂ ਦੱਸਿਆ ਕਿ ਜਗਜੀਤ ਸਿੰਘ ਉਰਫ਼ ਜੱਗੂ (25) ਵਾਸੀ ਪੂਰੀਆਂ ਕਲਾਂ ਥਾਣਾ ਸਦਰ ਬਟਾਲਾ ਨੂੰ ਵੀਰਵਾਰ ਰਾਤ ਪੰਜਾਬ ਇੰਟਰਨਲ ਸਕਿਓਰਿਟੀ ਵਿੰਗ ਐੱਸ. ਐੱਸ. ਓ. ਸੀ. ਅੰਮ੍ਰਿਤਸਰ ਦੀ ਟੀਮ ਨੇ ਕੱਥੂਨੰਗਲ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਇਕ ਇੰਟੈਲੀਜੈਂਸ ਇਨਪੁੱਟ ਦੇ ਆਧਾਰ ’ਤੇ ਐੱਸ. ਐੱਸ. ਓ. ਸੀ. ਅੰਮ੍ਰਿਤਸਰ ਨੇ ਕੱਥੂਨੰਗਲ ਨੇੜੇ ਅੰਮ੍ਰਿਤਸਰ-ਬਟਾਲਾ ਰੋਡ ’ਤੇ ਇਕ ਨਾਕਾ ਲਾ ਕੇ ਆਈ-20 ਕਾਰ ਨੰਬਰ ਪੀ. ਬੀ.-06-ਏ. ਐੱਨ.-7016 ਨੂੰ ਰੋਕਿਆ। ਪੁਲਸ ਟੀਮ ਨੇ ਕਾਰ ਵਿਚੋਂ 2 ਬੈਗ ਬਰਾਮਦ ਕੀਤੇ, ਜਿਨ੍ਹਾਂ ਵਿਚ ਵੱਖ-ਵੱਖ ਦੇਸ਼ਾਂ ਦੀਆਂ ਬਣੀਆਂ ਅਤੇ ਵੱਖ-ਵੱਖ ਬੋਰ ਵਾਲੀਆਂ 48 ਵਿਦੇਸ਼ੀ ਪਿਸਤੌਲਾਂ ਸਮੇਤ ਮੈਗਜ਼ੀਨ ਅਤੇ ਕਾਰਤੂਸ ਸਨ। ਇਨ੍ਹਾਂ ਵਿਚ 19 ਪਿਸਤੌਲ 9 ਐੱਮ. ਐੱਮ. (ਜਿਗਾਨਾ-ਤੁਰਕੀ ਵਿਚ ਬਣੇ) ਸਮੇਤ 37 ਮੈਗਜ਼ੀਨ ਅਤੇ 45 ਕਾਰਤੂਸ, 9 ਪਿਸਤੌਲ .30 ਬੋਰ (ਚੀਨ ਵਿਚ ਬਣੇ) ਸਮੇਤ 22 ਮੈਗਜ਼ੀਨ, 19 ਪਿਸਟਲ .30 ਬੋਰ (ਸਟਾਰ ਮਾਰਕ) ਸਮੇਤ 38 ਮੈਗਜ਼ੀਨਾਂ ਤੇ 148 ਕਾਰਤੂਸ ਅਤੇ 1 ਪਿਸਟਲ 9 ਐੱਮ.ਐੱਮ. (ਬਰੇਟਾ-ਇਟਾਲੀਅਨ) ਸਮੇਤ 2 ਮੈਗਜ਼ੀਨ ਸ਼ਾਮਲ ਸਨ।

ਇਹ ਵੀ ਪੜ੍ਹੋ : ਕੈਨੇਡਾ 'ਚ ਪੜ੍ਹਾਈ ਦਾ ਸੁਫ਼ਨਾ ਦੇਖ ਰਹੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਜਲਦੀ ਮਿਲੇਗੀ ਵੱਡੀ ਰਾਹਤ

ਡੀ. ਜੀ. ਪੀ. ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਜਗਜੀਤ ਨੂੰ ਇਕ ਪੁਰਾਣੇ ਗੈਂਗਸਟਰ ਅਪਰਾਧੀ ਦਰਮਨਜੋਤ ਸਿੰਘ ਉਰਫ਼ ਦਰਮਨਜੋਤ ਕਾਹਲੋਂ ਨੇ ਹਥਿਆਰਾਂ ਦੀ ਇਹ ਖੇਪ ਇਕੱਠੀ ਕਰਨ ਲਈ ਨਿਰਦੇਸ਼ ਦਿੱਤਾ ਸੀ। ਦਰਮਨਜੋਤ, ਜੋ ਕਿ ਹੁਣ ਯੂ. ਐੱਸ. ਏ. ਵਿਚ ਰਹਿ ਰਿਹਾ ਹੈ, ਜਗਜੀਤ ਸਿੰਘ ਦੇ ਸੰਪਰਕ ਵਿਚ ਸੀ। ਡੀ. ਜੀ. ਪੀ. ਨੇ ਕਿਹਾ ਕਿ ਇਸ ਰੈਕੇਟ ਦੇ ਮਾਸਟਰ ਮਾਈਂਡ ਦਰਮਨਜੋਤ ਨੇ ਜਗਜੀਤ ਨੂੰ ਹਥਿਆਰਾਂ ਦੀ ਖੇਪ ਇਕੱਠੀ ਕਰਨ ਅਤੇ ਲੁਕਾਉਣ ਅਤੇ ਪਿਸਤੌਲਾਂ ਦੀ ਸਪੁਰਦਗੀ ਲਈ ਅਗਲੇਰੇ ਨਿਰਦੇਸ਼ਾਂ ਦਾ ਇੰਤਜ਼ਾਰ ਕਰਨ ਲਈ ਕਿਹਾ ਸੀ। ਦਰਮਨਜੋਤ ਸਿੰਘ ਉਰਫ਼ ਦਰਮਨਜੋਤ ਕਾਹਲੋਂ, ਜੋ ਪੰਜਾਬ ਵਿਚ ਇੱਕ ਭਗੌੜਾ ਐਲਾਨਿਆ ਗਿਆ ਹੈ, ਦੇ ਖੁੱਲ੍ਹੇ ਵਾਰੰਟ ਜਾਰੀ ਕੀਤੇ ਗਏ ਹਨ। ਦਰਮਨਜੋਤ ਸਿੰਘ ਉਰਫ਼ ਦਰਮਨਜੋਤ ਕਾਹਲੋਂ, ਜੋ ਕਿ ਅਸਲ ਵਿਚ ਪਿੰਡ ਤਲਵੰਡੀ ਖੁੰਮਣ, ਥਾਣਾ ਕਥੂਨੰਗਲ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਗ੍ਰਿਫ਼ਤਾਰੀ ਤੋਂ ਬਚਣ ਲਈ ਸਾਲ 2017 ਵਿਚ ਯੂ. ਐੱਸ. ਏ. ਫ਼ਰਾਰ ਹੋਣ ਤੋਂ ਪਹਿਲਾਂ ਪੰਜਾਬ ਵਿਚ ਹੋਈਆਂ ਕਈ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਝੱਖੜ ਕਾਰਨ ਟੁੱਟੇ ਖੰਭੇ ਤੇ ਟਰਾਂਸਫਾਰਮਰ, ਦੇਖੋ ਤਬਾਹੀ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ

ਉਸ ਨੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਮੰਨੂ ਨੂੰ 2017 ਵਿਚ ਪੁਲਸ ਹਿਰਾਸਤ ਚੋਂ ਫ਼ਰਾਰ ਹੋਣ ਵਿਚ ਵੀ ਸਹਾਇਤਾ ਕੀਤੀ ਸੀ। ਦੱਸਣਯੋਗ ਹੈ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਸ ਐਸਕਾਰਟ ਪਾਰਟੀ ’ਤੇ ਹਮਲਾ ਕਰ ਦਿੱਤਾ ਅਤੇ ਹਰਵਿੰਦਰ ਸਿੰਘ ਉਰਫ਼ ਮੰਨੂ ਨੂੰ ਭਜਾਉਣ ਵਿਚ ਕਾਮਯਾਬ ਹੋ ਗਿਆ ਸੀ। ਇਸ ਸਬੰਧੀ 12 ਜੂਨ 2017 ਨੂੰ ਥਾਣਾ ਸਿਵਲ ਲਾਈਨ ਬਟਾਲਾ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਅਤੇ ਦਰਮਨਜੋਤ ਨੂੰ ਜਨਵਰੀ 2020 ਵਿਚ ਬਟਾਲਾ ਦੀ ਅਦਾਲਤ ਨੇ ਭਗੌੜਾ (ਪੀ. ਓ.) ਐਲਾਨਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News