ਮੋਗਾ ’ਚ ਵੱਡੀ ਗਿਣਤੀ ਲੋਕਾਂ ਨੇ ਪੁਲਸ ਖ਼ਿਲਾਫ਼ ਲਗਾਇਆ ਧਰਨਾ, ਜਾਣੋ ਕੀ ਹੈ ਪੂਰਾ ਮਾਮਲਾ
Monday, Apr 25, 2022 - 02:23 PM (IST)
ਮੋਗਾ (ਗੋਪੀ ਰਾਓਕੇ) : ਮੋਗਾ ਪੁਲਸ ’ਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦਾ ਦੋਸ਼ ਲਗਾਉਂਦੇ ਹੋਏ ਅੱਜ ਵੱਡੀ ਗਿਣਤੀ ਲੋਕਾਂ ਨੇ ਪੁਲਸ ਖ਼ਿਲਾਫ਼ ਧਰਨਾ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਮੋਗਾ ਪੁਲਸ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਪੁਲਸ ਚਿੱਟਾ ਵੇਚਣ ਵਾਲਿਆਂ ਦਾ ਸਾਥ ਦੇ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਇਕ ਦੁਕਾਨਦਾਰ ਨੇ ਦੋਸ਼ ਲਾਏ ਸੀ ਕਿ ਕੁਝ ਨੌਜਵਾਨ ਉਨ੍ਹਾਂ ਦੇ ਮੁਹੱਲੇ ਵਿੱਚ ਚਿੱਟਾ ਵੇਚਦੇ ਹਨ ਅਤੇ ਮੋਟਰਸਾਈਕਲ ਉਨ੍ਹਾਂ ਦੀ ਦੁਕਾਨ ਅੱਗੇ ਖੜ੍ਹੇ ਕਰਦੇ ਹਨ। ਇਸ ਦੌਰਾਨ ਜਦੋਂ ਨੌਜਵਾਨਾਂ ਨੂੰ ਮੋਟਰਸਾਈਕਲ ਦੁਕਾਨ ਅੱਗੇ ਖੜ੍ਹੇ ਕਰਨ ਤੋਂ ਰੋਕਿਆ ਤਾਂ ਬੀਤੇ ਕੱਲ੍ਹ ਕਈ ਅਣਪਛਾਤਿਆਂ ਵੱਲੋਂ ਦੁਕਾਨਦਾਰ ਦੀ ਕੁੱਟਮਾਰ ਵੀ ਕੀਤੀ ਗਈ। ਕੁੱਟਮਾਰ ਦੀ ਇਹ ਘਟਨਾ ਸੀ. ਸੀ. ਟੀ. ਵੀ. ਵਿਚ ਵੀ ਕੈਦ ਹੋ ਗਈ ਸੀ।
ਦੁਕਾਨਦਾਰ ਵੱਲੋਂ ਪੁਲਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਪੁਲਸ ਨੇ ਉਲਟਾ ਦੁਕਾਨਦਾਰ ’ਤੇ ਹੀ ਪਰਚਾ ਦਰਜ ਕਰ ਲਿਆ ਜਿਸ ਦੇ ਰੋਸ ਵਜੋਂ ਅੱਜ ਮੁਹੱਲਾ ਵਾਸੀਆਂ ਨੇ ਧਰਨਾ ਲਗਾ ਦਿੱਤਾ । ਉਨ੍ਹਾਂ ਨੇ ਮੋਗਾ ਪੁਲਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਇਨ੍ਹਾਂ ਚਿੱਟਾ ਵੇਚਣ ਵਾਲੇ ਤਸਕਰਾਂ ਦੇ ਨਾਲ ਮਿਲੀ ਹੋਈ ਹੈ ਅਤੇ ਉਨ੍ਹਾਂ ਤੋਂ ਮਹੀਨਾ ਵੀ ਲੈਂਦੀ ਹੈ, ਇਹੀ ਕਾਰਣ ਹੈ ਕਿ ਅੱਜ ਸ਼ਿਕਾਇਤਕਰਤਾ ’ਤੇ ਹੀ ਪਰਚਾ ਦਿੱਤਾ ਗਿਆ ਤੇ ਨਸ਼ਾ ਵੇਚਣ ਵਾਲਿਆਂ ਨੂੰ ਕੁਝ ਵੀ ਨਹੀਂ ਕਿਹਾ।
ਦੂਜੇ ਪਾਸੇ ਮੌਕੇ ’ਤੇ ਪਹੁੰਚੇ ਥਾਣਾ ਸਿਟੀ ਸਾਊਥ ਦੇ ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਨਾਮ ਦੇ ਇਕ ਵਿਅਕਤੀ ਵੱਲੋਂ ਸਾਨੂੰ ਸ਼ਿਕਾਇਤ ਆਈ ਸੀ ਕਿ ਚਾਰ ਪੰਜ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ, ਜਿਸ ਦੇ ਚੱਲਦਿਆਂ ਇਹ ਮਾਮਲਾ ਦਰਜ ਕੀਤਾ ਗਿਆ ਹੈ । ਥਾਣਾ ਮੁਖੀ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਵੱਲੋਂ ਜਦ ਵੀ ਸਾਨੂੰ ਚਿੱਟਾ ਵੇਚਣ ਬਾਰੇ ਇਤਲਾਹ ਦਿੱਤੀ ਗਈ, ਉਦੋਂ ਉਦੋਂ ਪੁਲਸ ਪਾਰਟੀ ਨਾਲ ਅਸੀਂ ਰੇਡ ਕੀਤੀ ਪਰ ਕੁਝ ਵੀ ਹਾਸਲ ਨਹੀਂ ਹੋਇਆ।